Punjab

ਇਸ ਵਾਰ ਕਿਸਾਨਾਂ ਦੀ ਮੰਡੀਆਂ ਵਿੱਚ ਮਦਦ ਕਰੇਗਾ ਵਿਸ਼ੇਸ਼ ਕੂਪਨ, ਇਹ ਹੋਣਗੇ ਫਾਇਦੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਦੀ ਕਣਕਾਂ ਦੀ ਵਾਢੀ ਦਾ ਸਮਾਂ ਆ ਗਿਆ ਹੈ। ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕਣਕਾਂ ਦੀ ਸਰਕਾਰੀ ਖਰੀਦ 10 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਹਿਲਾਂ ਕਣਕਾਂ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੁੰਦੀ ਸੀ। ਇਸ ਵਾਰ ਵੀ ਕਿਸਾਨਾਂ ਨੂੰ ਆੜ੍ਹਤੀਆਂ ਦੇ ਰਾਹੀਂ ਪ੍ਰਤੀ ਟਰਾਲੀ ਦੇ ਹਿਸਾਬ ਨਾਲ ਕੂਪਨ ਮੁਹੱਈਆ ਕਰਵਾਏ ਜਾਣਗੇ। ਇਨ੍ਹਾਂ ਕੂਪਨਾਂ ਦੀ ਮਿਆਦ ਇੱਕ ਦਿਨ ਦੀ ਹੋਵੇਗੀ। ਜਾਣਕਾਰੀ ਮੁਤਾਬਕ ਇਸ ਕੂਪਨ ਨੂੰ ਜੇ.ਫਾਰਮ ਕਹਿੰਦੇ ਹਨ ਅਤੇ ਇਸ ਕੂਪਨ ਵਿੱਚ ਕਿਸਾਨ ਦੀ ਜਿਣਸ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੁੰਦੀ ਹੈ। ਇਸ ਵਿੱਚ ਜਿਣਸ ਦੀ ਜਾਣਕਾਰੀ ਬਾਰੇ, ਉਸਦੀ ਖਰੀਦ ਦੇ ਬਾਰੇ, ਕਣਕ ਦੀ ਗਿਣਤੀ ਸਮੇਤ ਹੋਰ ਕਈ ਪ੍ਰਕਾਰ ਦੀ ਜਾਣਕਾਰੀ ਦਿੱਤੀ ਗਈ ਹੁੰਦੀ ਹੈ।

ਪੰਜਾਬ ਸਰਕਾਰ ਨੇ ਕਣਕਾਂ ਦੀ ਖਰੀਦ ਲਈ ਸੂਬੇ ਵਿੱਚ 3972 ਖ਼ਰੀਦ ਕੇਂਦਰ ਬਣਾਏ ਹਨ, ਜਿਨ੍ਹਾਂ ਵਿੱਚ 10 ਅਪ੍ਰੈਲ ਤੋਂ ਸਰਕਾਰੀ ਖਰੀਦ ਸ਼ੁਰੂ ਹੋਵੇਗੀ। ਇਸ ਸਾਲ ਪੰਜਾਬ ਵਿੱਚ 177 ਲੱਖ ਮੀਟਰਿਕ ਟਨ ਕਣਕ ਦੀ ਪੈਦਾਵਾਰ ਹੋਣ ਦਾ ਅਨੁਮਾਨ ਹੈ, ਜਿਸ ਵਿੱਚੋਂ 130 ਲੱਖ ਮੀਟਰਿਕ ਟਨ ਮੰਡੀਆਂ ਵਿੱਚ ਪਹੁੰਚਣ ਦੀ ਸੰਭਾਵਨਾ ਹੈ। ਕਿਸਾਨਾਂ ਨੂੰ ਇਸ ਵਾਰ ਫਿਰ ਆਪਣੀ ਫ਼ਸਲ ਮੰਡੀਆਂ ਵਿੱਚ ਲਿਆਉਣ ਲਈ ਆੜ੍ਹਤੀਆਂ ਰਾਹੀਂ 17.39 ਲੱਖ ਪਾਸ ਜਾਰੀ ਕੀਤੇ ਗਏ ਹਨ।

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਬੋਰਡ ਦੇ ਸਕੱਤਰ ਰਵੀ ਭਗਤ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਕਣਕ ਦੀ ਖ਼ਰੀਦ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਮਗਰੋਂ ਦੱਸਿਆ ਕਿ ਪੰਜਾਬ ਦੀਆਂ 154 ਮਾਰਕੀਟ ਕਮੇਟੀਆਂ ਵਿੱਚ ਕਣਕ ਦੀ ਖ਼ਰੀਦ ਅਤੇ ਵੇਚ ਲਈ ਮੁੱਖ ਦਫ਼ਤਰ ਦੇ ਅਧਿਕਾਰੀਆਂ ਤੋਂ ਇਲਾਵਾ ਲਗਪਗ 5600 ਫੀਲਡ ਸਟਾਫ ਵੱਲੋਂ ਆਪਣੀ ਡਿਊਟੀ ਨਿਭਾਈ ਜਾਵੇਗੀ। ਕਿਸਾਨਾਂ ਨੂੰ ਮੰਡੀਆਂ ਵਿੱਚੋਂ 12 ਘੰਟੇ ਦੇ ਸਮੇਂ ਅੰਦਰ ਹੀ ਵਿਹਲਾ ਕੀਤੇ ਜਾਣ ਦੀ ਕੋਸ਼ਿਸ਼ ਰਹੇਗੀ।

ਚੇਅਰਮੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਡੀਆਂ ਵਿੱਚ ਮੁਕੰਮਲ ਸਫ਼ਾਈ ਅਤੇ ਸਿਹਤ ਸੁਰੱਖਿਆ ਲਈ ਸੋਡੀਅਮ ਹਾਈਪੋਕਲੋਰਾਈਟ ਨਾਲ ਛਿੜਕਾਅ ਕਰਵਾਇਆ ਗਿਆ ਹੈ। ਮੰਡੀਆਂ ਵਿੱਚ ਪੀਣ ਵਾਲੇ ਸਾਫ਼ ਪਾਣੀ, ਪਖਾਨੇ ਅਤੇ ਕਿਸਾਨਾਂ ਲਈ ਛਾਂ ਦੇ ਪ੍ਰਬੰਧ ਕੀਤੇ ਗਏ ਹਨ।