India International Punjab

ਅਮਰੀਕਾ ਦੀ ਦਰਦਨਾਕ ਘਟਨਾ ਨੇ ਪਿਘਲਾਏ ਅਮਰੀਕਾ ਤੋਂ ਲੈ ਕੇ ਪੰਜਾਬ ਦੇ ਸਿਆਸੀ ਲੀਡਰਾਂ ਦੇ ਦਿਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਮਰੀਕਾ ਦੇ ਇੰਡੀਅਨਪੋਲਿਸ ਸੂਬੇ ਵਿੱਚ ਫੈਡਐਕਸ ਕੰਪਨੀ ਦੇ ਇੱਕ ਕੰਪਲੈਕਸ ਵਿੱਚ 15 ਅਪ੍ਰੈਲ ਦੀ ਰਾਤ ਨੂੰ ਇੱਕ ਬੰਦੂਕਧਾਰੀ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ, ਜਿਸ ਵਿੱਚ 8 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮਰਨ ਵਾਲੇ ਲੋਕਾਂ ਵਿੱਚ ਚਾਰ ਸਿੱਖ ਵੀ ਸ਼ਾਮਿਲ ਸਨ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕਾ ਵਿੱਚ ਵਾਪਰੀ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ‘ਇੰਡੀਅਨਪੋਲਿਸ ਸੂਬੇ ਵਿੱਚ ਫੈਡਐਕਸ ਦੇ ਕਰਮਚਾਰੀਆਂ ‘ਤੇ ਹੋਈ ਫਾਇੰਰਿਗ ਬਾਰੇ ਜਾਣਕਾਰੀ ਲਈ ਹੈ। ਪਰਮਾਤਮਾ ਇਸ ਵਾਰਦਾਤ ‘ਚ ਜਾਨ ਗਵਾਉਣ ਵਾਲੇ 8 ਲੋਕਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਤਾਕਤ ਦੇਵੇ। ਵਾਰਦਾਤ ਵਿੱਚ ਜ਼ਖਮੀ ਹੋਣ ਵਾਲਿਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰਦਾ ਹਾਂ। ਸਾਨੂੰ ਹਿੰਸਾ ਨੂੰ ਖਤਮ ਕਰਨ ਲਈ ਹਰ ਕੋਸ਼ਿਸ਼ ਕਰਨੀ ਹੋਵੇਗੀ’।

ਭਾਰਤੀ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਵੀ ਅਮਰੀਕਾ ‘ਚ ਵਾਪਰੀ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ‘ਅਮਰੀਕਾ ਦੇ ਇੰਡੀਅਨਪੋਲਿਸ ਵਿੱਚ ਫੈਡਐਕਸ ਕੰਪਨੀ ਵਿੱਚ ਵਾਪਰੇ ਗੋਲੀਕਾਂਡ ਤੋਂ ਬੇਹੱਦ ਦੁਖੀ ਹਾਂ। ਪੀੜਤਾਂ ਵਿੱਚ ਭਾਰਤੀ ਅਮਰੀਕੀ ਸਿੱਖ ਭਾਈਚਾਰੇ ਦੇ ਲੋਕ ਵੀ ਸ਼ਾਮਿਲ ਹਨ। ਸਾਡੀ ਅੰਬੈਸੀ ਇੰਡੀਅਨਪੋਲਿਸ ਦੇ ਮੇਅਰ ਅਤੇ ਸਥਾਨਕ ਪ੍ਰਸ਼ਾਸਨ ਦੇ ਸੰਪਰਕ ਵਿੱਚ ਹੈ’।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ‘ਇੰਡੀਅਨਪੋਲਿਸ ‘ਚ FedEx Ground facility ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ ਦੀ ਘਟਨਾ ਤੋਂ ਬੇਹੱਦ ਦੁਖੀ ਹਾਂ, ਜਿਸ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਚਾਰ ਸਿੱਖ ਵੀ ਸ਼ਾਮਿਲ ਹਨ। ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਦੁੱਖ ਦੀ ਇਸ ਘੜੀ ਵਿੱਚ ਮ੍ਰਿਤਕਾਂ ਦੇ ਪਰਿਵਾਰ ਨੂੰ ਤਾਕਤ ਬਖਸ਼ੇ।’