Punjab

ਹੁਣ ਚੁੱਪ ਕਿਉਂ ! ਤੁਸੀਂ ਵੀ ਪੁੱਛੋਗੇ ਇਹਨਾਂ ਨੂੰ ?

ਮੱਤੇਵਾੜਾ ਦੇ ਜੰਗਲ ਨੂੰ ਬਚਾਉਣ ਦੇ ਲਈ ਸੋਸ਼ਲ ਮੀਡੀਆ ਤੇ ਮੁਹਿੰਮ ਚੱਲ ਰਹੀ ਹੈ ਹੁਣ ਚੁੱਪ ਕਿਉਂ ?

‘ਦ ਖ਼ਾਲਸ ਬਿਊਰੋ : ਲੁਧਿਆਣਾ ਦੇ ਮੱਤੇਵਾੜਾ ਜੰਗਲ ਨੂੰ ਬਚਾਉਣ ਦੀ ਮੁਹਿੰਮ ਤੇਜ਼ ਹੋ ਗਈ ਹੈ, ਇਸ ਮੁਹਿੰਮ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਐਲਾਨ ਤੋਂ ਬਾਅਦ ਰਫ਼ਤਾਰ ਫੜੀ ਹੈ। ਜਦੋਂ ਪੰਜਾਬ ਵਿਧਾਨ ਸਭਾ ਦੇ ਅੰਦਰ ਸੀਐੱਮ ਮਾਨ ਨੇ ਇੱਥੇ ਟੈਕਸਟਾਈਲ ਪਾਰਕ ਲਗਾਉਣ ਲਈ ਜ਼ਮੀਨ ਦੇਣ ਫੈਸਲਾ ਸੁਣਾਇਆ ਸੀ, ਜਿਸ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ।

ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਸਰਕਾਰ ਨੂੰ ਵਾਤਾਵਰਣ ਦਾ ਵਾਸਤਾ ਦਿੰਦੇ ਹੋਏ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਸੀ। ਮੱਤੇਵਾੜਾ ਜੰਗਲ ਨੂੰ ਬਚਾਉਣ ਦੀ ਮੁਹਿੰਮ ਨਾਲ ਜੁੜੇ ਰਹੇ ਸਪੀਕਰ ਕੁਲਤਾਰ ਸੰਧਵਾਂ ਨੇ ਵੀ ਮੁੱਖ ਮੰਤਰੀ ਦਾ ਇਸ ‘ਤੇ ਧਿਆਨ ਦਿਵਾਇਆ ਸੀ, ਜਿਸ ਤੋਂ ਬਾਅਦ ਸੀਐੱਮ ਭਗਵੰਤ ਮਾਨ ਨੇ ਭਰੋਸਾ ਦਿੱਤਾ ਸੀ ਕੀ ਅਜਿਹੀ ਕੋਈ ਵੀ ਸਨਅਤ ਨਹੀਂ ਲਗਾਈ ਜਾਵੇਗੀ ਜਿਸ ਨਾਲ ਵਾਤਾਵਰਣ ਨੂੰ ਖ਼ਤਰਾ ਹੋਵੇ, ਪਰ ਵਾਤਾਵਰਣ ਜਥੇਬੰਦੀਆਂ ਨੂੰ ਸਰਕਾਰ ਦੇ ਇਸ ਭਰੋਸੇ ‘ਤੇ ਵਿਸ਼ਵਾਸ਼ ਨਹੀਂ ਹੈ।

ਮੱਤੇਵਾੜਾ ਦੇ ਜੰਗਲ ਨੂੰ ਬਚਾਉਣ ਦੇ ਲਈ ਸੋਸ਼ਲ ਮੀਡੀਆ ‘ਤੇ ਇਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਉਨ੍ਹਾਂ ਵਿਧਾਇਕਾਂ ਅਤੇ ਐੱਮਪੀ ਤੋਂ ਸਵਾਲ ਪੁੱਛਿਆ ਗਿਆ ਹੈ ਜਿੰਨਾਂ ਨੇ ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਮੱਤੇਵਾੜਾ ਦੇ ਜੰਗਲ ਨੂੰ ਬਚਾਉਣ ਦੇ ਲਈ ਧਰਨੇ ਲਾਏ ਸਨ, ਉਨ੍ਹਾਂ ਦੀ ਤਸਵੀਰ ਦੇ ਨਾਲ ਸਵਾਲ ਪੁੱਛਿਆ ਗਿਆ ਹੈ ਕਿ ਹੁਣ ਚੁੱਪ ਕਿਉ ?

