Punjab

ਸਿੱਧੂ ਨਿੱਤਰੇ ਮੈਦਾਨ ਵਿੱਚ, ਕੱਲ੍ਹ ਨੂੰ ਕਰਨਗੇ ਕਿਸਾਨਾਂ ਦੇ ਹੱਕ ‘ਚ ਰੋਸ ਮਾਰਚ

‘ਦ ਖ਼ਾਲਸ ਬਿਊਰੋ:- ਪੰਜਾਬ ਕਾਂਗਰਸ ਦੇ ਸੀਨੀਅਰ ਕਾਂਗਰਸੀ ਲੀਡਰ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਦੇ ਹੱਕ ਵਿੱਚ ਸੜਕਾਂ ‘ਤੇ ਉੱਤਰਨ ਦਾ ਐਲਾਨ ਕੀਤਾ ਹੈ।  ਨਵਜੋਤ ਸਿੰਘ ਸਿੱਧੂ ਕੱਲ੍ਹ ਕਿਸਾਨਾਂ ਦੇ ਹੱਕ ਵਿੱਚ ਅੰਮ੍ਰਿਤਸਰ ਵਿੱਚ ਰੋਸ ਮਾਰਚ ਕਰਨਗੇ।  ਅੰਮ੍ਰਿਤਸਰ ਵਿੱਚ ਭੰਡਾਰੀ ਪੁਲ ਤੋਂ ਲੈ ਕੇ ਹਾਲ ਬਜ਼ਾਰ ਤੱਕ ਇਹ ਰੋਸ ਮਾਰਚ ਕੱਢਿਆ ਜਾਵੇਗਾ।

ਸਿੱਧੂ ਨੇ ਕਿਸਾਨਾਂ ਦੇ ਹੱਕ ‘ਚ ਟਵੀਟ ਕਰਕੇ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਨੇ ਕਿਹਾ ਕਿ, ਜਿਨ੍ਹਾਂ ਨੂੰ ਅਸੀਂ ਗਲੇ ਦਾ ਹਾਰ ਸਮਝਿਆ ਹੈ, ਉਹੀ ਹੁਣ ਸਾਡੇ ਗਲੇ ਦਾ ਸੱਪ ਬਣ ਗਏ ਹਨ।

ਇਸ ਤੋਂ ਪਹਿਲਾਂ ਵੀ ਸਿੱਧੂ ਨੇ ਕਈ ਟਵੀਟ ਕੀਤੇ ਸਨ।  ਨਵਜੋਤ ਸਿੰਘ ਸਿੱਧੂ ਨੇ ਸ਼ਾਇਰੀ ਨਾਲ ਕੇਂਦਰ ਸਰਕਾਰ ‘ਤੇ ਨਿਸ਼ਾਨਾ ਲਾਇਆ ਸੀ।  ਸਿੱਧੂ ਨੇ ਪੰਜਾਬੀ ਭਾਸ਼ਾ ਵਿੱਚ ਟਵੀਟ ਕੀਤਾ ਸੀ ਕਿ  , ‘ਖੇਤੀਬਾੜੀ ਪੰਜਾਬ ਦੀ ਰੂਹ ਹੈ। ਸਰੀਰ ਦੇ ਜ਼ਖਮ ਨੂੰ ਠੀਕ ਕੀਤਾ ਜਾ ਸਕਦਾ ਹੈ, ਪਰ ਆਤਮਾ ਦੇ ਜ਼ਖ਼ਮ ਬਰਦਾਸ਼ਤ ਨਹੀਂ ਹੋਣਗੇ। ਮਾਫ਼ ਨਹੀਂ ਕੀਤਾ ਜਾਵੇਗਾ। ਯੁੱਧ ਦਾ ਬਿਗੁਲ ਬੋਲਦਾ ਹੈ। ਇਨਕਲਾਬ ਜ਼ਿੰਦਾਬਾਦ … ‘

ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਉਹ ਟਵਿੱਟਰ ‘ਤੇ ਚੁੱਪ ਸਨ। ਦੋ ਦਿਨ ਪਹਿਲਾਂ ਪੰਜਾਬੀ ਵਿੱਚ ਕੀਤੇ ਟਵੀਟ ‘ਤੇ ਨਵਜੋਤ ਸਿੰਘ ਸਿੱਧੂ ਨੇ ਲਿਖਿਆ ਸੀ ਕਿ “ਪੰਜਾਬ ਦੀ ਆਤਮਾ ਸਰੀਰ ਦੇ ਜ਼ਖਮਾਂ ਨੂੰ ਚੰਗਾ ਕਰਦੀ ਹੈ ਪਰ ਆਤਮਾ ਦੀ ਨਹੀਂ। ਸਾਡੀ ਹੋਂਦ ਤੇ ਹਮਲਾ ਕਰਨਾ ਬਰਦਾਸ਼ਤ ਨਾ ਕਰੋ, ਸ਼ਬਦਾਂ ਦੀ ਲੜਾਈ ਬੋਲਦੀ ਹੈ – ਇਨਕਲਾਬ ਜ਼ਿੰਦਾਬਾਦ। ਪੰਜਾਬ, ਪੰਜਾਬੀਅਤ ਅਤੇ ਹਰ ਪੰਜਾਬੀ ਕਿਸਾਨ ਦੇ ਨਾਲ”।

ਸਿੱਧੂ ਨੇ ਫਿਰ ਇੱਕ ਹੋਰ ਟਵੀਟ ਕੀਤਾ ਸੀ, ਜਿਸ ਵਿੱਚ ਲਿਖਿਆ ਸੀ ਕਿ, “ਸਰਕਾਰਾਂ ਸਾਰੀ ਉਮਰ ਭੁੱਲਦੀਆਂ ਰਹੀਆਂ ਹਨ, ਸ਼ੀਸ਼ਾ ਸਾਫ਼ ਕਰਦਿਆਂ ਉਨ੍ਹਾਂ ਦੇ ਚਿਹਰੇ ਉੱਤੇ ਧੂੜ ਸੀ।”  ਸਿੱਧੂ ਦਾ ਇਹ ਟਵੀਟ ਅਜਿਹੇ ਸਮੇਂ ਆਇਆ ਜਦੋਂ ਰਾਜ ਦੇ ਕਿਸਾਨਾਂ ਦੇ ਮੁੱਦੇ ‘ਤੇ ਸਿਆਸਤ ਜ਼ੋਰਾਂ-ਸ਼ੋਰਾਂ ਨਾਲ ਕੀਤੀ ਜਾ ਰਹੀ ਹੈ।