‘ਦ ਖ਼ਾਲਸ ਬਿਊਰੋ ( ਪਾਕਿਸਤਾਨ ) :-  ਜਦੋਂ ਵੀ ਅੱਤਵਾਦ ਦੀ ਗੱਲ ਚੱਲਦੀ ਹੈ ਤਾਂ ਪਹਿਲਾਂ ਨਾਂ ਪਾਕਿਸਤਾਨ  ਦਾ ਆਉਂਦਾ ਹੈ। ਮੁਬੰਈ ‘ਚ ਹੋਏ 26/11 ਤੇ ਪਠਾਨਕੋਟ ‘ਚ ਹੋਏ ਦਹਿਸ਼ਤੀ ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਸਬੰਧੀ ਅਮਰੀਕਾ ਤੇ ਭਾਰਤ ਵੱਲੋਂ ਬਣਾਏ ਗਏ ਅੱਤਵਾਦੀ ਸੰਗਠਨਾਂ ਖ਼ਿਲਾਫ਼ ਕਾਰਵਾਈ ਕਰਨ ਦੇ ਦਬਾਅ ਦੇ ਮੱਦੇਨਜ਼ਰ ਪਾਕਿਸਤਾਨ ਨੇ ਅੱਜ ਭਾਈਵਾਲ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਦੱਖਣੀ ਏਸ਼ੀਆ ਖਿੱਤੇ ਵਿੱਚ ਸ਼ਾਂਤੀ ਤੇ ਸੁਰੱਖਿਆ ਦੇ ਮੁੱਦਿਆਂ ਸਬੰਧੀ ਵਿਵਹਾਰਕ ਨਜ਼ਰੀਆ ਅਪਣਾਇਆ ਜਾਵੇ।

ਪਿਛਲੇ ਹਫ਼ਤੇ ਅਮਰੀਕਾ ਤੇ ਭਾਰਤ ਨੇ ਅੱਤਵਾਦੀ ਸੰਗਠਨਾਂ ਦੇ ਇਸਤੇਮਾਲ ਤੇ ਸਰਹੱਦ ਪਾਰੋਂ ਅੱਤਵਾਦ ਫੈਲਾਊਣ ਦੀ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕੀਤੀ ਸੀ। ਦੋਹਾਂ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਵੱਲੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਤੋਂ ਪੈਦਾ ਹੋਏ ਖ਼ਤਰਿਆਂ ਤੇ ਅਲ-ਕਾਇਦਾ, IS, ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਤੇ ਹਿਜ਼ਬ-ਊਲ-ਮੁਜਾਹਿਦੀਨ ਸਮੇਤ ਸਾਰੇ ਦਹਿਸ਼ਤੀ ਨੈੱਟਵਰਕਾਂ ਖ਼ਿਲਾਫ਼ ਠੋਸ ਕਾਰਵਾਈ ਕਰਨ ਬਾਰੇ ਵਿਚਾਰ ਸਾਂਝੇ ਕੀਤੇ ਗਏ ਸਨ। 9-10 ਸਤੰਬਰ ਨੂੰ ਇੱਕ ਵੀਡੀਓ ਕਾਨਫ਼ਰੰਸਿੰਗ ਰਾਹੀਂ ਦੋਹਾਂ ਦੇਸ਼ਾਂ ਨੇ ਭਾਰਤ-ਅਮਰੀਕਾ ਅੱਤਵਾਦ ਵਿਰੋਧੀ ਜੁਆਇੰਟ ਵਰਕਿੰਗ ਗਰੁੱਪ ਦੀ 17ਵੀਂ ਮੀਟਿੰਗ ਤੇ ਭਾਰਤ-ਅਮਰੀਕਾ ਦੇ ਊੱਚ ਅਧਿਕਾਰੀਆਂ ਦੀ ਗੱਲਬਾਤ ਦਾ ਤੀਜਾ ਸੈਸ਼ਨ ਕੀਤਾ ਸੀ।

10 ਸਤੰਬਰ ਨੂੰ ਭਾਰਤ-ਅਮਰੀਕਾ ਵੱਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ ’ਤੇ ਪ੍ਰਤੀਕਿਰਆ ਦਿੰਦਿਆਂ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਕੱਲ੍ਹ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਭਾਈਵਾਲ ਮੁਲਕ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਤੇ ਸੁਰੱਖਿਆ ਦੇ ਮੁੱਦਿਆਂ ’ਤੇ ਵਿਵਹਾਰਕ ਨਜ਼ਰੀਆ ਅਪਣਾਉਣ ਅਤੇ ਜ਼ਮੀਨੀ ਹਕੀਕਤ ਤੋਂ ਦੂਰ ਦਾਅਵੇ ਕਰਨ ਤੋਂ ਪ੍ਰਹੇਜ਼ ਕਰਨ। ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ’ਚ ਕਿਹਾ, ‘‘ਅਸੀਂ ਊਕਤ ਸਾਂਝੇ ਬਿਆਨ ਵਿੱਚ ਪਾਕਿਸਤਾਨ ਦੇ ਜ਼ਿਕਰ ਨੂੰ ਨਾਮਨਜ਼ੂਰ ਕਰਦੇ ਹੋਏ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਅਤੇ ਇਸ ਸਬੰਧੀ ਇਤਰਾਜ਼ ਅਸੀਂ ਅਮਰੀਕਾ ਨੂੰ ਭੇਜ ਦਿੱਤਾ ਹੈ।’’

Leave a Reply

Your email address will not be published. Required fields are marked *