‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਰੇਲ ਸੇਵਾ 23 ਨਵੰਬਰ ਸ਼ਾਮ ਤੋਂ ਮੁੜ ਸ਼ੁਰੂ ਹੋਣ ਜਾ ਰਹੀ ਹੈ। ਸ਼ੁਰੂ ਹੋਣ ਵਾਲੀਆਂ ਰੇਲਾਂ ਦੀ ਲਿਸਟ ਰੇਲ ਵਿਭਾਗ ਨੇ ਜਾਰੀ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਸ਼ੁਰੂਆਤ ਵਿੱਚ 17 ਰੇਲਾਂ ਨੂੰ ਚੱਲਣ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਰੇਲਾਂ ਨੂੰ ਵੀ ਜਲਦ ਸ਼ੁਰੂ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਮਾਲ ਗੱਡੀਆਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਯਾਤਰੀ ਰੇਲਾਂ ਸ਼ੁਰੂ ਕੀਤੀਆਂ ਜਾਣਗੀਆਂ।

ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ‘ਕਿਸਾਨ ਯੂਨੀਅਨਾਂ ਵੱਲੋਂ ਪੰਜਾਬ ਵਿੱਚ ਰੇਲ ਮਾਰਗਾਂ ਅਤੇ ਰੇਲਵੇ ਸਟੇਸ਼ਨਾਂ ’ਤੇ ਲਾਏ ਧਰਨਿਆਂ ਨੂੰ 23 ਨਵੰਬਰ ਤੋਂ ਚੁੱਕਣ ਮਗਰੋਂ ਭਾਰਤੀ ਰੇਲਵੇ ਪੰਜਾਬ ਵਿੱਚ ਰੇਲ ਸੇਵਾਵਾਂ ਸ਼ੁਰੂ ਕਰਨ ਜਾ ਰਿਹਾ ਹੈ। ਰੇਲ ਆਵਾਜਾਈ ਦੇ ਸ਼ੁਰੂ ਹੋਣ ਨਾਲ ਮੁਸਾਫ਼ਰਾਂ, ਕਿਸਾਨਾਂ ਤੇ ਸਨਅਤਾਂ ਨੂੰ ਫਾਇਦਾ ਹੋਵੇਗਾ।’

ਰੇਲਵੇ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿੱਚ 17 ਰੇਲਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ 8 ਰੇਲਾਂ ਪੰਜਾਬ ਵਿੱਚ ਜਾਣਗੀਆਂ ਅਤੇ 9 ਰੇਲਾਂ ਪੰਜਾਬ ਤੋਂ ਹੋ ਕੇ ਜੰਮੂ ਅਤੇ ਕਟਰਾ ਤੱਕ ਜਾਣਗੀਆਂ। ਫ਼ਿਲਹਾਲ ਰੇਲ ਦੀ ਸਪੀਡ 60 ਕਿਲੋਮੀਟਰ ਰਹੇਗੀ, ਬਾਅਦ ਵਿੱਚ ਇਸ ਨੂੰ ਵਧਾਇਆ ਜਾਵੇਗਾ।

ਪੰਜਾਬ ਵਿੱਚ ਅੱਜ ਹੀ ਰੇਲ ਸੇਵਾਵਾਂ ਬਹਾਲ ਹੋਣਗੀਆਂ। ਫਿਰੋਜ਼ਪੁਰ ਡਿਵੀਜ਼ਨ ਦੇ DRM ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਦੋ ਮਾਲ ਗੱਡੀਆਂ ਚਲਾ ਦਿੱਤੀਆਂ ਜਿਨ੍ਹਾਂ ਵਿੱਚੋਂ ਇੱਕ ਲੋਡ ਕੀਤੀ ਹੋਈ ਹੈ ਅਤੇ ਇੱਕ ਖਾਲੀ ਹੈ। ਜਲੰਧਰ ਤੋਂ ਦਿੱਲੀ ਲਈ ਅਤੇ ਜੰਮੂ ਤੋਂ ਅੰਬਾਲਾ ਤੱਕ ਮਾਲਗੱਡੀ ਚੱਲੇਗੀ। ਕੱਲ੍ਹ ਤੋਂ ਯਾਤਰੀ ਰੇਲਾਂ ਬਹਾਲ ਹੋਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ।

ਤਲਵੰਡੀ ਸਾਬੋ ਦੇ ਰਾਮਾਂ ਮੰਡੀ ਰੇਲਵੇ ਸਟੇਸ਼ਨ ‘ਤੇ ਮਾਲ ਗੱਡੀ ਲੋਡ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਮਾਲ ਗੱਡੀ ਜ਼ੀਰੀ ਨਾਲ ਭਰ ਕੇ ਰਾਜਸਥਾਨ ਨੂੰ ਜਾਵੇਗੀ। ਹੁਸ਼ਿਆਰਪੁਰ, ਅੰਮ੍ਰਿਤਸਰ, ਮੋਗਾ, ਫਰੀਦਕੋਟ ਵਿੱਚ ਰੇਲ ਚਲਾਉਣ ਨੂੰ ਹਰੀ ਝੰਡੀ ਦਿੱਤੀ ਗਈ ਹੈ ਅਤੇ ਰੇਲ ਗੱਡੀਆਂ ਨੂੰ ਚਲਾਉਣ ਤੋਂ ਪਹਿਲਾਂ ਰੇਲਵੇ ਵਿਭਾਗ ਵੱਲੋਂ ਟ੍ਰਾਇਲ ਲਿਆ ਜਾ ਰਿਹਾ ਹੈ।

ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ 21 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਮਗਰੋਂ 23 ਨਵੰਬਰ ਤੋਂ ਅਗਲੇ 15 ਦਿਨਾਂ ਲਈ ਪੰਜਾਬ ਵਿੱਚ ਮਾਲ ਗੱਡੀਆਂ ਦੇ ਨਾਲ ਮੁਸਾਫ਼ਰ ਗੱਡੀਆਂ ਨੂੰ ਲਾਂਘਾ ਦੇਣ ਦਾ ਐਲਾਨ ਕੀਤਾ ਸੀ। ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਜੇਕਰ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਬਾਰੇ ਆਪਣਾ ਨਜ਼ਰੀਆ ਨਾ ਬਦਲਿਆ ਤਾਂ ਉਹ 10 ਦਸੰਬਰ ਤੋਂ ਮੁੜ ਰੇਲ ਮਾਰਗਾਂ ’ਤੇ ਧਰਨੇ ਲਾਉਣ ਲਈ ਮਜਬੂਰ ਹੋਣਗੇ।

Leave a Reply

Your email address will not be published. Required fields are marked *