Punjab

ਕਿਸਾਨਾਂ ਨੇ ਕਬੂਲਿਆ ਕੈਪਟਨ ਨਾਲ ਮੁਲਾਕਾਤ ਦਾ ਸੱਦਾ, ਕੱਲ੍ਹ ਹੋਵੇਗੀ ਮੀਟਿੰਗ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਬਾਅਦ ਦੁਪਹਿਰ ਡੇਢ ਵਜੇ ਪੰਜਾਬ ਭਵਨ, ਚੰਡੀਗੜ੍ਹ ਵਿੱਚ ਸੂਬੇ ਦੀਆਂ ਸਾਰੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਮੀਟਿੰਗ ਲਈ ਸੱਦਿਆ ਹੈ। ਜਥੇਬੰਦੀਆਂ ਦੇ ਮੁਖੀਆਂ ਨੂੰ ਮੁੱਖ ਮੰਤਰੀ ਦਫ਼ਤਰ ਵੱਲੋਂ ਸੁਨੇਹੇ ਭੇਜੇ ਗਏ ਹਨ। ਕਿਸਾਨ ਜਥੇਬੰਦੀਆਂ ਵੱਲੋਂ ਇਸ ਸੁਨੇਹੇ ਨੂੰ ਪ੍ਰਵਾਨ ਕਰਦਿਆਂ ਕੱਲ੍ਹ ਮੀਟਿੰਗ ਵਿੱਚ ਜਾਣ ਲਈ ਆਪਣੀਆਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ।

ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ‘ਦ ਖ਼ਾਲਸ ਟੀਵੀ ਨੂੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਮੀਟਿੰਗ ਵਿੱਚ ਸਰਕਾਰ ਵੱਲੋਂ ਸਨੇਹਾ ਪੁੱਜ ਗਿਆ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ਸੀਲ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਪਹਿਲਾਂ ਪੰਜਾਬ ਭਵਨ ਵਿੱਚ ਸਵੇਰ ਦੇ 11 ਵਜੇ ਮੀਟਿੰਗ ਹੋਵੇਗੀ ਤਾਂ ਜੋ ਮੁੱਖ ਮੰਤਰੀ ਕੋਲ ਉਠਾਏ ਜਾਣ ਵਾਲੇ ਮਸਲਿਆਂ ਨੂੰ ਆਪਸ ਵਿੱਚ ਵਿਚਾਰਿਆ ਜਾ ਸਕੇ।

ਕਿਸਾਨ ਲੀਡਰਾਂ ਨੇ ਦੱਸਿਆ ਕਿ ਕੈਪਟਨ ‌ਕੋਲ ਪੰਜਾਬ ਵਿੱਚ ਯੂਰੀਆ ਖਾਦ ਦੀ ਘਾਟ, ਝੋਨੇ ਦੀ ਖਰੀਦ, ਬਾਹਰਲੇ ਰਾਜਾਂ ਵਿੱਚੋਂ ਆਉਂਦੇ ਝੋਨੇ ਸਮੇਤ ਅਨੇਕਾਂ ਮਸਲਿਆਂ ਨੂੰ ਵਿਚਾਰਿਆ ਜਾਵੇਗਾ। ਜਾਣਕਾਰੀ ਮੁਤਾਬਕ ਕੈਪਟਨ ਵੱਲੋਂ ‌ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ ਤਾਂ ਜੋ ਮਾਲ ਗੱਡੀਆਂ ਸਮੇਤ ਰੁਕੇ ਪੰਜਾਬ ਦੇ ਹੋਰ ਮਸਲਿਆਂ ਨੂੰ ਹੱਲ ਕੀਤਾ ਜਾ ਸਕੇ।