‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ‘ਆਪ’ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਦੀ ਪੰਜਾਬ ‘ਚ ਆਵਾਜਾਈ ਰੋਕੇ ਜਾਣ ‘ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ‘ਕੇਂਦਰ ਸਰਕਾਰ ਨੇ ਪੰਜਾਬ ਨੂੰ ਮਾਲ ਗੱਡੀਆਂ ਰੋਕਣ ਦੀ ਧਮਕੀ ਦਿੱਤੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਜੇ ਕਿਸੇ ਕਾਨੂੰਨ ਦਾ ਵਿਰੋਧ ਹੋ ਰਿਹਾ ਹੈ ਤਾਂ ਉਸਦਾ ਬੈਠ ਕੇ ਹੱਲ ਕੱਢਿਆ ਜਾਣਾ ਚਾਹੀਦਾ ਹੈ। ਕੇਂਦਰ ਨੇ ਕਿਸਾਨਾਂ ਨੂੰ ਦਿੱਲੀ ਬੁਲਾ ਕੇ ਉਨ੍ਹਾਂ ਨਾਲ ਗੱਲ ਨਾ ਕਰਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਉਨ੍ਹਾਂ ਦਾ ਅਪਮਾਨ ਕੀਤਾ ਹੈ। ਰੂਰਲ ਡਵੈਲਪਮੈਂਟ ਫੰਡ ਨੂੰ ਬੰਦ ਕਰਨਾ ਪੰਜਾਬ ਦਾ ਗਲਾ ਘੁੱਟਣ ਦੀ ਸ਼ੁਰੂਆਤ ਹੈ ਅਤੇ ਇਸਦਾ ਅਸੀਂ ਵਿਰੋਧ ਕਰਾਂਗੇ’।

ਭਗਵੰਤ ਮਾਨ ਨੇ ਕਿਹਾ ਕਿ ‘ਕਾਨੂੰਨ ਵਿੱਚ ਕਿਤੇ ਵੀ MSP ਬਾਰੇ ਨਹੀਂ ਲਿਖਿਆ ਗਿਆ। ਕਿਸਾਨਾਂ ਨੂੰ ਪੰਜਾਬ ਦੇ ਬਲੈਕ ਆਊਟ ਹੋਣ ਦਾ ਡਰਾਵਾ ਦੇ ਕੇ ਉਨ੍ਹਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’। ਉਨ੍ਹਾਂ ਕੈਪਟਨ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ‘ਪੰਜਾਬ ਸਰਕਾਰ ਵੱਲੋਂ ਕਿਸਾਨੀ ਬਿੱਲ ਬਾਅਦ ਵਿੱਚ ਪੇਸ਼ ਕੀਤੇ ਗਏ, ਕਿਸਾਨਾਂ ਦੇ ਰਖਵਾਲੇ ਬੋਰਡ ਪਹਿਲਾਂ ਹੀ ਲਾ ਲਏ ਹਨ। ਕੈਪਟਨ ਸਾਬ੍ਹ ! ਕਿਸਾਨੀ ਦੇ ਰਖਵਾਲੇ ਤਾਂ ਹਾਲੇ ਵੀ ਰੇਲ ਪਟੜੀਆਂ ‘ਤੇ ਆਪਣੇ ਬੱਚਿਆਂ ਨਾਲ ਬੈਠੇ ਹਨ। ਕੇਂਗਰ ਵੱਲੋਂ ਰੇਲਾਂ ਰੋਕਣਾ ਕਿਸਾਨਾਂ ਦੇ ਸੰਘਰਸ਼ ਨੂੰ ਉਕਸਾ ਰਿਹਾ ਹੈ।’

ਭਗਵੰਤ ਮਾਨ ਨੇ ਕਿਹਾ ਕਿ ‘ਇਹ ਬਿੱਲ ਪੰਜਾਬ ਸਰਕਾਰ ਨੇ ਨਹੀ ਬਣਾਏ ਬਲਕਿ ਬਿੱਲ ਉੱਤੇ ਪੰਜਾਬ ਸੋਧ ਲਿਖ ਦਿੱਤਾ ਹੈ, ਜੋ ਕਿ ਅੰਤ ਨੂੰ ਕੇਂਦਰ ਕੋਲ ਹੀ ਜਾਣੇ ਹਨ। ਸਾਡੇ ਕੋਲ ਹੁਣ ਸੁਪਰੀਮ ਕੋਰਟ ਹੀ ਇੱਕ ਰਾਹ ਹੈ, ਅਸੀਂ ਗ੍ਰਾਮ ਸਭਾ ਰਾਹੀਂ ਇਸਦਾ ਹੱਲ ਲੱਭ ਰਹੇ ਹਾਂ। ਬੇਸ਼ੱਕ ਕਿਸਾਨ ਸਾਨੂੰ ਆਪਣ ਸੰਘਰਸ਼ ਵਿੱਚ ਸ਼ਾਮਿਲ ਨਾ ਕਰਨ ਪਰ ਅਸੀਂ ਹਰ ਵਕਤ ਕਿਸਾਨਾਂ ਦੇ ਨਾਲ ਹਾਂ। ਜਦੋਂ ਸਾਡੀ ਸਰਕਾਰ ਆਵੇਗੀ ਤਾਂ ਅਸੀਂ ਸਭ ਤੋਂ ਪਹਿਲਾਂ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਲਵਾਂਗੇ। ਮੋਦੀ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਬਹੁਤ ਛੋਟਾ ਸਮਝ ਰਹੀ ਹੈ। ’

Leave a Reply

Your email address will not be published. Required fields are marked *