India Punjab

ਮੁਖਤਾਰ ਅੰਸਾਰੀ ਨੂੰ ਮੁਹਾਲੀ ਅਦਾਲਤ ਵਿੱਚ ਲੈ ਕੇ ਆਉਣ ਵਾਲੀ ਐਂਬੂਲੈਂਸ ਸੁਰਖੀਆਂ ‘ਚ ਆਈ

‘ਦ ਖ਼ਾਲਸ ਬਿਊਰੋ :- ਪੰਜਾਬ ਪੁਲਿਸ ਵੱਲੋਂ ਕੱਲ੍ਹ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਵਿਧਾਇਕ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਤੋਂ ਮੁਹਾਲੀ ਅਦਾਲਤ ਵਿੱਚ ਪੇਸ਼ ਕਰਨ ਲਈ ਉੱਤਰ ਪ੍ਰਦੇਸ਼ ਦੇ ਨੰਬਰ ਦੀ ਇੱਕ ਐਂਬੂਲੈਂਸ ਵਿੱਚ ਲਿਆਂਦਾ ਗਿਆ ਸੀ। ਇਸ ਯੂ.ਪੀ.ਨੰਬਰ ਦੀ ਐਂਬੂਲੈਂਸ ‘ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮਸਲੇ ‘ਤੇ ਬੋਲਦਿਆਂ ਕਿਹਾ ਕਿ ਮੇਰੀ ਜ਼ਿੰਮੇਵਾਰੀ ਸਿਰਫ ਜੇਲ੍ਹ ਦੇ ਅੰਦਰ ਤੱਕ ਹੀ ਹੈ। ਇਸ ਐਂਬੂਲੈਂਸ ਬਾਰੇ ਪੰਜਾਬ ਪੁਲਿਸ ਜਵਾਬ ਦੇਵੇ।

ਮੁਖਤਾਰ ਅੰਸਾਰੀ ਨੂੰ ਮੁਹਾਲੀ ਦੇ ਇੱਕ ਨਾਮੀ ਬਿਲਡਰ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਉਹ ਯੂ.ਪੀ. ਦੇ ਮਊ ਹਲਕੇ ਤੋਂ ਵਿਧਾਇਕ ਹੈ। ਉਨ੍ਹਾਂ ਖ਼ਿਲਾਫ਼ ਮਟੌਰ ਥਾਣੇ ਵਿੱਚ ਧਾਰਾ 386 ਅਧੀਨ ਕੇਸ ਦਰਜ ਹੈ। ਅੰਸਾਰੀ ਨੂੰ 22 ਜਨਵਰੀ 2019 ਨੂੰ ਮੁਹਾਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਦੋ ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਅਧੀਨ ਰੂਪਨਗਰ ਜੇਲ੍ਹ ਭੇਜ ਦਿੱਤਾ ਸੀ।

ਉੱਤਰ ਪ੍ਰਦੇਸ਼ ਦੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਆਨੰਦ ਸਵਰੂਪ ਸ਼ੁਕਲਾ ਨੇ ਮੁਖਤਾਰ ਅੰਸਾਰੀ ਦਾ ਜ਼ਿਕਰ ਕਰਦਿਆਂ ਕਾਂਗਰਸ ’ਤੇ ਇਸਲਾਮਿਕ ਅੱਤਵਾਦੀਆਂ ਦੇ ਨਾਲ ਖੜੇ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਅੰਸਾਰੀ ਨੂੰ ਪੰਜਾਬ ਜੇਲ੍ਹ ਤੋਂ ਘੜੀਸ ਕੇ ਲੈ ਕੇ ਆਵੇਗੀ।

ਉਨ੍ਹਾਂ ਦੋਸ਼ ਲਾਇਆ ਕਿ, “ਕਾਂਗਰਸ ਦਾ ਡੀਐੱਨਏ ਸਮਾਜ ਵਿਰੋਧੀ ਅਨਸਰਾਂ ਖ਼ਾਸਕਰ ਇਸਲਾਮਿਕ ਅੱਤਵਾਦੀਆਂ ਨਾਲ ਖੜੇ ਹੋਣ ਦਾ ਹੈ। ਕਾਂਗਰਸ ਆਪਣੇ ਚਰਿੱਤਰ ਮੁਤਾਬਕ ਮੁਖਤਾਰ ਅੰਸਾਰੀ ਨਾਲ ਖੜੀ ਹੈ। ਪੰਜਾਬ ਦੀ ਜੇਲ੍ਹ ਵਿੱਚ ਜਿਹੜਾ ਬੱਕਰਾ ਬੰਦ ਹੈ, ਉਸ ਦੀ ਅੰਮੀ ਬਹੁਤੇ ਦਿਨਾਂ ਤੱਕ ਖ਼ੈਰ ਨਹੀਂ ਮਨਾ ਸਕੇਗੀ।”