India Punjab

“ਤੁਸੀਂ ਟ੍ਰੈਕ ਖਾਲੀ ਕਰਵਾਓ, ਅਸੀਂ ਰੇਲਾਂ ਚਲਾਉਣ ਲਈ ਤਿਆਰ ਹਾਂ”, ਰੇਲਵੇ ਮੰਤਰੀ ਦਾ ਪੰਜਾਬ ਸਰਕਾਰ ਨੂੰ ਜਵਾਬ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ): ਪੰਜਾਬ ‘ਚ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਰੇਲਵੇ ਲਾਈਨਾਂ ਰੋਕਣ ਦੇ ਸੰਬੰਧ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਨੂੰ ਪੱਤਰ ਲਿਖਕੇ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਸੀ।

ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਪੰਜਾਬ ਸਰਕਾਰ ਨੂੰ ਜਵਾਬ ਦਿੰਦਿਆ ਕਿਹਾ ਕਿ “ਤੁਸੀਂ ਟ੍ਰੈਕ ਖਾਲੀ ਕਰਵਾਓ, ਅਸੀਂ ਰੇਲਾਂ ਚਲਾਉਣ ਲਈ ਤਿਆਰ ਹਾਂ”। ਪਿਊਸ਼ ਗੋਇਲ ਨੇ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਦਾ ਖਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਰੇਲਵੇ ਦੀ ਸੁਰੱਖਿਆ ਯਕੀਨੀ ਬਣਾਵੇ, ਫਿਰ ਹੀ ਰੇਲਾਂ ਚਲਾਈਆਂ ਜਾ ਸਕਦੀਆਂ ਹਨ।

 

ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਸੁਨੀਲ ਜਾਖੜ ਦਾ ਜਵਾਬ:

ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪਿਊਸ਼ ਗੋਇਲ ਨੂੰ ਜਵਾਬ ਦਿੰਦਿਆ ਕਿਹਾ ਕਿ ਪੰਜਾਬ ਸਰਕਾਰ ਰੇਲਵੇ ਦੀ ਹਰ ਸੁਰੱਖਿਆ ਕਰਨ ਲਈ ਤਿਆਰ ਹੈ ਅਤੇ ਕਰ ਵੀ ਰਹੀ ਹੈ। ਉਹਨਾਂ ਕੇਂਦਰ ‘ਤੇ ਸਵਾਲ ਚੁੱਕਦਿਆਂ ਕਿਹਾ ਕਿ “ਪੰਜਾਬ ਦੀ ਸੁਰੱਖਿਆ ਕੌਣ ਕਰੇਗਾ, ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਦੀ ਸੁਰੱਖਿਆ ਕੌਣ ਕਰੇਗਾ। ਕੇਂਦਰ ਨੇ ਪਹਿਲਾਂ ਸਾਡੀ GST ਰੋਕੀ ਅਤੇ ਹੁਣ ਰੇਲਾਂ ਰੋਕੀਆਂ ਜਾ ਰਹੀਆਂ ਹਨ। ਪੰਜਾਬ ਦਾ ਬਲੌਕੇਡ ਕੀਤਾ ਜਾ ਰਿਹਾ ਹੈ। ਕੱਲ੍ਹ ਨੂੰ ਇਹ ਕਹਿਣਗੇ ਕਿ ਪੰਜਾਬ ਦਾ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਵੀ ਦੂਜੇ ਸੂਬਿਆਂ ਨੂੰ ਭੇਜਣਾ ਬੰਦ ਕਰੋ। ਕੇਂਦਰ ਪੰਜਾਬ ਦੀ ਬਾਂਹ ਫੜਨ ਦੀ ਬਜਾਏ ਬਾਂਹ ਮਰੋੜ ਰਹੀ ਹੈ”।

ਹੁਣ ਰੇਲਵੇ ਮੰਤਰੀ ਦੇ ਇਸ ਬਿਆਨ ਨੇ ਰੇਲਾਂ ਬਹਾਲ ਕਰਨ ਦੇ ਮਾਮਲੇ ਨੂੰ ਲੈ ਕੇ ਗੇਂਦ ਫਿਰ ਪੰਜਾਬ ਸਰਕਾਰ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ।