Punjab

ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਲਿਆ ਫੈਸਲਾ, ਅੰਮ੍ਰਿਤ ਛਕ ਕੇ ਕੁਤਾਹੀ ਵਰਤਣ ਵਾਲੇ ਕਰਵਾਉਣ ਸੁਧਾਈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੀਫ ਖ਼ਾਲਸਾ ਦੀਵਾਨ ਦੇ ਜਿਨ੍ਹਾਂ ਮੈਂਬਰਾਂ ਨੇ ਅੰਮ੍ਰਿਤ ਨਹੀਂ ਛਕਿਆ, ਜਿਨ੍ਹਾਂ ਮੈਂਬਰਾਂ ਨੇ ਅੰਮ੍ਰਿਤ ਛਕਣ ਤੋਂ ਬਾਅਦ ਰਹਿਤ ਰੱਖਣ ਪੱਖੋਂ ਢਿਲਾਈ ਕੀਤੀ ਹੈ ਅਤੇ ਕਈ ਮੈਂਬਰ ਕਕਾਰਾਂ ਤੋਂ ਰਹਿਤ ਹਨ, ਉਨ੍ਹਾਂ ਮੈਂਬਰਾਂ ਨੂੰ ਦੋ ਮਹੀਨਿਆਂ ਦੇ ਅੰਦਰ-ਅੰਦਰ ਪੰਜ ਤਖ਼ਤ ਸਾਹਿਬਾਨ ਵਿੱਚੋਂ ਕਿਸੇ ਵੀ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋ ਕੇ ਸੁਧਾਈ ਕਰਵਾਉਣ ਦੇ ਹੁਕਮ ਦਿੱਤੇ ਹਨ। ਇਹ ਫੈਸਲਾ ਕੱਲ੍ਹ ਪੰਜ ਸਿੰਘ ਸਾਹਿਬਾਨਾਂ ਦੀ ਹੋਈ ਵਿਸ਼ੇਸ਼ ਇਕੱਤਰਤਾ ਵਿੱਚ ਲਿਆ ਗਿਆ ਸੀ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਮੈਂਬਰ ਅਜਿਹਾ ਕਰਨ ਲਈ ਤਿਆਰ ਨਹੀਂ ਤਾਂ ਉਹ ਚੀਫ ਖ਼ਾਲਸਾ ਦੀਵਾਨ ਦੀ ਮੈਂਬਰੀ ਤੋਂ ਆਪਣੇ-ਆਪ ਅਸਤੀਫਾ ਦੇ ਦੇਵੇ ਜਾਂ ਚੀਫ ਖ਼ਾਲਸਾ ਦੀਵਾਨ ਉਸਦੀ ਮੈਂਬਰਸ਼ਿਪ ਰੱਦ ਕਰੇ। ਉਨ੍ਹਾਂ ਕਿਹਾ ਕਿ ਦੋ ਮਹੀਨਿਆਂ ਤੋਂ ਬਾਅਦ ਕਿਸੇ ਵੀ ਸਮੇਂ ਦੀਵਾਨ ਦੇ ਸਾਰੇ ਮੈਂਬਰਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁੱਖ ਹਾਜ਼ਿਰ ਕਰਕੇ ਪੁੱਛ-ਗਿੱਛ ਕੀਤੀ ਜਾ ਸਕਦੀ ਹੈ।

ਉਨ੍ਹਾਂ ਨੇ ਚੀਫ ਖ਼ਾਲਸਾ ਦੀਵਾਨ ਨੂੰ ਪਿਛਲੇ ਸਮੇਂ ਸੰਵਿਧਾਨ ਵਿੱਚ ਸੋਧ ਕਰਨ ਦੇ ਨਾਮ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਖ਼ਤਮ ਕੀਤੀ ਸੀ, ਉਸ ਮੱਧ ਨੂੰ ਸਰਬਸੰਮਤੀ ਨਾਲ ਮੁੜ ਸ਼ਾਮਿਲ ਕਰਨ ਦੀ ਹਦਾਇਤ ਦਿੱਤੀ। ਜਥੇਦਾਰ ਨੇ ਕਿਹਾ ਕਿ ਚੀਫ ਖ਼ਾਲਸਾ ਦੀਵਾਨ ਦੇ ਮੈਂਬਰ ਸਤਨਾਮ ਸਿੰਘ, ਮੁੰਬਈ ਅਤੇ ਅਵਤਾਰ ਸਿੰਘ ਦੀ ਮੈਂਬਰਸ਼ਿਪ ਰੱਦ ਕੀਤੀ ਗਈ ਹੈ, ਇਨ੍ਹਾਂ ਦੀ ਮੈਂਬਰਸ਼ਿਪ ਕਿਉਂ ਰੱਦ ਕੀਤੀ ਗਈ ਹੈ, ਚੀਫ ਖ਼ਾਲਸਾ ਦੀਵਾਨ ਇਸਦਾ ਸਪੱਸ਼ਟੀਕਰਨ ਹਫਤੇ ਦੇ ਅੰਦਰ-ਅੰਦਰ ਭੇਜੇ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 6 ਜੂਨ, 2020 ਨੂੰ ਨਵੇਂ ਮੈਂਬਰ ਬਣਨ ‘ਤੇ ਰੋਕ ਲਾਈ ਸੀ, ਇਸਦੇ ਬਾਵਜੂਦ ਨਵੇਂ ਮੈਂਬਰ ਸ਼ਾਮਿਲ ਕਰਨ ਬਾਰੇ ਸਾਨੂੰ ਸ਼ਿਕਾਇਤ ਪਹੁੰਚੀ ਹੈ, ਇਸਦਾ ਸਪੱਸ਼ਟੀਕਰਨ ਵੀ ਦਿੱਤਾ ਜਾਵੇ।