‘ਦ ਖ਼ਾਲਸ ਬਿਊਰੋ:- ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰਾ ਰਾਮਸਰ ਸਾਹਿਬ ‘ਚੋ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਪਾਵਨ ਸਰੂਪਾਂ ਦੇ ਮਾਮਲੇ ‘ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੱਡੀ ਕਾਰਵਾਈ ਕੀਤੀ ਹੈ। ਜਥੇਦਾਰ ਹਰਪ੍ਰੀਤ ਸਿੰਘ ਨੇ ਆਦੇਸ਼ ਜਾਰੀ ਕਰਦਿਆਂ ਪਬਲੀਕੇਸ਼ਨ ਵਿਭਾਗ ਦਾ ਸਮੁੱਚਾ ਰਿਕਾਰਡ ਸੀਲ ਕਰਵਾ ਦਿੱਤਾ ਹੈ।

ਗਾਇਬ ਹੋਏ 267 ਪਾਵਨ ਸਰੂਪਾਂ ਦੀ ਜਾਂਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਿਸ ਕੋਲੋਂ ਕਰਵਾਉਣਗੇ ਇਸ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ।

12 ਜੁਲਾਈ ਨੂੰ SGPC ਵੱਲੋਂ ਅੰਤ੍ਰਿਮ ਕਮੇਟੀ ਦੀ ਬੈਠਕ ਦੌਰਾਨ ਮਤਾ ਪਾਸ ਕੀਤਾ ਗਿਆ ਸੀ, ਜਿਸ ਤੋਂ SGPC ਨੇ ਗਾਇਬ ਹੋਏ 267 ਸਰੂਪਾਂ ਦੀ ਜਾਂਚ ਕਰਵਾਉਣ ਦਾ ਅਧਿਕਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੌਂਪ ਦਿੱਤਾ ਗਿਆ ਸੀ। ਇਸ ਤੋਂ ਇਲਾਵਾਂ SGPC ਨੇ ਚਿੱਠੀ ਲਿਖ ਕੇ ਗਿਆਨੀ ਹਰਪ੍ਰੀਤ ਸਿੰਘ ਤੋਂ ਇਹ ਵੀ ਮੰਗ ਕੀਤੀ ਸੀ ਕਿ 267 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਉਹ ਕਿਸੇ ਰਿਟਾਇਰਡ ਜੱਜ ਜਾਂ ਕਿਸੇ ਉਚ ਅਹੁਦੇ ਦੇ ਸਿੱਖ ਸੇਵਕ ਤੋਂ ਕਰਵਾਉਣ।

SGPC ਵੱਲੋਂ ਲਏ ਗਏ ਇਸ ਫ਼ੈਸਲੇ ਦੇ ਆਧਾਰ ’ਤੇ ਹੀ ਅੱਜ ਜਥੇਦਾਰ ਹਰਪ੍ਰੀਤ ਸਿੰਘ ਦੇ ਆਦੇਸ਼ ’ਤੇ ਇਕ ਟੀਮ ਨੇ ਪਬਲੀਕੇਸ਼ਨ ਵਿਭਾਗ ਵਿਚ ਜਾ ਕੇ ਸਮੁੱਚਾ ਰਿਕਾਰਡ ਸੀਲ ਕਰ ਦਿੱਤਾ ਹੈ। ਰਿਕਾਰਡ ਸੀਲ ਕਰਨ ਗਈ ਟੀਮ ਵਿਚ ਜਥੇਦਾਰ ਦੇ ਨਿੱਜੀ ਸਕੱਤਰ ਜਸਪਾਲ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਗਿਆਨੀ ਮਲਕੀਤ ਸਿੰਘ, SGPC ਦੇ ਰਿਕਾਰਡ ਕੀਪਰ ਅਤੇ ਪਬਲੀਕੇਸ਼ਨ ਵਿਭਾਗ ਦੇ ਤਬਦੀਲ ਕੀਤੇ ਕੁਝ ਕਰਮਚਾਰੀ ਸ਼ਾਮਲ ਸਨ।

ਨਿੱਜੀ ਸਕੱਤਰ ਜਸਪਾਲ ਸਿੰਘ ਜਸਪਾਲ ਸਿੰਘ ਮੁਤਾਬਿਕ , ਸਾਲ 2015 ਤੋਂ ਬਾਅਦ ਦੇ ਸਮੁੱਚੇ ਰਿਕਾਰਡ ਨੂੰ ਇਕ ਅਲਮਾਰੀ ਵਿਚ ਸੀਲ ਕਰ ਦਿੱਤਾ ਗਿਆ ਹੈ ਅਤੇ ਜਿਸ ਕਮਰੇ ਵਿਚ ਇਹ ਅਲਮਾਰੀ ਰੱਖੀ ਹੈ, ਉਹ ਕਮਰਾ ਵੀ ਤਾਲਾ ਲਾ ਕੇ ਬੰਦ ਕਰ ਦਿੱਤਾ ਗਿਆ ਹੈ।

ਉਹਨਾਂ ਕਿਹਾ ਇਹ ਰਿਕਾਰਡ ਜਾਂਚ ਲਈ ਐਲਾਨੀ ਜਾਣ ਵਾਲੀ ਟੀਮ ਨੂੰ ਹੀ ਸੌਂਪਿਆ ਜਾਵੇਗਾ।

SGPC ਵੱਲੋਂ ਭਾਵੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਮਾਮਲੇ ਦੀ ਜਾਂਚ ਕਰਾਉਣ ਲਈ ਖੁੱਲ੍ਹ ਦਿੱਤੀ ਹੈ, ਫ਼ਿਲਹਾਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਾਂਚ ਕਮੇਟੀ ਦਾ ਐਲਾਨ ਨਹੀਂ ਕੀਤਾ ਗਿਆ।

 

Leave a Reply

Your email address will not be published. Required fields are marked *