ਇੰਨਾਂ ਆਗੂਆਂ ਨੂੰ ਸਵਾਲ ਪੁੱਛੇ ਗਏ

ਆਪ ਦੀ ਦੂਜੀ ਵਾਰ ਚੁਣੀ ਗਈ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਸੋਸ਼ਲ ਮੀਡੀਆ ‘ਤੇ ਪੋਸਟ ਪਾਕੇ ਕਿਹਾ ਸੀ ਕੀ ‘ਮੱਤੇਵਾੜਾ ਜੰਗਲ ਦੀ ਲੜਾਈ ਸੱਥ ਤੋਂ ਲੈਕੇ ਮੁੱਖ ਮੰਤਰੀ ਦਫ਼ਤਰ ਤੱਕ ਮੈਂ ਲੜ੍ਹਾਂਗੀ’ ਹੁਣ ਉਸੇ ਪੋਸਟ ਦੇ ਜ਼ਰੀਏ ਪੁੱਛਿਆ ਗਿਆ ਹੈ ਅੱਜ ਚੁੱਪ ਕਿਉਂ ?

ਇਸੇ ਤਰ੍ਹਾਂ ਸਪੀਕਰ ਕੁਲਤਾਰ ਸੰਧਵਾਂ ਤੋਂ ਵੀ ਸੋਸ਼ਲ ਮੀਡੀਆ ‘ਤੇ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਕੋਵਿਡ ਦੇ ਸਮੇਂ ਜਦੋਂ ਆਕਸੀਜ਼ਨ ਵਿਕ ਰਹੀ ਸੀ ਤਾਂ ਉਨ੍ਹਾਂ ਨੇ ਪੰਜਾਬ ਦੇ ਸਭ ਤੋਂ ਵੱਡੇ ਜੰਗਲ ਨੂੰ ਬਚਾਉਣ ਦੀ ਅਪੀਲ ਕੀਤੀ ਸੀ ਪਰ ਅੱਜ ਚੁੱਪ ਕਿਉਂ ਨੇ ?

ਪੰਜਾਬ ਦੇ ਸਭ ਤੋਂ ਵੱਡੇ ਵਾਤਾਵਰਣ ਪ੍ਰੇਮੀ ਅਤੇ ਆਮ ਆਦਮੀ ਪਾਰਟੀ ਦੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਵੀ ਇਹ ਹੀ ਸਵਾਲ ਪੁੱਛਿਆ ਗਿਆ ਹੈ ਕਿ ਪੰਜਾਬ ਦਾ ਸਭ ਤੋਂ ਵੱਡਾ ਜੰਗਲ ਉਝਾੜੇ ਜਾਣ ‘ਤੇ ਸੰਤ ਸੀਚੇਵਾਲ ਜੀ ਚੁੱਪ ਕਿਉਂ ਹਨ।

ਟਰੈਕਟਰ ਟੂ ਟਵਿੱਟਰ ਨੇ ਮੱਤੇਵਾੜਾ ਜੰਗਲ ਨੂੰ ਬਚਾਉਣ ਦੀ ਮੁਹਿੰਮ ਸ਼ੁਰੂ ਕਰਦੇ ਹੋਏ ਇੰਨਾਂ ਆਗੂਆਂ ਦੀ ਚੁੱਪੀ ‘ਤੇ ਸਵਾਲ ਪੁੱਛਿਆ ਹੈ ਨਾਲ ਹੀ ਅਪੀਲ ਕੀਤੀ ਹੈ ਕਿ ਪੰਜ ਦਰਿਆਵਾਂ ਤੋਂ ਬਾਅਦ ਪੰਜਾਬ ਦੇ ਪੰਜ ਜੰਗਲਾਂ ਨੂੰ ਵੀ ਖ਼ਤਮ ਕਰਨ ਦੀ ਤਿਆਰੀ ਹੈ ਇਸ ਲਈ ਇੰਨਾਂ ਬਚਾ ਲਓ।