International

ਅਮਰੀਕਾ ‘ਪੇਰਿਸ ਜਲਵਾਯੂ’ ਸਮਝੌਤੇ ਵਿੱਚ ਮੁੜ ਤੋਂ ਹੋਇਆ ਸ਼ਾਮਿਲ

‘ਦ ਖ਼ਾਲਸ ਬਿਊਰੋ :- ਅਮਰੀਕਾ ਅਧਿਕਾਰਤ ਤੌਰ ‘ਤੇ ਪੇਰਿਸ ਜਲਵਾਯੂ ਸਮਝੌਤੇ ਵਿੱਚ ਮੁੜ ਤੋਂ ਸ਼ਾਮਿਲ ਹੋ ਗਿਆ ਹੈ। ਜਲਵਾਯੂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦੇ ਵਿਦੇਸ਼ੀ ਦੂਤ ਜਾੱਨ ਕੈਰੀ ਨੇ ਐਲਾਨ ਕਰਦਿਆਂ ਕਿਹਾ ਕਿ ਅਮਰੀਕਾ ‘ਨਿਮਰਤਾ ਅਤੇ ਇੱਕ ਉਦੇਸ਼’ ਦੇ ਨਾਲ ਫਿਰ ਤੋਂ ਪੇਰਿਸ ਜਲਵਾਯੂ ਸਮਝੌਤੇ ਦਾ ਹਿੱਸਾ ਬਣ ਗਿਆ ਹੈ।

ਅਮਰੀਕਾ ਨੇ ਇਸ ਸਮਝੌਤੇ ਦੇ ਤਹਿਤ ਅਗਲੇ ਤਿੰਨ ਦਹਾਕਿਆਂ ਤੱਕ ਕਾਰਬਨ ਨਿਕਾਸ ਵਿੱਚ ਵੱਡੀ ਕਟੌਤੀ ਕਰਨ ਦੀ ਯੋਜਨਾ ਬਣਾਈ ਹੈ। ਵਿਗਿਆਨੀਆਂ ਅਤੇ ਵਿਦੇਸ਼ੀ ਡਿਪਲੋਮੈਟਾਂ ਨੇ ਬਾਈਡਨ ਸਰਕਾਰ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ। ਜੋਅ ਬਾਇਡਨ ਨੇ ਰਾਸ਼ਟਰਪਤੀ ਦੇ ਤੌਰ ‘ਤੇ ਅਹੁਦਾ ਗ੍ਰਹਿਣ ਕਰਨ ਤੋਂ ਬਾਅਦ ਪਹਿਲੇ ਦਿਨ ਹੀ ਇਹ ਫੈਸਲਾ ਲਿਆ ਸੀ।

ਸਾਲ 2015 ਵਿੱਚ ਤਿਆਰ ਹੋਏ ਇਸ ਸਮਝੌਤੇ ‘ਤੇ ਕਰੀਬ 200 ਦੇਸ਼ਾਂ ਨੇ ਦਸਤਖਤ ਕੀਤੇ ਸਨ। ਅਮਰੀਕਾ ਇੱਕ-ਮਾਤਰ ਅਜਿਹਾ ਦੇਸ਼ ਸੀ, ਜੋ ਇਸ ਸਮਝੌਤੇ ‘ਤੇ ਦਸਤਖਤ ਕਰਨ ਤੋਂ ਬਾਅਦ ਇਸ ਤੋਂ ਅਲੱਗ ਹੋ ਗਿਆ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਮਝੌਤੇ ਤੋਂ ਅਲੱਗ ਹੋਣ ਦਾ ਫੈਸਲਾ ਲਿਆ ਸੀ।