India

ਦਿੱਲੀ ‘ਚ ਤਿੰਨ ਦਿਨਾਂ ਜਲ ਸੈਨਾ ਸੰਮੇਲਨ ਸ਼ੁਰੂ, ਜੰਗੀ ਤਿਆਰੀਆਂ ਤੇ ਮੁਲਕ ਦੀ ਰੱਖਿਆ ‘ਤੇ ਹੋਵੇਗੀ ਚਰਚਾ

‘ਦ ਖ਼ਾਲਸ ਬਿਊਰੋ :- ਦਿੱਲੀ ‘ਚ ਅੱਜ 19 ਅਗਸਤ ਤੋਂ ਭਾਰਤੀ ਜਲ ਸੈਨਾ ਦਾ ਤਿੰਨ ਦਿਨਾ ਸੰਮੇਲਨ ਸ਼ੁਰੂ ਹੋ ਗਿਆ। ਇਸ ਸੰਮੇਲਨ ਦੌਰਾਨ ਜਲ ਸੈਨਾ ਦੇ ਚੋਟੀ ਦੇ ਕਮਾਂਡਰਾਂ ਵੱਲੋਂ ਸਮੁੰਦਰੀ ਸੁਰੱਖਿਆ ਨਾਲ ਜੁੜੀਆਂ ਸਾਹਮਣੇ ਆਉਣ ਵਾਲੀਆਂ ਨਵੀਆਂ ਚੁਣੌਤੀਆਂ ਤੇ ਲੱਦਾਖ ‘ਚ ਚੀਨ ਨਾਲ ਹੋਏ ਟਕਰਾਅ ਬਾਰੇ ਡੂੰਘੀ ਚਰਚਾ ਕੀਤੀ ਗਈ ਹੈ। ਸੰਮੇਲਨ ਦੇ ਉਦਘਾਟਨ ਸਮਾਗਮ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਵੀ ਸੱਦਿਆ ਗਿਆ।

ਇਸ ਸੰਮੇਲਨ ਦਾ ਮੰਤਵ ਭਾਰਤੀ ਜਲ ਸੈਨਾ ਦੀਆਂ ਜੰਗੀ ਤਿਆਰੀਆਂ ਦਾ ਜਾਇਜ਼ਾ ਲੈਣਾ, ਭਾਰਤੀ-ਪ੍ਰਸ਼ਾਂਤ ਖਿੱਤੇ ‘ਚ ਮੁਲਕ ਦੇ ਰੱਖਿਆ ਹਿੱਤਾਂ ‘ਤੇ ਚਰਚਾ ਕਰਨਾ ਹੈ। ਇਸ ਖਿੱਤੇ ‘ਚ ਚੀਨ ਆਪਣੀ ਫ਼ੌਜੀ ਸਮਰੱਥਾ ‘ਚ ਲਗਾਤਾਰ ਵਾਧਾ ਕਰ ਰਿਹਾ ਹੈ। ਚੀਨ ਦੀ ਮੌਜੂਦਗੀ ਹਿੰਦ ਮਹਾਸਾਗਰ ਖੇਤਰ ਵਿੱਚ ਹੈ। ਜਿਸ ਬਾਰੇ ਕਮਾਂਡਰ ਵਿਚਾਰ-ਚਰਚਾ ਵੀ ਕਰਨਗੇ। ਭਾਰਤੀ ਸੈਨਾ ਨੇ ਵੀ ਆਪਣੇ ਜੰਗੀ ਬੇੜੇ ਤੇ ਪਣਡੁੱਬੀਆਂ ਇਨ੍ਹਾਂ ਖੇਤਰਾਂ ਵਿੱਚ ਤਾਇਨਾਤ ਕੀਤੀਆਂ ਹੋਇਆ ਹਨ।

ਭਾਰਤੀ ਜਲ ਸੈਨਾ ਦੇ ਸੀਨੀਅਰ ਕਮਾਂਡਰ ਦੇ ਮੁਤਾਬਿਕ, ‘ਉੱਤਰੀ ਸਰਹੱਦਾਂ ‘ਤੇ ਹਾਲ ਹੀ ਵਿੱਚ ਵਾਪਰੀਆਂ ਘਟਨਾਵਾਂ ਤੇ ਕੋਵਿਡ ਕਾਰਨ ਪੈਦਾ ਹੋਈਆਂ ਚੁਣੌਤੀਆਂ ਦੇ ਮੱਦੇਨਜ਼ਰ ਇਸ ਕਾਨਫ਼ਰੰਸ ਦੀ ਕਾਫ਼ੀ ਮਹੱਤਤਾ ਹੈ। ਕਮਾਂਡਰ ਤਿੰਨਾਂ ਸੈਨਾਵਾਂ ਵਿਚਾਲੇ ਤਾਲਮੇਲ ਤੇ ਜਲ ਸੈਨਾ ਦੀ ਸਮਰੱਥਾ ਵਧਾਉਣ ਲਈ ਪੁਨਰਗਠਨ ‘ਤੇ ਵੀ ਚਰਚਾ ਕਰਨਗੇ। ਜ਼ਿਕਰਯੋਗ ਹੈ ਕਿ ਚੀਨ ਨੇ ਦੱਖਣੀ ਪਾਕਿਸਤਾਨ ਨੇੜਲੀ ਬੰਦਰਗਾਹ ‘ਤੇ ਗਸ਼ਤ ਵਧਾਈ ਹੈ ਤੇ ਅਫ਼ਰੀਕਾ ਵਿੱਚ ਵੀ ਜਲ ਸੈਨਾ ਦਾ ਟਿਕਾਣਾ ਕਾਇਮ ਕੀਤਾ ਹੈ।