India Punjab

ਅੱਜ ਵਿਧਾਇਕ ਦਲ ਵਿੱਚ ਬਚ ਸਕੇਗੀ ਕੈਪਟਨ ਦੀ ਕੁਰਸੀ ?

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕਾਂਗਰਸ ਪਾਰਟੀ ਹਾਈ ਕਮਾਂਡ ਨੇ ਬੀਤੀ ਅੱਧੀ ਰਾਤ ਨੂੰ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾਉਣ ਦਾ ਐਲਾਨ ਕੀਤਾ ਹੈ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਖੁਦ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਹ ਮੀਟਿੰਗ ਅੱਜ ਸ਼ਾਮ ਨੂੰ 5 ਵਜੇ ਪੰਜਾਬ ਕਾਂਗਰਸ ਭਵਨ, ਚੰਡੀਗੜ੍ਹ ਵਿੱਚ ਰੱਖੀ ਗਈ ਹੈ। ਪਾਰਟੀ ਸੂਤਰਾਂ ਦੇ ਮੁਤਾਬਕ ਬਾਗੀ ਧੜਾ ਮੁੱਖ ਮੰਤਰੀ ਦੇ ਖਿਲਾਫ ਅਵਿਸ਼ਵਾਸ ਮਤਾ ਲਿਆ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਥੀ ਵਿਧਾਇਕਾਂ ਦੀ ਮੀਟਿੰਗ ਵੀ ਆਪਣੇ ਸਿਸਵਾਂ ਫਾਰਮ ਹਾਊਸ ਵਿਖੇ ਬੁਲਾਈ ਹੈ ਪਰ ਹਾਈਕਮਾਨ ਨੇ CLP ਬੈਠਕ ਤੋਂ ਪਹਿਲਾਂ ਕੋਈ ਵੀ ਮੀਟਿੰਗ ਨਾ ਕਰਨ ਦਾ ਨਿਰਦੇਸ਼ ਦਿੱਤੇ ਹਨ।

ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਨੇ ਵੀ ਵਿਧਾਇਕਾਂ ਨੂੰ ਸਲਾਹ ਦਿੱਤੀ ਹੈ। ਮੁਸਤਫਾ ਨੇ ਦੋ ਵੱਖ-ਵੱਖ ਟਵੀਟ ਕੀਤੇ ਹਨ। ਉਨ੍ਹਾਂ ਟਵੀਟ ਕਰਕੇ ਕਿਹਾ ਹੈ ਕਿ ਕਾਂਗਰਸ ਨੂੰ ਸਾਢੇ ਚਾਰ ਸਾਲਾਂ ਬਾਅਦ ਕਾਂਗਰਸ ਦਾ ਮੁੱਖ ਮੰਤਰੀ ਚੁਣਨ ਦਾ ਮੌਕਾ ਮਿਲਿਆ ਹੈ। ਅੱਜ ਕਾਂਗਰਸ ਦੇ 79/80 ਵਿਧਾਇਕਾਂ ਲਈ ਮੁਕਤ ਹੋਣ ਦਾ ਸਮਾਂ ਹੈ ਤੇ ਇਹ ਸਮਾਂ ਪਾਰਟੀ ਦੀ ਸ਼ਾਨ ਬਹਾਲ ਦੇ ਮੌਕੇ ਦਾ ਹੈ। ਇਹ ਮੌਕਾ ਦੇਣ ਲਈ ਪਾਰਟੀ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ।


