‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁਲਤਾਨੀ ਕੇਸ ‘ਚ ਚਰਚਿਤ ਤੇ ਸਾਬਕਾ DGP ਸੁਮੇਧ ਸੈਣੀ ਦੀਆਂ ਮੁਸ਼ਕਲਾਂ ਹੋਰ ਵੱਧਦੀਆਂ ਜਾ ਰਹੀਆਂ ਹਨ। ਚੰਡੀਗੜ੍ਹ ‘ਚ SSP ਵਜੋਂ ਤਾਇਨਾਤੀ ਦੌਰਾਨ ਸੁਮੇਧ ਸੈਣੀ ਦੀ ਖਾਸ ਟੀਮ ‘ਚ ਸ਼ਾਮਲ ਯੂਟੀ ਪੁਲੀਸ ਦੇ ਤਿੰਨ ਸਾਬਕਾ ਇੰਸਪੈਕਟਰ ਸੈਣੀ ਖ਼ਿਲਾਫ਼ ਵਾਅਦਾ ਮੁਆਫ਼ੀ ਗਵਾਹੀ ਲਈ ਰਾਜ਼ੀ ਹੋ ਗਏ ਹਨ।

ਸੈਣੀ ਸਮੇਤ ਛੇ ਮੁਲਜ਼ਮਾਂ SP ਬਲਦੇਵ ਸਿੰਘ ਸੈਣੀ ਤੇ ਇੰਸਪੈਕਟਰ ਸਤਵੀਰ ਸਿੰਘ, ਹਰ ਸਹਾਏ ਸ਼ਰਮਾ (69) ਵਾਸੀ ਸੈਕਟਰ-51ਡੀ, ਜਗੀਰ ਸਿੰਘ (70) ਵਾਸੀ ਸੈਕਟਰ-51, ਅਨੋਖ ਸਿੰਘ (65) ਵਾਸੀ ਸੈਕਟਰ-21 ਤੇ ਕੁਲਦੀਪ ਸਿੰਘ ਸੰਧੂ (66) ਵਾਸੀ ਮਨੀਮਾਜਰਾ ਦੇ ਖ਼ਿਲਾਫ਼ ਮੁਹਾਲੀ ਸਥਿਤ ਮਟੌਰ ਥਾਣੇ ‘ਚ ਧਾਰਾ 364, 201, 344, 330, 219 ਤੇ 120ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। SP ਬਲਦੇਵ ਸਿੰਘ ਸੈਣੀ ਤੇ ਇੰਸਪੈਕਟਰ ਸਤਵੀਰ ਸਿੰਘ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ’ਤੇ 11 ਦਸੰਬਰ 1991 ਨੂੰ ਸਵੇਰੇ ਤੜਕੇ 4 ਵਜੇ ਇੱਥੋਂ ਦੇ ਫੇਜ਼-7 ਸਥਿਤ ਸਾਬਕਾ IAS ਅਧਿਕਾਰੀ ਦੇ ਬੇਟੇ ਤੇ ਸਿੱਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਨੂੰ ਘਰੋਂ ਚੁੱਕਣ ਤੇ ਬਾਅਦ ‘ਚ ਗਾਇਬ ਕਰ ਦੇਣ ਦੇ ਦੋਸ਼ ਹਨ।

