India

ਛੱਤੀਸਗੜ੍ਹ ਵਿੱਚ ਹੋਏ ਨਕਸਲੀ ਹਮਲੇ ‘ਚ ਮਰਨ ਵਾਲੇ ਜਵਾਨਾਂ ਦੀ ਗਿਣਤੀ 22 ਹੋਈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਛੱਤੀਸਗੜ੍ਹ ਵਿੱਚ ਨਕਸਲੀਆਂ ਨਾਲ ਹੋਈ ਮੁੱਠਭੇੜ ਦੌਰਾਨ ਸ਼ਹੀਦ ਹੋਏ ਸੁਰੱਖਿਆ ਦਸਤੇ ਦੇ 17 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ, ਜਿਸ ਨਾਲ ਮਰਨ ਵਾਲੇ ਜਵਾਨਾਂ ਦੀ ਗਿਣਤੀ 22 ਹੋ ਗਈ ਹੈ। 7 ਜ਼ਖਮੀ ਜਵਾਨਾਂ ਨੂੰ ਇਲਾਜ ਲਈ ਰਾਏਪੁਰ ਸ਼ਿਫਟ ਕੀਤਾ ਗਿਆ ਹੈ। ਕਰੀਬ 21 ਜਵਾਨ ਹਾਲੇ ਵੀ ਲਾਪਤਾ ਹਨ। ਛੱਤੀਸਗੜ੍ਹ ਦੇ ਸੁਕਮਾ ਅਤੇ ਬੀਜਾਪੁਰ ਜ਼ਿਲ੍ਹਿਆਂ ਵਿੱਚ ਹੋਏ ਹਮਲੇ ‘ਚ ਲਗਾਤਾਰ ਚਾਰ ਘੰਟੇ ਫਾਇਰਿੰਗ ਹੋਈ ਸੀ। ਇਸ ਹਮਲੇ ਵਿੱਚ ਮਾਓਵਾਦੀਆਂ ਦੇ ਮਾਰੇ ਜਾਣ ਦੀ ਵੀ ਖਬਰ ਆਈ ਹੈ।

ਸੂਬੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਅੱਜ ਘਟਨਾ ਸਥਾਨ ਤੋਂ ਲਾਪਤਾ 17 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਬੀਤੇ ਦਿਨ ਸੁਕਮਾ ਜ਼ਿਲ੍ਹੇ ਦੇ ਜਗਰਗੁੰਡਾ ਥਾਣੇ ਦੇ ਪਿੰਡ ਜੋਨਾਗੁੜਾ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ ਸਨ ਤੇ 30 ਜ਼ਖ਼ਮੀ ਹੋ ਗਏ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਘਟਨਾ ਮਗਰੋਂ ਅਸਾਮ ਦਾ ਦੌਰਾ ਵਿਚਾਲੇ ਹੀ ਛੱਡ ਕੇ ਦਿੱਲੀ ਪਰਤ ਗਏ। ਅਮਿਤ ਸ਼ਾਹ ਨੇ ਅੱਜ ਛੱਤੀਸਗੜ੍ਹ ਵਿੱਚ ਨਕਸਲੀਆਂ ਨਾਲ ਮੁਕਾਬਲੇ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਸੂਬੇ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸੀਆਰਪੀਐੱਫ ਦੇ ਡੀਜੀ ਨੂੰ ਹਾਲਾਤ ਦਾ ਜਾਇਜ਼ਾ ਲੈਣ ਲਈ ਛੱਤੀਸਗੜ੍ਹ ਜਾਣ ਲਈ ਕਿਹਾ ਹੈ।