Punjab

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਰਾਤ ਦੇ 3 ਵਜੇ ਮੁੜ ਰੇਲਵੇ ਟਰੈਕ ਕੀਤਾ ਜਾਮ, ਮਾਲ ਗੱਡੀਆਂ ਨੂੰ ਹੀ ਦਿੱਤਾ ਲਾਂਘਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਨੇ ਰਾਤ ਦੇ ਲਗਭਗ 3 ਵਜੇ ਤੋਂ ਬਾਅਦ ਯਾਤਰੀ ਗੱਡੀਆਂ ਰੋਕਣ ਲਈ ਰੇਲ ਟਰੈਕ ਜੰਡਿਆਲਾ ਗੁਰੂ ਜਾਮ ਕਰ ਦਿੱਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ‘ਸਾਡੀ ਜਿੰਨੀ ਵੀ ਫੋਰਸ ਹੈ, ਅਸੀਂ ਉਹ ਸਾਰੀ ਰੇਲ ਟਰੈਕ ਨੂੰ ਜਾਮ ਕਰਨ ਲਈ ਲਾਈ ਹੋਈ ਹੈ। ਰੇਲ ਟਰੈਕ ਮਾਨਾਂਵਾਲਾ ਵੀ ਯਾਤਰੀ ਗੱਡੀਆਂ ਲਈ ਜਾਮ ਕੀਤਾ ਗਿਆ ਹੈ’।

ਸਰਵਣ ਸਿੰਘ ਪੰਧੇਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ‘ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹਨ ਕਿ ਇਹ ਸੂਬੇ ਦੇ ਹੱਕ ਵਿੱਚ ਨਹੀਂ ਹਨ। ਪੰਧੇਰ ਨੇ ਕੈਪਟਨ ‘ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ‘ਜਿੰਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਸਲੇ ‘ਤੇ ਸਹੁੰ ਖਾ ਕੇ ਕਿਹਾ ਸੀ ਕਿ ਨਸ਼ੇ ਬੰਦ ਕਰਨੇ ਹਨ, ਉਨ੍ਹਾਂ ਨਸ਼ੇ ਬੰਦ ਨਹੀਂ ਕਰਾਏ, ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ, ਕਰਜ਼ਾ ਮੁਆਫ ਨਹੀਂ ਕੀਤਾ, ਟਰਾਂਸਪੋਰਟ ਮਾਫੀਆ, ਰੇਤ ਮਾਫੀਆ ਬੰਦ ਨਹੀਂ ਕੀਤਾ। ਇਸ ਲਈ 2022 ਦਾ ਸਮਾਂ ਹੀ ਦੱਸੇਗਾ ਕਿ ਲੋਕ ਕਿੰਨਾਂ ਦੇ ਨਾਲ ਹਨ। ਅੱਜ ਵੀ ਹਰ ਤਬਕਾ ਸਾਨੂੰ ਸਮਰਥਨ ਦੇ ਰਿਹਾ ਹੈ, ਅਸੀਂ ਕੇਂਦਰ ਦੇ ਅੱਗੇ ਨਹੀਂ ਝੁਕਾਂਗੇ’।

ਪੰਧੇਰ ਨੇ ਪੰਜਾਬ ਸਰਕਾਰ ‘ਤੇ ਤੰਜ ਕੱਸਦਿਆਂ ਕਿਹਾ ਕਿ ‘ਜੇ ਤਾਂ ਅਸੀਂ ਕੈਪਟਨ ਦੇ ਨਾਲ ਰਲ ਕੇ ਕੈਪਟਨ ਦੇ ਨਾਲ ਚੱਲੀਏ, ਫਿਰ ਤਾਂ ਅਸੀਂ ਸੂਬੇ ਦੇ ਹੱਕ ਵਿੱਚ ਹਾਂ ਅਤੇ ਜੇ ਅਸੀਂ ਆਪਣਾ ਆਜ਼ਾਦੀ ਨਾਲ ਫੈਸਲਾ ਕਰਦੇ ਹਾਂ ਤਾਂ ਫਿਰ ਅਸੀਂ ਸੂਬੇ ਦੇ ਵਿਰੁੱਧ ਹੋ ਜਾਂਦੇ ਹਾਂ’।

ਕਿਸਾਨਾਂ ਨੇ ਕਿਹਾ ਕਿ ‘ਮਾਲ ਗੱਡੀਆਂ ਨੂੰ ਲਾਂਘਾ ਦਿੱਤਾ ਜਾਵੇਗਾ, ਸਿਰਫ ਯਾਤਰੀ ਗੱਡੀਆਂ ਨੂੰ ਰੋਕਿਆ ਜਾਵੇਗਾ। ਬਾਕੀ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਦੇ ਨਾਲ ਕਿਉਂ ਹਨ, ਕੀ ਉਨ੍ਹਾਂ ਵਿੱਚ ਹੈ, ਉਹ ਆਪੇ ਬਾਹਰ ਆ ਜਾਵੇਗਾ। ਜਿਹੜੀਆਂ ਕਿਸਾਨ ਜਥੇਬੰਦੀਆਂ ਰੇਲਵੇ ਟਰੈਕ ਛੱਡ ਕੇ ਗਈਆਂ ਹਨ, ਅਸੀਂ ਉਨ੍ਹਾਂ ਨਾਲ ਇਸ ਗੱਲ ਉੱਤੇ ਸਹਿਮਤੀ ਨਹੀਂ ਰੱਖਦੇ। ਕੈਪਟਨ ਕੇਂਦਰ ਸਰਕਾਰ ਦੇ ਨਾਲ ਹੈ, ਕਿਸਾਨਾਂ ਦੀ ਬਾਂਹ ਮਰੋੜ ਰਿਹਾ ਹੈ। ਪੰਜਾਬ ਸਰਕਾਰ ਦਾ ਰਵੱਈਆ ਸਾਡੇ ਖਿਲਾਫ ਹੈ। ਇੱਥੇ ਜੇ ਕੋਈ ਵੀ ਦੁਰਘਟਨਾ ਵਾਪਰਦੀ ਹੈ ਤਾਂ ਉਸਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਹੋਵੇਗੀ’।

ਰੇਲਵੇ ਮੰਤਰੀ ਪਿਊਸ਼ ਗੋਇਲ ਦੇ ਬਿਆਨ ਕਿ ਕਿਸਾਨ ਮਾਲ ਗੱਡੀਆਂ ਨਹੀਂ ਲੰਘਾ ਰਹੇ, ਵਾਲੇ ਬਿਆਨ ‘ਤੇ ਪੰਧੇਰ ਨੇ ਜਵਾਬ ਦਿੰਦਿਆਂ ਕਿਹਾ ਕਿ ‘ਮਾਲ ਗੱਡੀਆਂ ਲੰਘ ਰਹੀਆਂ ਹਨ। ਮਾਲ ਗੱਡੀਆਂ ਨੂੰ ਕੋਈ ਰੋਕ ਨਹੀਂ ਹੈ ਅਤੇ ਮਾਲ ਗੱਡੀਆਂ ਲੰਘ ਵੀ ਰਹੀਆਂ ਹਨ। ਅਸੀਂ ਰੇਲ ਟਰੈਕ ਤੋਂ ਦੂਰ ਹੋ ਕੇ ਮਾਲ ਗੱਡੀਆਂ ਲੰਘਾ ਰਹੇ ਹਾਂ, ਅਸੀਂ ਸਿਰਫ ਯਾਤਰੀ ਗੱਡੀਆਂ ਨੂੰ ਲਾਂਘਾ ਨਹੀਂ ਦੇਵਾਂਗੇ।