Punjab

CM ਕੈਪਟਨ ਨੇ ਕਿਸਾਨਾਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੱਦੇ ਨੂੰ ਕਬੂਲ ਕਰਨ ਦੀ ਕੀਤੀ ਅਪੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਿਸਾਨਾਂ ਨੂੰ ਦਿੱਤੇ ਗੱਲਬਾਤ ਦੇ ਦਿੱਤੇ ਗਏ ਸੱਦੇ ਦਾ ਸਵਾਗਤ ਕਰਦਿਆਂ ਕਿਸਾਨਾਂ ਨੂੰ ਗ੍ਰਹਿ ਮੰਤਰੀ ਦੀ ਪੇਸ਼ਕਸ਼ ਨੂੰ ਮੰਨਣ ਦੀ ਅਪੀਲ ਕੀਤੀ ਹੈ। ਕੈਪਟਨ ਨੇ ਕਿਹਾ ਕਿ ਮਸਲੇ ਦਾ ਹੱਲ ਗੱਲਬਾਤ ਨਾਲ ਹੀ ਨਿਕਲੇਗਾ। ਪਰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਦੀ ਸਲਾਹ ਦੀ ਅਲੋਚਨਾ ਕੀਤੀ ਹੈ।

ਪੰਜਾਬ ਦੇ ਕਿਸਾਨਾਂ ਦੇ ਦਿੱਲੀ ਕੂਚ ਦੌਰਾਨ ਹਰਿਆਣਾ ਸਰਕਾਰ ਵੱਲੋਂ ਖੜ੍ਹੀਆਂ ਕੀਤੀਆਂ ਰੋਕਾਂ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕੈਪਟਨ ਨੇ ਕਿਹਾ ਕਿ ਜਦੋਂ ਤੱਕ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪੰਜਾਬ ਦੇ ਕਿਸਾਨਾਂ ਤੋਂ ਮੁਆਫ਼ੀ ਨਹੀਂ ਮੰਗ ਲੈਂਦੇ, ਉਦੋਂ ਤੱਕ ਗੁਆਂਢੀ ਸੂਬੇ ਦੇ ਮੁੱਖ ਮੰਤਰੀ ਨਾਲ ਗੱਲਬਾਤ ਦੀ ਕੋਈ ਸਾਂਝ ਵੀ ਨਹੀਂ ਰੱਖੀ ਜਾਵੇਗੀ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਕਿਸਾਨ ਅੰਦੋਲਨ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੀ ਸ਼ਮੂਲੀਅਤ ਨਹੀਂ ਹੈ ਸਗੋਂ ਇਹ ਕਿਸਾਨਾਂ ਦਾ ਸੁਭਾਵਿਕ ਪ੍ਰਤੀਕਰਮ ਹੈ, ਜੋ ਆਪਣੇ ਭਵਿੱਖ ਦੀ ਲੜਾਈ ਲੜ ਰਹੇ ਹਨ।

ਕੈਪਟਨ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ ਅਤੇ ਕੇਂਦਰ ਸਰਕਾਰ ਨੂੰ ਉਨ੍ਹਾਂ ਦੇ ਆਉਣ ਉੱਤੇ ਕੋਈ ਇਤਰਾਜ਼ ਨਹੀਂ ਹੈ ਤਾਂ ਇਨ੍ਹਾਂ ਵਿਚਾਲੇ ਟੰਗ ਅੜਾਉਣ ਵਾਲਾ ਖੱਟਰ ਕੌਣ ਹੁੰਦਾ? ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ, ‘ਮੈਂ ਖੱਟਰ ਦੀਆਂ ਬੇਤੁੱਕੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦੇਵਾਂਗਾ। ਕੀ ਮੇਰੇ ਕੋਲ ਕਿਸਾਨਾਂ ਨੂੰ ਭੜਕਾਉਣ ਤੋਂ ਇਲਾਵਾ ਕੋਈ ਹੋਰ ਚੰਗਾ ਕੰਮ ਕਰਨ ਲਈ ਨਹੀਂ ਹੈ?’

ਕੈਪਟਨ ਨੇ ਮਨੋਹਰ ਲਾਲ ਖੱਟਰ ’ਤੇ ਝੂਠ ਬੋਲਣ ਦੇ ਦੋਸ਼ ਲਾਉਂਦਿਆਂ ਕਿਹਾ ਕਿ, ‘‘ਖੱਟਰ ਇਹ ਝੂਠ ਬੋਲ ਰਿਹਾ ਹੈ ਕਿ ਉਸਨੇ ਕਈ ਵਾਰ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਜਵਾਬ ਨਹੀਂ ਦਿੱਤਾ। ਪਰ ਹੁਣ ਉਸ ਨੇ ਮੇਰੇ ਕਿਸਾਨਾਂ ਨਾਲ ਜੋ ਕੁੱਝ ਕੀਤਾ ਹੈ, ਮੈਂ ਉਸ ਨਾਲ ਬਿਲਕੁਲ ਗੱਲ ਨਹੀਂ ਕਰਨੀ, ਚਾਹੇ 10 ਵਾਰ ਕੋਸ਼ਿਸ਼ ਕਰਕੇ ਦੇਖ ਲਵੇ। ਜਦੋਂ ਤੱਕ ਖੱਟਰ ਮੁਆਫ਼ੀ ਨਹੀਂ ਮੰਗਦਾ ਅਤੇ ਇਹ ਨਹੀਂ ਮੰਨ ਲੈਂਦਾ ਕਿ ਮੈਂ ਪੰਜਾਬ ਦੇ ਕਿਸਾਨਾਂ ਨਾਲ ਗਲਤ ਕੀਤਾ, ਮੈਂ ਉਸ ਨੂੰ ਮੁਆਫ਼ ਨਹੀਂ ਕਰਾਂਗਾ।’’