Punjab

ਸੁਮੇਧ ਸੈਣੀ SIT ਅੱਗੇ ਹੋਇਆ ਪੇਸ਼, ਪੁਲਿਸ ਮੁਲਾਜ਼ਮਾਂ ‘ਤੇ ਝਾੜਿਆ ਰੋਹਬ

‘ਦ ਖ਼ਾਲਸ ਬਿਊਰੋ:- ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਤੋਂ SIT ਦੀ ਪੁੱਛਗਿੱਛ ਖਤਮ ਹੋ ਗਈ ਹੈ। ਕਰੀਬ ਤਿੰਨ ਘੰਟਿਆਂ ਤੱਕ SIT ਨੇ ਸੈਣੀ ਤੋਂ ਸਵਾਲ-ਜਵਾਬ ਕੀਤੇ ਹਨ। SIT ਵੱਲੋਂ ਸੈਣੀ ਤੋਂ ਸਵੇਰ ਦੇ 11 ਵਜੇ ਤੋਂ ਦੁਪਹਿਰ ਦੇ ਡੇਢ ਵਜੇ ਤੱਕ ਪੁੱਛਗਿੱਛ ਕੀਤੀ ਗਈ ਹੈ।

ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਇੱਕ ਵਾਰ ਮੁੜ ਤੋਂ SIT ਦੇ ਸਾਹਮਣੇ ਪੁੱਛ ਗਿੱਛ ਲਈ ਮੁਹਾਲੀ ਦੇ ਮਟੌਰ ਥਾਣੇ ਵਿੱਚ ਪੇਸ਼ ਹੋਏ ਸੀ। ਉਹ ਪੰਜਾਬ ਪੁਲਿਸ ਦੇ ਮੁਲਾਜ਼ਮਾਂ ‘ਤੇ ਰੋਹਬ ਝਾੜਦੇ ਹੋਏ ਨਜ਼ਰ ਆਏ।  ਸੈਣੀ ਦੀ ਜ਼ਮਾਨਤ ਪਟੀਸ਼ਨ ਰੱਦ ਕਰਨ ਵੇਲੇ  ਮੁਹਾਲੀ ਅਦਾਲਤ ਦੇ ਜੱਜ ਨੇ ਵੀ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਸੈਣੀ ਪੁਲਿਸ ਵਿਭਾਗ ਵਿੱਚ ਕਾਫ਼ੀ ਦਬਦਬਾ ਰੱਖਦੇ ਹਨ, ਇਸ ਲਈ ਉਨ੍ਹਾਂ ਨੂੰ ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਹਾਲਾਂਕਿ, ਸੈਣੀ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲ ਗਈ ਸੀ।

SIT ਸਾਹਮਣੇ ਪੇਸ਼ੀ ਦੌਰਾਨ ਸੈਣੀ ਨੇ ਦਿੱਤਾ ਵੱਡਾ ਬਿਆਨ

ਸੁਮੇਧ ਸਿੰਘ ਸੈਣੀ ਜਦੋਂ SIT ਦੇ ਸਾਹਮਣੇ ਪੇਸ਼ ਹੋਣ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਆਖ਼ਿਰ ਸਵਾਲਾਂ ਦਾ ਜਵਾਬ ਕਿਉਂ ਨਹੀਂ ਦੇ ਰਹੇ ਤਾਂ ਉਨ੍ਹਾਂ ਪਿੱਛੇ ਮੁੜ ਕੇ ਕਿਹਾ ਕਿ ਮੈਂ ਸਾਰੇ ਸਵਾਲਾਂ ਦਾ ਜਵਾਬ ਦੇਵਾਂਗਾ। SIT ਵੱਲੋਂ ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਧਾਰਾ 302 ਜੋੜਨ ਤੋਂ ਬਾਅਦ ਸੈਣੀ ਨੂੰ ਕਈ ਵਾਰ ਸੰਮਨ ਦਿੱਤਾ। ਹਾਲਾਂਕਿ, ਪਿਛਲੀ ਵਾਰ ਸੈਣੀ ਨੇ ਮੈਡੀਕਲ ਦਾ ਹਵਾਲਾ ਦਿੱਤਾ ਸੀ। ਪਰ ਉਸ ਤੋਂ ਪਹਿਲਾਂ ਹੋਈ ਪੁੱਛ-ਗਿੱਛ ਵਿੱਚ SIT ਨੇ 5 ਘੰਟੇ ਤੱਕ ਸੈਣੀ ਤੋਂ 300 ਤੋਂ ਵਧ ਸਵਾਲ ਪੁੱਛੇ ਸਨ, ਹਾਲਾਂਕਿ ਜ਼ਿਆਦਾ ਸਵਾਲਾਂ ਨੂੰ ਉਨ੍ਹਾਂ ਨੇ ਇਹ ਕਹਿਕੇ ਟਾਲ ਦਿੱਤਾ ਕਿ 29 ਸਾਲ ਪਹਿਲਾਂ ਦਾ ਮਾਮਲਾ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਕੁੱਝ ਯਾਦ ਨਹੀਂ ਹੈ।