India

ਇਸ ਜਥੇਬੰਦੀ ਨੇ ਪਹਿਲਾਂ ਤੋਂ ਤੈਅ ਕੀਤੇ ਗਏ ਰੂਟ ‘ਤੇ ਹੀ ਟਰੈਕਟਰ ਪਰੇਡ ਕਰਨ ਦਾ ਕੀਤਾ ਐਲਾਨ

ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਸੰਯੁਕਤ ਕਿਸਾਨ ਜਥੇਬੰਦੀਆਂ ਅਤੇ ਦਿੱਲੀ ਪੁਲਿਸ ਵਿਚਾਲੇ ਸਹਿਮਤੀ ਨਾਲ ਟਰੈਕਟਰ ਪਰੇਡ ਦੇ ਲਈ ਬਣਾਏ ਗਏ ਟਰੈਕਟਰ ਰੂਟ ਦੇ ਨਾਲ ਸਹਿਮਤ ਨਹੀਂ ਹੈ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਸਮੇਤ ਕੁੱਝ ਹੋਰ ਜਥੇਬੰਦੀਆਂ ਪ੍ਰਸ਼ਾਸਨ ਨੂੰ ਰੂਟ ਵਿੱਚ ਤਬਦੀਲੀ ਕਰਨ ਲਈ ਗੱਲ ਕਰਨਗੀਆਂ। ਜੇ ਪ੍ਰਸ਼ਾਸਨ ਨਹੀਂ ਮੰਨਦਾ ਤਾਂ ਉਹ ਅਜਿਹਾ ਕੋਈ ਕੰਮ ਨਹੀਂ ਕਰਨਗੇ, ਜਿਸ ਨਾਲ ਪਰੇਡ ਦੇ ਆਯੋਜਨ ਵਿੱਚ ਕੋਈ ਮੁਸ਼ਕਿਲ ਆਵੇ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਸਾਡਾ ਨਿਸ਼ਾਨਾ ਆਊਟਰ ਰਿੰਗ ਰੋਡ ਉੱਤੇ ਪਰੇਡ ਕਰਨ ਦਾ ਹੈ। ਸੰਯੁਕਤ ਮੋਰਚੇ ਨੇ ਇਸੇ ਉੱਤੇ ਮਾਰਚ ਕਰਨ ਦਾ ਐਲਾਨ ਕੀਤਾ ਸੀ। ਅਸੀਂ ਇਸੇ ਉੱਤੇ ਕਾਇਮ ਹਾਂ ਅਤੇ ਇਸੇ ਰੂਟ ਉੱਤੇ ਅੱਗੇ ਵਧਾਂਗੇ।

ਸਰਵਣ ਸਿੰਘ ਪੰਧੇਰ ਨੇ ਕੀਤੇ ਕਈ ਅਹਿਮ ਦਾਅਵੇ

  • ਖੇਤੀ ਕਾਨੂੰਨਾਂ ਅਤੇ ਐੱਮਐੱਸਪੀ ਉੱਤੇ ਕਾਨੂੰਨੀ ਗਾਰੰਟੀ ਦੇ ਮੁੱਦੇ ਉੱਤੇ ਕਿਸੇ ਜਥੇਬੰਦੀ ਨਾਲ ਕੋਈ ਮਤਭੇਦ ਨਹੀਂ ਹੈ।
  • ਸੰਯੁਕਤ ਮੋਰਚੇ ਨੇ ਜੋ ਸਾਂਝੇ ਤੌਰ ਉੱਤੇ ਰਿੰਗ ਰੋਡ ਉੱਤੇ ਦਿੱਲੀ ਅੰਦਰ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਸੀ, ਅਸੀਂ ਉਸੇ ਉੱਤੇ ਕਾਇਮ ਹਾਂ।
  • ਅਸੀਂ ਕਿਸੇ ਸਮਾਰਕ ਉੱਤੇ ਨਾ ਕਬਜ਼ਾ ਕਰਨਾ ਹੈ, ਨਾ ਅਸੀਂ ਦਿੱਲੀ ਵਿੱਚ ਡੇਰੇ ਲਾਉਣੇ ਹਨ ਅਤੇ ਨਾ ਸਰਕਾਰੀ ਸਮਾਗਮ ਵਿੱਚ ਕੋਈ ਵਿਘਨ ਪਾਉਣਾ ਹੈ।
  • ਪੁਲਿਸ ਨਾਲ ਅੱਜ ਦੋ ਮੀਟਿੰਗਾਂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਬੈਰੀਕੇਡ ਹਟਾਉਣ ਉੱਤੇ ਸਹਿਮਤੀ ਦਿੱਤੀ ਅਤੇ ਅਸੀਂ ਦੋ ਤੋਂ ਵੱਧ ਲਾਇਨਾਂ ਨਹੀਂ ਬਣਾਵਾਂਗੇ।
  • ਅਸੀਂ ਆਊਟਰ ਰਿੰਗ ਰੋਡ ਉੱਤੇ ਹੀ ਪਰੇਡ ਕਰਾਂਗੇ। ਅਸੀਂ ਦੋ ਹੋਰ ਜਥੇਬੰਦੀਆਂ ਨੂੰ ਵੀ ਰਿੰਗ ਰੋਡ ਉੱਤੇ ਹੀ ਪਰੇਡ ਕਰਨ ਦੀ ਅਪੀਲ ਕੀਤੀ ਹੈ।
  • ਟਰੈਕਟਰ ਪਰੇਡ ਬਾਰੇ ਜੋ ਕਹਿ ਕੇ ਚੱਲੇ ਹਾਂ, ਉਹੀ ਕਰਾਂਗੇ। ਸਰਕਾਰ ਸਾਨੂੰ ਜਾਣ ਦੇਵੇ ਭਾਵੇਂ ਨਾ ਜਾਣ ਦੇਵੇ।
  • ਅਸੀਂ ਸਰਕਾਰ ਦੇ ਨਾਲ ਗੱਲ ਕਰਕੇ ਕੁੱਝ ਟਰਾਲੀਆਂ ਬੱਚਿਆਂ, ਬੀਬੀਆਂ ਅਤੇ ਬਜ਼ੁਰਗਾਂ ਵਾਸਤੇ ਲੈ ਜਾਵਾਂਗੇ।
  • ਅਸੀਂ ਉਨ੍ਹਾਂ ਨੂੰ ਟਰਾਲੀਆਂ ਬਾਕਾਇਦਾ ਤੌਰ ‘ਤੇ ਪੂਰੀ ਤਰ੍ਹਾਂ ਚੈੱਕ ਕਰਵਾ ਕੇ ਜਾਵਾਂਗੇ ਤਾਂ ਜੋ ਸਰਕਾਰ ਨੂੰ ਇਹ ਸ਼ੱਕ ਨਾ ਹੋ ਜਾਵੇ ਕਿ ਅਸੀਂ ਉੱਥੇ ਰਹਿਣ ਲਈ ਚੱਲੇ ਹਾਂ।
  • ਪਰੇਡ ਵਿੱਚ ਅਸੀਂ ਭੁੱਖੇ ਵੀ ਰਹਿ ਸਕਦੇ ਹਾਂ ਪਰ ਪਰੇਡ ਪੂਰੀ ਜ਼ਰੂਰ ਕਰਾਂਗੇ।