Punjab

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੂਰੇ ਪੰਜਾਬ ‘ਚ ਫੂਕੇ ਮੋਦੀ ਸਰਕਾਰ ਦੇ ਪੁਤਲੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨ ਰੱਦ ਕਰਵਾਉਣ , ਬਿਜਲੀ ਸੋਧ ਬਿੱਲ 2020 , ਪਰਾਲੀ ਐਕਟ , ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਆਦਿ ਮੰਗਾਂ ਨੂੰ ਲੈ ਕੇ 8 ਦਸੰਬਰ ਨੂੰ ਪੂਰੇ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਨੂੰ ਸਫਲ ਕਰਨ ਲਈ ਦੇਸ਼ ਦੇ ਸਾਰੇ ਵਰਗਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।

ਪੰਧੇਰ ਨੇ ਕਿਹਾ ਕਿ ਜਿਵੇਂ ਦੇਸ਼ ਤੇ ਪੰਜਾਬ ਦੇ ਸਾਰੇ ਵਰਗਾਂ ਦਾ ਕਿਸਾਨੀ ਸੰਘਰਸ਼ ਨੂੰ ਪਹਿਲਾਂ ਵੀ ਸਹਿਯੋਗ ਮਿਲ ਰਿਹਾ ਹੈ ਅਤੇ ਹੁਣ ਵੀ ਇਸ ਬੰਦ ਨੂੰ ਸਫਲ ਕਰਨ ਲਈ ਸਾਰੇ ਵਰਗ ਖੁਦ ਦਾ ਪ੍ਰੋਗਰਾਮ ਸਮਝ ਕੇ ਲਾਗੂ ਕਰਨਗੇ। ਅੱਜ ਗੋਲਡਨ ਗੋਟ ਅੰਮ੍ਰਿਤਸਰ ਵਿਖੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ , ਗੁਰਬਚਨ ਸਿੰਘ ਚੱਬਾ ਦੀ ਅਗਵਾਈ ਵਿੱਚ ਮੋਦੀ ਅਤੇ ਅੰਬਾਨੀ , ਅਡਾਨੀ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਅਤੇ ਕਿਸਾਨ ਵਿਰੋਧੀ ਤਿੰਨ ਖੇਤੀ ਬਿੱਲ , ਬਿਜਲੀ ਸੋਧ ਬਿੱਲ 2020 , ਪਰਾਲੀ ਸਾੜਨ ਦਾ ਬਿੱਲ ਰੱਦ ਕਰਨ ਦੀ ਮੰਗ ਕੀਤੀ ਗਈ।

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਦਰਜਨਾਂ ਥਾਂਵਾਂ ‘ਤੇ ਅਡਾਨੀ , ਅੰਬਾਨੀ ਅਤੇ ਮੋਦੀ ਸਰਕਾਰ ਦੀਆਂ ਅਰਥੀਆਂ ਫੂਕ ਕੇ ਭਾਰੀ ਨਾਅਰੇਬਾਜ਼ੀ ਕਰਦਿਆਂ ਕਿਸਾਨ ਵਿਰੋਧੀ ਬਿੱਲ ਰੱਦ ਕਰਨ ‘ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਪ੍ਰਣ ਕੀਤਾ।

ਤਰਨਤਾਰਨ, ਫਿਰੋਜ਼ਪੁਰ , ਫਾਜ਼ਿਲਕਾ , ਮੋਗਾ , ਮੁਕਤਸਰ, ਜਲੰਧਰ , ਕਪੂਰਥਲਾ, ਗੁਰਦਾਸਪੁਰ , ਹੁਸ਼ਿਆਰਪੁਰ , ਸ੍ਰੀ ਹਰਗੋਬਿੰਦਪੁਰ ਵਿੱਚ ਮੋਦੀ, ਅੰਬਾਨੀ , ਅਡਾਨੀ ਦੀਆਂ ਅਰਥੀਆਂ ਫੂਕੀਆਂ ਗਈਆਂ ਅਤੇ ਖੇਤੀ ਬਿੱਲ ਪੂਰਨ ਰੂਪ ਵਿੱਚ ਵਾਪਸ ਲਏ ਜਾਣ ਦੀ ਮੰਗ ਕੀਤੀ ਗਈ। ਜੰਡਿਆਲਾ ਗੁਰੂ, ਅੰਮ੍ਰਿਤਸਰ ਵਿਖੇ ਰੇਲ ਰੋਕੋ ਅੰਦੋਲਨ 74 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਇਸ ਚੱਲਦੇ ਘੋਲ ਵਿੱਚ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਅਰਥੀਆਂ ਸਾੜ ਕੇ ਕਾਨੂੰਨਾਂ ਨੂੰ ਰੱਦ ਕਰਨ ਤੱਕ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ।