India Punjab

ਦੋ ਲੀਡਰਾਂ ਦੀ ਹੋਈ ਡਿਜੀਟਲ ਲੜਾਈ, ਪੜ੍ਹੋ ਕੀ ਹੈ ਮਾਮਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਜਪਾ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਅੱਜ ਫਿਰ ਕਿਸਾਨੀ ਅੰਦੋਲਨ ਬਾਰੇ ਬੋਲਦਿਆਂ ਕਿਹਾ ਕਿ ‘ਜੋ ਕਿਸਾਨ ਸੜਕਾਂ ‘ਤੇ ਬੈਠੇ ਹਨ, ਉਹ ਅਲੱਗ ਹਨ ਅਤੇ ਜੋ ਕਿਸਾਨ ਲੀਡਰ ਹਨ, ਉਹ ਅਲੱਗ ਹਨ, ਉਨ੍ਹਾਂ ਦੀ ਸੋਚ ਅਲੱਗ ਹੈ। ਉਹ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਹਨ। ਉਹ ਕਿਸਾਨਾਂ ਨੂੰ ਕਰੋਨਾ ਟੈਸਟ ਨਾ ਕਰਵਾਉਣ ਲਈ ਕਹਿ ਰਹੇ ਹਨ। ਉਹ ਕਿਸਾਨਾਂ ਨੂੰ ਕਹਿ ਰਹੇ ਹਨ ਕਿ ਕਰੋਨਾ ਕੋਈ ਬਿਮਾਰੀ ਨਹੀਂ ਹੈ। ਇਨ੍ਹਾਂ ਨੇ ਸਰਕਾਰ ਦੇ ਖਿਲਾਫ, ਵਿਵਸਥਾ ਦੇ ਖਿਲਾਫ ਬਹੁਤ ਝੂਠ ਬੋਲਿਆ ਹੈ, ਕਿਸਾਨਾਂ ਦੀਆਂ ਮੰਗਾਂ ਅਲੱਗ ਹਨ’।

ਗਰੇਵਾਲ ਨੇ ਕਿਹਾ ਕਿ ‘ਕਿਸਾਨਾਂ ਦੀਆਂ ਹੋ ਰਹੀਆਂ ਮੌਤਾਂ ਦੀ ਗਾਰੰਟੀ ਕਿਸਾਨਾਂ ਕੋਲ ਹੀ ਹੈ। ਬਹੁਤ ਸਾਰੀਆਂ ਗਲਤੀਆਂ ਕਿਸਾਨ ਲੀਡਰਾਂ ਦੀਆਂ ਹਨ, ਜਿਨ੍ਹਾਂ ਕਰਕੇ ਅੰਦੋਲਨ ਲੰਮਾ ਹੋ ਰਿਹਾ ਹੈ। ਸਾਰੇ ਕਿਸਾਨ ਲੀਡਰਾਂ ਦੀ ਗਲਤੀ ਨਹੀਂ ਹੈ, ਸਿਰਫ 5-7 ਇਸ ਤਰ੍ਹਾਂ ਦੇ ਕਿਸਾਨ ਲੀਡਰ ਹਨ, ਜਿਹੜੇ ਇਸ ਅੰਦੋਲਨ ਨੂੰ 2024 ਤੱਕ ਲੈ ਕੇ ਜਾਣਾ ਚਾਹੁੰਦੇ ਹਨ। ਇਹ ਆਪਣੀ ਲੀਡਰੀ ਕਾਇਮ ਰੱਖਣਾ ਚਾਹੁੰਦੇ ਹਨ। ਇਨ੍ਹਾਂ ਨੂੰ ਸਿੱਧੇ ਰਾਹ ਆ ਕੇ ਸਿੱਧੀ ਗੱਲ ਮੰਨਣੀ ਚਾਹੀਦੀ ਹੈ। ਇਹ ਸਰਕਾਰ ਨੂੰ ਕੋਈ ਠੋਸ ਪ੍ਰਸਤਾਵ ਨਹੀਂ ਦਿੰਦੇ। ਕਿਸਾਨਾਂ ਨੂੰ ਕਰੋਨਾ ਸਥਿਤੀ ਦੌਰਾਨ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ। ਇਨ੍ਹਾਂ ਕਰਕੇ ਕਰੋਨਾ ਪਿੰਡਾਂ ਵਿੱਚ ਜਾ ਰਿਹਾ ਹੈ’।