ਮੁਸਤਫ਼ਾ ਨੇ ਕਿਹਾ ਕਿ 2017 ਵਿੱਚ ਪੰਜਾਬ ਨੇ ਕਾਂਗਰਸ ਨੂੰ 80 ਵਿਧਾਇਕ ਦਿੱਤੇ। ਕੱਟੜ ਕਾਂਗਰਸੀਆਂ ਨੂੰ ਹਾਲੇ ਤੱਕ ਕਾਂਗਰਸੀ ਮੁੱਖ ਮੰਤਰੀ ਨਹੀਂ ਮਿਲਿਆ। ਇਹ ਸਮਾਂ ਹੈ ਕਿ ਲੰਬੇ ਸਮੇਂ ਤੋਂ ਸਾਢੇ ਚਾਰ ਸਾਲ ਦੀ ਉਡੀਕ ਤੋਂ ਬਾਅਦ ਹੁਣ ਅਜਿਹਾ ਮੁੱਖ ਮੰਤਰੀ ਚੁਣਨ ਦਾ ਸਮਾਂ ਆਇਆ ਹੈ ਤੇ ਕਾਂਗਰਸ ਮੁੜ ਚੁਣੀ ਜਾਵੇ ਤੇ ਪੰਜ ਸਾਲ ਲਈ ਪਾਰਟੀ ਦਾ ਅਜਿਹਾ ਮੁੱਖ ਮੰਤਰੀ ਹੋਵੇ, ਜੋ ਪੰਜਾਬ ਤੇ ਪੰਜਾਬੀਆਂ ਦੇ ਦਰਦ ਨੂੰ ਸਮਝਦਾ ਹੋਵੇ। 

ਆਮ ਤੌਰ ’ਤੇ ਕਾਂਗਰਸ ਵਿੱਚ ਇਹ ਰਵਾਇਤ ਰਹੀ ਹੈ ਕਿ ਜੇਕਰ ਅਜਿਹੇ ਹਾਲਾਤ ਬਣਦੇ ਹਨ ਤਾਂ ਫਿਰ ਇੱਕ ਲਾਈਨ ਦਾ ਮਤਾ ਮੀਟਿੰਗ ਵਿੱਚ ਅਪਣਾਇਆ ਜਾਂਦਾ ਹੈ, ਜਿਸ ਵਿੱਚ ਸਾਰੇ ਅਧਿਕਾਰ ਪਾਰਟੀ ਦੇ ਕੌਮੀ ਪ੍ਰਧਾਨ ਨੂੰ ਸੌਂਪ ਦਿੱਤੇ ਜਾਂਦੇ ਹਨ। ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਦਿੱਲੀ ਤੋਂ ਪਾਰਟੀ ਦੇ ਦੋ ਆਬਜ਼ਰਵਰ ਹਰੀਸ਼ ਚੌਧਰੀ ਅਤੇ ਅਜੇ ਮਾਕਨ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੀ ਮੀਟਿੰਗ ਵਿੱਚ ਮੌਜੂਦ ਰਹਿਣਗੇ। 

ਕਾਂਗਰਸ ਵਿਧਾਇਕ ਦਲ ਦੀ ਇਸ ਬੈਠਕ ਦਾ ਏਜੰਡਾ ਜਨਤਕ ਨਹੀਂ ਕੀਤਾ ਗਿਆ ਹੈ, ਪਰ ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਇਹ ਮੀਟਿੰਗ ਪੰਜਾਬ ਕਾਂਗਰਸ ਦੇ 40 ਵਿਧਾਇਕਾਂ ਵੱਲੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖਣ ਦੇ ਇੱਕ ਦਿਨ ਬਾਅਦ ਬੁਲਾਈ ਗਈ ਹੈ। ਪੱਤਰ ਵਿੱਚ ਇਨ੍ਹਾਂ ਵਿਧਾਇਕਾਂ ਨੇ 2022 ਦੇ ਸ਼ੁਰੂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਤਿਆਰ ਕਰਨ ਲਈ ਸੀਐੱਲਪੀ ਦੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਸੀ। ਵਿਧਾਇਕਾਂ ਨੇ ਪਾਰਟੀ ਪ੍ਰਧਾਨ ਨੂੰ ਚਿੱਠੀ ਰਾਹੀਂ ਇਹ ਵੀ ਸੂਚਿਤ ਕੀਤਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਗਏ ਪਾਰਟੀ ਹਾਈਕਮਾਂਡ ਦੇ 18 ਨੁਕਾਤੀ ਏਜੰਡੇ ‘ਤੇ ਚਰਚਾ ਕਰਨਗੇ।