India

ਪਰਾਲੀ ਸਾੜਨ ਤੋਂ ਰੋਕਣ ਆਏ ਅਧਿਕਾਰੀਆਂ ਨੂੰ ਕਿਸਾਨਾਂ ਨੇ ਬਣਾਇਆ ਬੰਦੀ

‘ਦ ਖ਼ਾਲਸ ਬਿਊਰੋ :- ਹਰਿਆਣਾ ਦੇ ਜਾਖਲ ਬਲਾਕ ਦੇ ਪਿੰਡ ਮੁੰਦਲੀਆਂ ਵਿੱਚ ਕਿਸਾਨਾਂ ਨੇ ਪਰਾਲੀ ਨੂੰ ਸਾੜਨ ਤੋਂ ਰੋਕਣ ਆਏ ਖੇਤੀਬਾੜੀ ਵਿਭਾਗ ਦੇ 5 ਅਧਿਕਾਰੀਆਂ ਨੂੰ 2 ਘੰਟਿਆਂ ਲਈ ਬੰਦੀ ਬਣਾਈ ਰੱਖਿਆ। ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਕਿਸਾਨਾਂ ਨੂੰ ਸਮਝਾ ਕੇ ਬੰਦੀ ਬਣਾਈ ਖੇਤੀਬਾੜੀ ਟੀਮ ਨੂੰ ਛੁਡਾਇਆ।

ਖੇਤੀਬਾੜੀ ਵਿਭਾਗ ਨੂੰ ਸੈਟੇਲਾਈਟ ਦੇ ਜ਼ਰੀਏ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਜਾਣਕਾਰੀ ਦਿੱਤੀ ਗਈ ਸੀ। ਇਸੇ ਦੇ ਅਧਾਰ ‘ਤੇ ਖੇਤੀਬਾੜੀ ਵਿਭਾਗ ਦੀ ਟੀਮ ਮੌਕੇ ਦਾ ਜਾਇਜ਼ਾ ਲੈਣ ਲਈ ਪਿੰਡ ਮੁੰਦਲੀਆਂ ਪਹੁੰਚੀ ਸੀ। ਪਿੰਡ ਵਾਸੀਆਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਐਸ.ਡੀ.ਓ ਅਜੈ ਕੁਮਾਰ ਢਿੱਲੋਂ, ਧਰਮਵੀਰ ਖੇਤੀਬਾੜੀ ਵਿਭਾਗ ਦੇ ਅਧਿਕਾਰੀ, ਪਟਵਾਰੀ ਰਾਜਪਾਲ, ਰਾਜਕੁਮਾਰ ਸੈਕਟਰੀ ਅਤੇ ਇੱਕ ਹੋਰ ਕਰਮਚਾਰੀ ਨੂੰ 2 ਘੰਟੇ ਬੰਦੀ ਬਣਾ ਕੇ ਰੱਖਿਆ। ਜਾਖਲ ਬਲਾਕ ਦੇ ਪਿੰਡ ਦੇ ਲੋਕਾਂ ਨੇ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਕੀਤੀ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮੀਟਿੰਗ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਦੀਆਂ ਗੰਢਾਂ ਬੰਨ੍ਹਣ ਦਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ ਸੀ, ਪਰ 3 ਦਿਨਾਂ ਬਾਅਦ ਵੀ ਵਿਭਾਗ ਵੱਲੋਂ ਕੋਈ ਪੱਕਾ ਪ੍ਰਬੰਧ ਨਹੀਂ ਕੀਤਾ ਗਿਆ।

ਕਣਕ ਦੀ ਬਿਜਾਈ ਦਾ ਸਮਾਂ ਬੀਤ ਰਿਹਾ ਹੈ, ਪਰ ਹੁਣ ਤੱਕ ਸਬੰਧਤ ਵਿਭਾਗ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਆਪਣੀ ਅਸਫਲਤਾ ਕਿਸਾਨਾਂ ਦੇ ਸਿਰ ਮੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੇਕਰ ਸਬੰਧਿਤ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਸਮੇਂ ਸਿਰ ਸਰੋਤ ਮੁਹੱਈਆ ਕਰਵਾਏ ਜਾਂਦੇ ਤਾਂ ਅੱਗ ਲਾਉਣ ਦੀ ਕੋਈ ਸੰਭਾਵਨਾ ਨਹੀਂ ਰਹਿ ਜਾਂਦੀ।