Punjab

ਪੰਜਾਬ ਦੇ ਕਿਸਾਨਾਂ ਨੇ ਕੇਂਦਰ ਦਾ ਗੱਲਬਾਤ ਦਾ ਸੱਦਾ ਠੁਕਰਾਇਆ, ਕੱਲ ਨੂੰ ਬੁਲਾਇਆ ਸੀ

‘ਦ ਖ਼ਾਲਸ ਬਿਊਰੋ :- ਚੰਡੀਗੜ੍ਹ ਵਿਖੇ ਕਿਸਾਨ ਭਵਨ ‘ਚ ਅੱਜ ਪੰਜਾਬ ਦੀਆਂ 31 ਸੰਘਰਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਮੀਟਿੰਗ ਦੌਰਾਨ ਕੇਂਦਰ ਦੇ ਖੇਤੀਬਾੜੀ ਮੰਤਰਾਲੇ ਵੱਲੋਂ ਜਥੇਬੰਦੀਆਂ ਨੂੰ ਗੱਲਬਾਤ ਲਈ ਭੇਜਿਆ ਗਿਆ ਸੱਦਾ ਪੱਤਰ ਰੱਦ ਕਰ ਦਿੱਤਾ ਗਿਆ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਜਾਣਕਾਰੀ ਅਨੁਸਾਰ ਇਹ ‌ਸੱਦਾ ਪੱਤਰ‌ ਗ਼ੈਰ ਅਧਿਕਾਰਤ ਹੋਣ ਕਾਰਨ ਇਹ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਦੀਆਂ 31 ਸੰਘਰਸ਼ੀਲ ਕਿਸਾਨ ਜਥੇਬੰਦੀਆਂ ਦੀ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਰਾਜ ਵਿੱਚ ਨਵੇਂ ਖੇਤੀ ਕਾਨੂੰਨਾਂ ਕਾਰਨ ਚੱਲ ਰਹੇ ਅੰਦੋਲਨ ਲਈ ਮੀਟਿੰਗ ਸ਼ੁਰੂ ਹੋਈ। ਇਸ ਇਕੱਤਰਤਾ ਦੌਰਾਨ ਪਹਿਲੀ ਅਕਤੂਬਰ ਤੋਂ ਪੰਜਾਬ ਵਿੱਚ ਆਰੰਭ ਹੋਏ ਸੰਘਰਸ਼ ਦੀ ਪੜਚੋਲ ਅਤੇ ਅਗਲੀ ਰੂਪ ਰੇਖਾ ਨੂੰ ਉਲੀਕਿਆ ਜਾਵੇਗਾ।

ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵਲੋਂ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸੱਕਤਰ ਰਾਕੇਸ਼ ਕੁਮਾਰ ਅੱਗਰਵਾਲ ਵਲੋਂ ਕਿਸਾਨ ਧਿਰਾਂ ਨੂੰ ਗੱਲਬਾਤ ਲਈ ਭੇਜੇ ਸੱਦੇ ਸਬੰਧੀ ਵੀ ਮਾਮਲੇ ਨੂੰ ਵਿਚਾਰਿਆ ਗਿਆ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ( ਮਾਨਸਾ) ਦੇ ਸੂਬਾਈ ਆਗੂ ਬੋਘ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਸੰਘਰਸ਼ ਦਾ ਨਵਾਂ ਰੂਪ, ਅਗਲੀਆਂ ਅੰਦੋਲਨੀ ਵਿਉਂਤਬੰਦੀਆਂ , ਕੇਂਦਰ ਨਾਲ ਗੱਲਬਾਤ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 29 ਸਤੰਬਰ ਨੂੰ ਹੋਈ ਗੱਲਬਾਤ ਦੌਰਾਨ ਕੀਤੇ ਵਾਅਦਿਆਂ ਸਬੰਧੀ ਨਵੀਂ ਪੁਜੀਸ਼ਨ ਪ੍ਰਤੀ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ।