Punjab

ਬਲਵੰਤ ਸਿੰਘ ਮੁਲਤਾਨੀ ਅਗਵਾ ਤੇ ਲਾਪਤਾ ਮਾਮਲੇ ‘ਚ ਸੈਣੀ ਤੋਂ ਐਸਐਸਪੀ ਦਫ਼ਤਰ ‘ਚ ਹੋਈ ਪੁੱਛਗਿੱਛ

‘ਦ ਖ਼ਾਲਸ ਬਿਊਰੋ :- ਪੰਜਾਬ ਪੁਲੀਸ ਦੇ ਵਿਵਾਦਿਤ ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ ਅੱਜ ਮੁਹਾਲੀ ਪੁਲਿਸ ਨੇ ਪੁੱਛਗਿੱ ਕੀਤੀ। ਸੈਣੀ ਨੂੰ ਅੱਜ ਸ਼ਾਮ 4 ਵਜੇ ਦੇ ਕਰੀਬ ਮੁਹਾਲੀ ਦੇ ਮਟੌਰ ਥਾਣੇ ਵਿੱਚ ਪੇਸ਼ ਹੋ ਕੇ ਜਾਂਚ ਵਿੱਚ ਸ਼ਾਮਲ ਹੋਣ ਦੀ ਖ਼ਬਰ ਸੀ ਪਰ ਜਾਣਕਾਰੀ ਮੁਤਾਬਕ ਉਸਦੀ ਪੁੱਛਗਿੱਛ ਐਸਐਸਪੀ ਦਫ਼ਤਰ ਮੁਹਾਲੀ ਵਿਖੇ ਕੀਤੀ ਗਈ। ਇਸ ਤੋਂ ਪਹਿਲਾਂ ਸੈਣੀ ਨੂੰ ਸਵੇਰੇ 10 ਵਜੇ, ਫਿਰ ਬਾਅਦ ਦੁਪਹਿਰ 1 ਵਜੇ ਅਤੇ ਫਿਰ ਬਾਅਦ ਦੁਪਹਿਰ ਤਿੰਨ ਵਜੇ ਥਾਣੇ ਪੇਸ਼ ਹੋਣ ਬਾਰੇ ਕਿਹਾ ਗਿਆ ਪਰ ਫਿਰ ਸੈਣੀ ਨੂੰ ਸ਼ਾਮ ਚਾਰ ਵਜੇ ਬੁਲਾਇਆ ਗਿਆ। ਸੁਮੇਧ ਸੈਣੀ ਤੋਂ ਉਸ ਖ਼ਿਲਾਫ਼ ਦਰਜ ਅਪਰਾਧਿਕ ਮਾਮਲੇ ਵਿੱਚ ਪੁੱਛਗਿੱਛ ਕੀਤੀ ਗਈ।

ਸਾਬਕਾ ਡੀਜੀਪੀ ਖਿਲਾਫ 29 ਸਾਲ ਪਹਿਲਾਂ ਸਾਬਕਾ ਆਈਏਐੱਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੇਈ ਬਲਵਿੰਦਰ ਸਿੰਘ ਮੁਲਤਾਨੀ ਨੂੰ 11 ਦਸੰਬਰ 1991 ਨੂੰ ਇੱਥੋਂ ਦੇ ਫੇਜ਼-7 ਸਥਿਤ ਘਰੋਂ ਚੁੱਕ ਕੇ ਤਸ਼ੱਦਦ ਢਾਹੁਣ ਮਗਰੋਂ ਨੌਜਵਾਨ ਨੂੰ ਗਾਇਬ ਕਰਨ ਦਾ ਦੋਸ਼ ਹੈ। ਇਸ ਦੋਸ਼ ਵਿੱਚ ਸੈਣੀ ਖਿਲਾਫ ਮਟੌਰ ਥਾਣੇ ਵਿੱਚ ਅਪਰਾਧਿਕ ਕੇਸ ਦਰਜ ਕੀਤਾ ਗਿਆ ਹੈ। ਪਿਛਲੇ ਦਿਨੀਂ ਸੈਣੀ ਠਾਣੇ ਵਿੱਚ ਆਪਣਾ ਪਾਸਪੋਰਟ ਵੀ ਜਮ੍ਹਾਂ ਕਰਵਾ ਚੁੱਕਿਆ ਹੈ।