ਕਿਸਾਨ ਲੀਡਰ ਹਰਿੰਦਰ ਲੱਖੋਵਾਲ ਨੇ ਗਰੇਵਾਲ ਨੂੰ ਜਵਾਬ ਦਿੰਦਿਆਂ ਕਿਹਾ ਕਿ ‘ਗਰੇਵਾਲ ਹਮੇਸ਼ਾ ਝੂਠ ਬੋਲਦਾ ਹੈ, ਇਹ ਲੋਕਾਂ ਨੂੰ ਗੁੰਮਰਾਹ ਕਰਦਾ ਹੈ। ਜੇ ਇਹ ਦੂਜਿਆਂ ‘ਤੇ ਉਂਗਲੀਆਂ ਚੁੱਕਦਾ ਹੈ ਤਾਂ ਇਹ ਵੀ ਲੀਡਰ ਬਣ ਜਾਵੇ, ਇਹ ਵੀ ਤਾਂ ਕਿਸਾਨ ਹੈ। ਪਰ ਇਸਨੂੰ ਕਿਸੇ ਨੇ ਪਿੰਡ ਵਿੱਚ ਵੀ ਨਹੀਂ ਵੜਨ ਦੇਣਾ। ਸਾਨੂੰ ਮੀਟਿੰਗ ਲਈ ਕੋਈ ਸੱਦਾ ਨਹੀਂ ਆਇਆ। ਅਸੀਂ ਕਾਨੂੰਨ ਰੱਦ ਹੋਣ ਤੱਕ ਵਾਪਸ ਨਹੀਂ ਜਾਵਾਂਗੇ, ਭਾਵੇਂ ਇਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ’।

ਹਰਜੀਤ ਗਰੇਵਾਲ ਨੇ ਲੱਖੋਵਾਲ ਨੂੰ ਫਿਰ ਜਵਾਬ ਦਿੰਦਿਆਂ ਕਿਹਾ ਕਿ ‘ਮੈਂ ਪਿੰਡਾਂ ਵਿੱਚ ਵੀ ਜਾਵਾਂਗਾ, ਸਾਰੀਆਂ ਜਗ੍ਹਾ ‘ਤੇ ਜਾਵਾਂਗਾ। ਮੈਨੂੰ ਜਿੱਥੇ ਰੋਕਣਾ ਹੋਵੇਗਾ, ਰੋਕ ਕੇ ਵਿਖਾ ਦਿਉ। ਮੈਂ ਲੱਖੋਵਾਲ ਨੂੰ ਚਿਤਾਵਨੀ ਦਿੰਦਾ ਹਾਂ ਕਿ ਮੈਂ ਇਨ੍ਹਾਂ ਦੇ ਪਿੰਡ ਆਵਾਂਗਾ, ਰੋਕ ਕੇ ਵਿਖਾ ਲੈਣ। ਇਹ ਗੁੰਡੇ ਹਨ। ਇਨ੍ਹਾਂ ਨੂੰ ਬੋਲਣ ਦੀ ਅਕਲ ਨਹੀਂ ਹੈ। ਮੈਂ ਬੀਜੇਪੀ ਦੀ ਗੱਲ ਠੋਕ ਕੇ ਕਰਾਂਗਾ।’

ਕਿਸਾਨ ਲੀਡਰ ਹਰਿੰਦਰ ਲੱਖੋਵਾਲ ਨੇ ਗਰੇਵਾਲ ਨੂੰ ਜਵਾਬ ਦਿੰਦਿਆਂ ਕਿਹਾ ਕਿ ‘ਇਹ ਸਾਡੇ ਕਿਸਾਨਾਂ ਨੂੰ ਮਾੜਾ ਨਾ ਕਹਿਣ, ਸਾਨੂੰ ਇਹ ਬਰਦਾਸ਼ਤ ਨਹੀਂ ਹੋਵੇਗਾ। ਅੱਗੇ ਵੀ ਇਨ੍ਹਾਂ ਨੇ ਮਲੋਟ ਵਿੱਚ ਕੁੱਟ ਖਾਧੀ ਹੈ’।

ਜਦੋਂ ਹਰਜੀਤ ਗਰੇਵਾਲ ਨੇ ਲੱਖੋਵਾਲ ‘ਤੇ ਮੁਕੱਦਮਾ ਦਰਜ ਕਰਨ ਬਾਰੇ ਕਿਹਾ ਤਾਂ ਲੱਖੋਵਾਲ ਨੇ ਕਿਹਾ ਕਿ ‘ਮੇਰੇ ‘ਤੇ ਤਾਂ ਪਹਿਲਾਂ ਹੀ 307 ਦਾ ਪਰਚਾ ਦਰਜ ਹੈ, ਹੋਰ ਕਿੰਨੇ ਕੁ ਪਰਚੇ ਦਰਜ ਕਰਨੇ ਹਨ। ਗਰੇਵਾਲ ਨੇ ਲੱਖੋਵਾਲ ‘ਤੇ ਹੋਰ ਮੁਕੱਦਮੇ ਦਰਜ ਕਰਵਾਉਣ ਦੀ ਚਿਤਾਵਨੀ ਦਿੱਤੀ। ਦੋਵਾਂ ਲੀਡਰਾਂ ਨੇ ਇੱਕ-ਦੂਜੇ ਨੂੰ ਇਕੱਲਾ-ਇਕੱਲਾ ਟੱਕਰਣ ਦੀ ਚਿਤਾਵਨੀ ਵੀ ਦਿੱਤੀ’।