‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਅੱਜ ਪੰਜਾਬ ਵਿੱਚ ਪਿਛਲੇ ਲਗਭਗ ਵੀਹ ਦਿਨਾਂ ਤੋਂ ਜਾਰੀ ਕਿਸਾਨ ਸੰਘਰਸ਼ ਦਾ ਅਹਿਮ ਪੜਾਅ ਹੈ। ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਦੇ ਖੇਤੀ ਮੰਤਰਾਲੇ ਦੇ ਸੱਕਤਰ ਸੰਜੇ ਅੱਗਰਵਾਲ ਨਾਲ ਦਿੱਲੀ ਵਿੱਚ ਬੈਠਕ ਸ਼ੁਰੂ ਹੋ ਗਈ ਹੈ। ਅੱਜ ਸਵੇਰੇ ਹੀ ਕਿਸਾਨ ਆਗੂ ਬੱਸ ਰਾਹੀਂ ਦਿੱਲੀ ਲਈ ਰਵਾਨਾ ਹੋ ਗਏ ਸਨ। ਕਿਸਾਨਾਂ ਦੀ ਖੇਤੀ ਕਾਨੂੰਨ ਨੂੰ ਲੈ ਕੇ ਸਰਕਾਰ ਨਾਲ ਇਹ ਪਹਿਲੀ ਮੀਟਿੰਗ ਹੋ ਰਹੀ ਹੈ।

ਬੱਸ ਰਾਹੀਂ ਦਿੱਲੀ ਗਏ ਕਿਸਾਨ

ਕਿਸਾਨਾਂ ਵੱਲੋਂ 7 ਮੈਂਬਰੀ ਕਮੇਟੀ ਦੇ ਮੈਂਬਰ ਬਲਵੀਰ ਸਿੰਘ ਰਾਜੇਵਾਲ, ਡਾ. ਦਰਸ਼ਨ ਪਾਲ, ਜਗਮੋਹਨ ਸਿੰਘ ਪਟਿਆਲਾ, ਜਗਜੀਤ ਸਿੰਘ ਡੱਲੇਵਾਲ, ਸੁਰਜੀਤ ਸਿੰਘ ਫੂਲ, ਸਤਨਾਮ ਸਿੰਘ ਸਾਹਨੀ, ਕੁਲਵੰਤ ਸਿੰਘ ਸੰਧੂ ਕਿਸਾਨਾਂ ਦਾ ਦਰਦ ਕੇਂਦਰ ਸਰਕਾਰ ਸਾਹਮਣੇ ਰੱਖਣਗੇ ਅਤੇ ਗੱਲ ਨਾ ਮੰਨੇ ਜਾਣ ‘ਤੇ ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।

29 ਕਿਸਾਨ ਧਿਰਾਂ ਦੇ ਆਗੂਆਂ ਨੇ ਪਹਿਲਾਂ ਇਕੱਠੇ ਹੋ ਕੇ ਆਪਸ ਵਿੱਚ ਗੱਲਬਾਤ ਕੀਤੀ ਅਤੇ ਬਾਅਦ ਵਿੱਚ ਖੇਤੀ ਮੰਤਰਾਲੇ ਦੇ ਸੱਕਤਰ ਸੰਜੇ ਅੱਗਰਵਾਲ ਦੇ ਦਿੱਤੇ ਸੱਦੇ ‘ਤੇ ਕ੍ਰਿਸ਼ੀ ਭਵਨ ਵਿਖੇ ਮੀਟਿੰਗ ਵਿੱਚ ਭਾਗ ਲੈਣ ਲਈ ਪੁੱਜੇ ਹਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ, ਫਸਲਾਂ ਦੇ ਭਾਅ ਡਾ. ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਮਿੱਥਣ, ਸਾਰੀਆਂ ਜਿਣਸਾਂ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ ਮੁਤਾਬਕ ਹੋਣ ਦੀ ਗਰੰਟੀ ਦੀ ਗੱਲ ਕਰਨਗੀਆਂ।

ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਹੋ ਰਹੀ ਇਸ ਅਹਿਮ ਬੈਠਕ ਉੱਤੇ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਦੀ ਨਜ਼ਰਾਂ ਟਿਕੀਆਂ ਹੋਈਆਂ ਹਨ। ਸਾਰੇ ਇਸ ਮੀਟਿੰਗ ਦੇ ਨਤੀਜੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਕੱਲ੍ਹ ਕਿਸਾਨਾਂ ਦੇ ਨਾਲ ਮੰਥਨ ਕੀਤਾ ਸੀ।

Leave a Reply

Your email address will not be published. Required fields are marked *