‘ਦ ਖ਼ਾਲਸ ਬਿਊਰੋ :- ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਨੇ ਅਗਲੇ ਤਿੰਨ ਸਾਲਾਂ ਦੌਰਾਨ 12 ਲੱਖ ਤੋਂ ਵਧੇਰੇ ਨਵੇਂ ਕਾਮਿਆਂ ਨੂੰ ਬੁਲਾਉਣ ਦਾ ਟੀਚਾ ਰੱਖਿਆ ਹੈ। ਇਹ ਪ੍ਰਗਟਾਵਾ ਕਰਦਿਆਂ ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਮਾਰਕੋ ਮੈਂਡੀਸੀਨੋ ਨੇ ਦੱਸਿਆ ਕਿ 2021 ਵਿੱਚ 401,000 ਪੀ.ਆਰ., 2022 ਵਿੱਚ 411,000 ਅਤੇ 2023 ਵਿੱਚ 421,000 ਪੀ.ਆਰ. ਸ਼ਾਮਲ ਕੀਤੇ ਜਾਣਗੇ। ਜਾਣਕਾਰੀ ਮੁਤਾਬਕ ਪਿਛਲੀ ਯੋਜਨਾ  ਅਨੁਸਾਰ 2021 ਵਿੱਚ 351,000 ਅਤੇ 2022 ਵਿੱਚ 361,000 ਪੀ.ਆਰ. ਬੁਲਾਉਣ ਦਾ ਟੀਚਾ ਰੱਖਿਆ ਗਿਆ ਸੀ।

ਇਮੀਗਰੇਸ਼ਨ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨੇ ਸਾਡੇ ਭਾਈਚਾਰਿਆਂ ਦੀ ਭਲਾਈ ਅਤੇ ਆਰਥਿਕਤਾ ਦੇ ਸਾਰੇ ਖੇਤਰਾਂ ਵਿੱਚ ਪ੍ਰਵਾਸੀਆਂ ਦੇ ਯੋਗਦਾਨ ਨੂੰ ਉਜਾਗਰ ਕੀਤਾ ਹੈ। ਸਿਹਤ-ਸੰਭਾਲ ਪ੍ਰਣਾਲੀ ਕੈਨੇਡੀਅਨਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਪ੍ਰਵਾਸੀਆਂ ‘ਤੇ ਨਿਰਭਰ ਕਰਦੀ ਹੈ। ਹੋਰ ਉਦਯੋਗ, ਜਿਵੇਂ ਕਿ ਸੂਚਨਾ ਤਕਨਾਲੋਜੀ ਕੰਪਨੀਆਂ, ਕਿਸਾਨ ਅਤੇ ਉਤਪਾਦਕ, ਸਪਲਾਈ ਪ੍ਰਣਾਲੀ ਨੂੰ ਬਣਾਈ ਰੱਖਣ, ਆਪਣੇ ਕਾਰੋਬਾਰਾਂ ਦਾ ਵਿਸਥਾਰ ਕਰਨ ਅਤੇ ਕੈਨੇਡੀਅਨਾਂ ਵਾਸਤੇ ਵਧੇਰੇ ਨੌਕਰੀਆਂ ਪੈਦਾ ਕਰਨਾ ਵੀ ਨਵੇਂ ਆਉਣ ਵਾਲਿਆਂ ਦੀ ਪ੍ਰਤਿਭਾ ‘ਤੇ ਨਿਰਭਰ ਕਰਦਾ ਹੈ।

ਉਨ੍ਹਾਂ ਕਿਹਾ ਕਿ ਬੇਸ਼ੱਕ ਇਮੀਗਰੇਸ਼ਨ ਵਿਭਾਗ ਨੇ ਇਸ ਮਹਾਂਮਾਰੀ ਦੌਰਾਨ ਪ੍ਰਵਾਸੀ ਅਰਜ਼ੀਆਂ ਨੂੰ ਸਵੀਕਾਰ ਕਰਨ ਦੀ ਪ੍ਰਕਿਰਿਆ ਜਾਰੀ ਰੱਖੀ, ਪਰ ਵਿਸ਼ਵ-ਵਿਆਪੀ ਯਾਤਰਾ ਪਾਬੰਦੀਆਂ ਅਤੇ ਸਮਰੱਥਾ ਦੀਆਂ ਰੁਕਾਵਟਾਂ ਕਾਰਨ ਪਿਛਲੇ ਕਈ ਮਹੀਨਿਆਂ ਦੌਰਾਨ ਪ੍ਰਵਾਸੀਆਂ ਦੇ ਕੈਨੇਡਾ ਦਾਖਲਿਆਂ ਵਿੱਚ ਕਮੀ ਆਈ ਹੈ।

Leave a Reply

Your email address will not be published. Required fields are marked *