‘ਦ ਖ਼ਾਲਸ ਬਿਊਰੋ (ਪੁਨੀਤ ਕੌਰ):-  ਸ਼ਹਾਦਤ ਅਤੇ ਦਗੇਬਾਜ਼ੀ,ਇਨ੍ਹਾਂ ਦੋ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਬਹੁਤ ਔਖਾ ਹੈ ਕਿਉਂਕਿ ਇਨ੍ਹਾਂ ਸ਼ਬਦਾਂ ਦਾ ਵਿਸ਼ਲੇਸ਼ਣ ਕਰਦਿਆਂ ਹਮੇਸ਼ਾ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਇਹ ਦੋ ਸ਼ਬਦ ਬਣੇ ਹੀ ਸਿੱਖ ਕੌਮ ਦੇ ਲਈ ਹਨ। ਜੇਕਰ ਅਸੀਂ ਇਤਿਹਾਸ ਨੂੰ ਵੇਖੀਏ ਤਾਂ ਇਸ ਗੱਲ ਦਾ ਪ੍ਰਮਾਣ ਮਿਲਦਾ ਹੈ ਕਿ ਜੰਗ ਭਾਵੇਂ ਪਾਕਿਸਤਾਨ ਨਾਲ ਹੋਵੇ ਤੇ ਜਾਂ ਫਿਰ ਚੀਨ ਨਾਲ, ਬਲੀ ਦੀ ਬੱਕਰਾ ਤਾਂ ਹਮੇਸ਼ਾ ਸਿੰਘ ਹੀ ਬਣਦੇ ਹਨ। ਅਸੀਂ ਜਾਣਦੇ ਹਾਂ ਕਿ ਸਿੰਘਾਂ ‘ਚ ਇਨ੍ਹਾਂ ਜੰਗਾਂ ਯੁੱਧਾਂ ਨੂੰ ਲੜਨ ਦਾ ਹੌਂਸਲਾ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪੜਨ ਨਾਲ ਮਿਲਦਾ ਹੈ।

ਪਰ ਤ੍ਰਾਸਦੀ ਤਾਂ ਇਸ ਗੱਲ ਦੀ ਹੈ ਕਿ ਸਿੰਘਾਂ ਦੀਆਂ ਦਿੱਤੀਆਂ ਜਾਂਦੀਆਂ ਇਨ੍ਹਾਂ ਸ਼ਹਾਦਤਾਂ ਨੂੰ ਸਮੇਂ ਦੀ ਹਕੂਮਤ ਨੇ ਆਪਣੇ ਅਨੁਸਾਰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡ ਦਿੱਤਾ ਹੈ ਭਾਵ ਜੇ ਸਿੰਘ ਸਰਹੱਦਾਂ ਉੱਪਰ ਜੂਝਦਿਆਂ ਛਾਤੀਆਂ ਗੋਲੀਆਂ ਨਾਲ ਵਿੰਨੀਆਂ ਜਾਣ ‘ਤੇ ਸ਼ਹੀਦ ਹੋ ਜਾਣ ਤਾਂ ਉਹ ਸੱਤਵਾਦੀ ਕਹਿਲਾਉਂਦੇ ਹਨ ਪਰ ਜੇ ਇਹੀ ਸਿੰਘ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਆਪਣੀਆਂ ਛਾਤੀਆਂ ਛਲਣੀ ਕਰਕੇ ਸ਼ਹੀਦ ਹੁੰਦੇ ਹਨ ਤਾਂ ਇਨ੍ਹਾਂ ਨੂੰ ਅੱਤਵਾਦੀ ਕਿਹਾ ਜਾਂਦਾ ਹੈ। ਇਹੀ ਸਿੰਘ ਜਦੋਂ ਨਿਸ਼ਾਨ ਸਾਹਿਬ ਜੀ ਦੀ ਅਗਵਾਈ ਹੇਠ ਆਪਣੇ ਹੱਕਾਂ ਦੀ ਜੰਗ ਲੜਦੇ ਹਨ ਤਾਂ ਇਨ੍ਹਾਂ ਨੂੰ ਦੇਸ਼ ਦੇ ਗੱਦਾਰ ਕਿਹਾ ਜਾਂਦਾ ਹੈ। ਇਹ ਦੋਹਰੇ ਮਾਪਦੰਡ ਆਖਿਰ ਸਿੱਖਾਂ ‘ਤੇ ਹੀ ਕਿਉਂ ਲੱਗਦੇ ਹਨ ? ਜੇ ਮਹਾਤਮਾ ਗਾਂਧੀ ਦਾ ਕਤਲ ਹੋਵੇ ਤਾਂ ਦੇਸ਼ ਦੀ ਅਮਨ ਸ਼ਾਂਤੀ ਬਹਾਲ ਰਹਿੰਦੀ ਹੈ ਪਰ ਜੇ ਕਤਲ ਇੰਦਰਾ ਗਾਂਧੀ ਦਾ ਹੋਵੇ ਤਾਂ ਦਿੱਲੀ ਲਹੂ-ਲੁਹਾਨ ਹੋ ਜਾਂਦੀ ਹੈ।

ਜਦੋਂ ਵੀ ਦੇਸ਼ ਵਿੱਚ ਕੋਈ ਆਫ਼ਤ ਆਉਂਦੀ ਹੈ ਤਾਂ ਦੇਸ਼ ਦਾ ਕੋਈ ਵੀ ਗੁਰੂ-ਧਾਮ ਅਜਿਹਾ ਨਹੀਂ ਜੋ ਲੋੜਵੰਦਾਂ ਦੀ ਮਦਦ ਲਈ ਅੱਗੇ ਨਾ ਆਇਆ ਹੋਵੇ ਪਰ ਜਦੋਂ ਇਨ੍ਹਾਂ ਹੀ ਗੁਰਧਾਮਾਂ ਵਿੱਚੋਂ ਅਸੀਂ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਦੇ ਹਾਂ ਤਾਂ ਉਸ ਸਮੇਂ ਇਨ੍ਹਾਂ ਗੁਰਧਾਮਾਂ ਨੂੰ ਤੋਪਾਂ,ਟੈਂਕਾਂ ਦੇ ਨਾਲ ਤੋੜਿਆ ਗਿਆ ਹੈ। ਸਿੱਖਾਂ ਦੇ ਪ੍ਰਤੀ ਅਜਿਹੀ ਸੋਚ ਨੂੰ ਬਦਲਣ ਦੀ ਲੋੜ ਹੈ ਕਿਉਂਕਿ ਸਮੇਂ-ਸਮੇਂ ‘ਤੇ ਮੁਸ਼ਕਿਲ ਸਮੇਂ ਦੇ ਵਿੱਚ ਇਹਨਾਂ ਸਿੰਘਾਂ ਨੇ ਹੀ ਸਹਿਯੋਗ ਦਿੱਤਾ ਹੈ।

Leave a Reply

Your email address will not be published. Required fields are marked *