ਹੁਣ ਸੈਣੀ ਦੇ ਤਿੰਨ ਚਹੇਤੇ ਸਾਬਕਾ ਪੁਲੀਸ ਅਧਿਕਾਰੀਆਂ ਹਰ ਸਹਾਏ ਸ਼ਰਮਾ, ਜਗੀਰ ਸਿੰਘ ਤੇ ਕੁਲਦੀਪ ਸਿੰਘ ਸੰਧੂ ਨੇ ਯੂ-ਟਰਨ ਲੈਂਦਿਆਂ ਵਾਅਦਾ ਮੁਆਫ਼ੀ ਗਵਾਹ ਬਣਨ ਲਈ ਰਾਜ਼ੀ ਹੋ ਗਏ ਹਨ। ਉਨ੍ਹਾਂ ਦੇ ਮੁਹਾਲੀ ਦੀ ਅਦਾਲਤ ਵਿੱਚ ਧਾਰਾ 164 ਤਹਿਤ ਆਪਣੇ ਬਿਆਨ ਵੀ ਦਰਜ ਕਰਵਾਉਣ ਬਾਰੇ ਪਤਾ ਲੱਗਾ ਹੈ ਪ੍ਰੰਤੂ ਇਸ ਬਾਰੇ ਕੋਈ ਵੀ ਅਧਿਕਾਰੀ ਆਪਣਾ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ, ਕਿਉਂਕਿ ਸੈਣੀ ਖ਼ਿਲਾਫ਼ ਕੇਸ ਦੂਜੀ ਅਦਾਲਤ ਵਿੱਚ ਚੱਲ ਰਿਹਾ ਹੈ ਅਤੇ ਇਸ ਕੇਸ ਦੀ ਅਗਲੀ ਸੁਣਵਾਈ 7 ਅਗਸਤ ਨੂੰ ਹੋਣੀ ਹੈ। ਜਦਕਿ ਬੀਤੀ 30 ਜੁਲਾਈ ਨੂੰ ਸੁਣਵਾਈ ਦੌਰਾਨ ਸਬੰਧਤ ਅਦਾਲਤ ‘ਚ ਕਿਸੇ ਦਾ ਬਿਆਨ ਦਰਜ ਨਹੀਂ ਹੋਇਆ ਸੀ। ਉਸ ਦਿਨ ਸਿਰਫ਼ ਦੋ ਮੁਲਜ਼ਮਾਂ ਅਨੋਖ ਸਿੰਘ ਤੇ ਜਗੀਰ ਸਿੰਘ ਨੂੰ ਪੱਕੀ ਜ਼ਮਾਨਤ ਦੇਣ ਬਾਰੇ ਬਹਿਸ ਹੋਈ ਸੀ।

ਉਧਰ, ਮੁਹਾਲੀ ਅਦਾਲਤ ‘ਚ ਕੇਸ ਦੀ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਤਾਨੀ ਨੂੰ ਘਰੋਂ ਚੁੱਕ ਕੇ ਲਿਜਾਉਣ ਲਈ ਵਾਲੀ ਯੂਟੀ ਪੁਲੀਸ ਦੀ ਟੀਮ ਨੇ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਕੋਈ ਪ੍ਰਵਾਨਗੀ ਨਹੀਂ ਲਈ ਸੀ। ਜਾਂਚ ਅਧਿਕਾਰੀ ਦੀ ਮੌਜੂਦਗੀ ‘ਚ ਅਦਾਲਤ ‘ਚ ਸੁਮੇਧ ਸੈਣੀ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਜਾ ਚੁੱਕਾ ਹੈ ਕਿ ਮੁਲਤਾਨੀ ਕੇਸ ਬਾਰੇ ਹੋਈ ਪੁੱਛਗਿੱਛ ਦੌਰਾਨ ਸੈਣੀ ਨੇ ਸਪੱਸ਼ਟ ਆਖਿਆ ਸੀ ਕਿ ਨੌਜਵਾਨ ਨੂੰ ਘਰੋਂ ਚੁੱਕਣ ਜਾਂ ਗ੍ਰਿਫ਼ਤਾਰੀ ਪਾਉਣ ਬਾਰੇ ਯੂਟੀ ਪੁਲੀਸ ਦੇ ਕਿਸੇ ਮੁਲਾਜ਼ਮ ਨੇ ਉਨ੍ਹਾਂ ਤੋਂ ਇਜਾਜ਼ਤ ਨਹੀਂ ਲਈ ਸੀ, ਹੋ ਸਕਦਾ ਹੈ ਕਿ ਸਬੰਧਤ ਪੁਲੀਸ ਟੀਮ ਨੇ ਆਪਣੇ ਪੱਧਰ ’ਤੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੋਵੇ। ਉਸ ਸਮੇਂ ਸੁਮੇਧ ਸੈਣੀ ਚੰਡੀਗੜ੍ਹ ‘ਚ SSP ਦੇ ਅਹੁਦੇ ’ਤੇ ਤਾਇਨਾਤ ਸਨ।

Leave a Reply

Your email address will not be published. Required fields are marked *