Punjab

ਕੈਪਟਨ ਨੇ ਕਿਸਾਨਾਂ, PM ਮੋਦੀ, ਅਮਿਤ ਸ਼ਾਹ ਨਾਲ ਮੁਲਾਕਾਤ ਲਈ ਮੰਗਿਆ ਸਮਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਕਿਸਾਨਾਂ ਦੇ ਨਾਲ ਮੁਲਾਕਾਤ ਕਰਨਗੇ। ਕਿਸਾਨਾਂ ਦੇ ਦਿੱਲੀ ਕੂਚ ਕਰਨ ਦੇ ਐਲਾਨ ਦੇ ਵਿਚਾਲੇ ਇਹ ਮੀਟਿੰਗ ਕੀਤੀ ਜਾਵੇਗੀ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜਿੰਨਾ ਚਿਰ ਤੱਕ ਸਾਨੂੰ ਲਿਖਤੀ ਸੱਦਾ ਨਹੀਂ ਮਿਲਦਾ, ਅਸੀਂ ਮੀਟਿੰਗ ਵਿੱਚ ਨਹੀਂ ਜਾਵਾਂਗੇ। ਕੈਪਟਨ ਨੇ ਕਿਸਾਨ ਜਥੇਬੰਦੀਆਂ ਨੂੰ ਯਾਤਰੀ ਰੇਲਾਂ ਚਲਾਉਣ ਲਈ ਇਜਾਜ਼ਤ ਦੇਣ ਦੀ ਮੰਗ ਕੀਤੀ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਅੱਗੇ ਗੰਨੇ ਦੀ ਫਸਲ ਦੀ ਬਕਾਇਆ ਰਾਸ਼ੀ ਦੇਣ ਦੀ ਮੰਗ ਵੀ ਰੱਖਣਗੇ।

ਕੈਪਟਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਮੁਲਾਕਾਤ ਦਾ ਸਮਾਂ ਮੰਗਿਆ ਹੈ। ਕੈਪਟਨ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ਦਾ ਮੁੱਦਾ ਨਰਮੀ ਨਾਲ ਹੱਲ ਕਰਨ ਦੀ ਅਪੀਲ ਕੀਤੀ। ਕੈਪਟਨ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਯਾਤਰੀ ਅਤੇ ਮਾਲ ਗੱਡੀਆਂ ਨੂੰ ਜੋੜ ਕੇ ਨਾ ਦੇਖਿਆ ਜਾਵੇ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦਾ ਅੰਦੋਲਨ ਖ਼ਤਮ ਕਰਨ ਲਈ ਸੂਬਾ ਸਰਕਾਰ ਨਾਲ ਮਿਲ ਕੇ ਸਾਜ਼ਗਾਰ ਮਾਹੌਲ ਤਿਆਰ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਮੌਜੂਦਾ ਸੰਕਟ ਨੂੰ ਸੁਲਝਾਉਣਾ ਸੂਬਾ ਅਤੇ ਕੇਂਦਰ ਸਰਕਾਰ ਦੀ ਸਾਂਝੀ ਜ਼ਿੰਮੇਵਾਰੀ ਹੈ। ਕੈਪਟਨ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ ਕਿ ਰੇਲਾਂ ਬੰਦ ਹੋਣ ਨਾਲ ਸੂਬੇ ਦੇ ਖਜ਼ਾਨੇ ਨੂੰ ਰੋਜ਼ਾਨਾ ਬਹੁਤ ਵੱਡਾ ਨੁਕਾਸਨ ਹੋ ਰਿਹਾ ਹੈ, ਉੱਥੇ ਹੀ ਪੰਜਾਬ ਦੀ ਖੇਤੀ ਅਤੇ ਸਨਅਤ ਨੂੰ ਨਾ ਪੂਰਿਆ ਜਾ ਸਕਣ ਵਾਲਾ ਨੁਕਸਾਨ ਹੋ ਰਹਾ ਹੈ।

ਕੈਪਟਨ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਸਾਰੇ ਰੇਲ ਟਰੈਕ ਖਾਲੀ ਹੋ ਚੁੱਕੇ ਹਨ। ਕੇਂਦਰ ਸਰਕਾਰ ਨੂੰ ਪੰਜਾਬ ਦੇ ਵਿੱਤੀ ਸੰਕਟ ਵੱਲ ਧਿਆਨ ਦੇਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਤੋਂ ਅਸੀਂ ਮੁਲਾਕਾਤ ਦਾ ਸਮਾਂ ਮੰਗਿਆ ਹੈ, ਜਦੋਂ ਹੀ ਉਹ ਸਾਨੂੰ ਮੁਲਾਕਾਤ ਦਾ ਸਮਾਂ ਦੇਣਗੇ, ਅਸੀਂ ਮੁਲਾਕਾਤ ਲਈ ਜਾਵਾਂਗੇ। ਕੱਲ੍ਹ ਕਿਸਾਨਾਂ ਦੇ ਨਾਲ ਦੁਪਹਿਰ ਨੂੰ ਮਿਲ ਕੇ ਮੀਟਿੰਗ ਕੀਤੀ ਜਾਵੇਗੀ ਅਤੇ ਇਸ ਮੀਟਿੰਗ ਵਿੱਚ ਕੈਬਨਿਟ ਮੰਤਰੀਆਂ ਦੀ ਕਮੇਟੀ ਵੀ ਹਿੱਸਾ ਲਵੇਗੀ।