Punjab

ਇੰਨ-ਬਿੰਨ ਲਿਖ ਰਹੇ ਹਾਂ ਸੁਖਦੇਵ ਸਿੰਘ ‘ਭੌਰ’ ਦੀ ਸਾਰੇ ਸਾਂਸਦ ਮੈਂਬਰਾਂ ਨੂੰ ਅਪੀਲ

‘ਦ ਖ਼ਾਲਸ ਬਿਊਰੋ:-  SGPC ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ‘ਭੌਰ’ ਨੇ ਬੇਅਦਬੀ ਮਾਮਲਿਆਂ ਵਿੱਚ ਪੰਜਾਬ ਦੇ ਸਾਰੇ MP ਸਾਂਸਦ ਮੈਂਬਰਾਂ ਨੂੰ ਇੱਕ ਸਲਾਹ ਦਿੱਤੀ ਹੈ,  ਸੁਖਦੇਵ ਸਿੰਘ ‘ਭੌਰ’ ਨੇ ਜੋ ਸਲਾਹ ਦਿੱਤੀ ਹੈ ਉਹ ਅਸੀਂ ਇੰਨ-ਬਿੰਨ ਛਾਪ ਰਹੇ ਹਾਂ

 

ਗੁਰਬਾਣੀ ਬੇਅਦਵੀ ਕੇਸਾਂ ਵਿੱਚ  ਸੀ ਬੀ ਆਈ  ਦਾ ਦਖ਼ਲ ਬੰਦ ਕਰਵਾਉਣ ਲਈ ਪੰਜਾਬ ਦੇ ਐੱਮਪੀਜ਼ ਨੂੰ ਪ੍ਰਧਾਨ ਮੰਤਰੀ ਤੱਕ ਪਹੁੰਚ  ਕਰਨੀਂ ਚਾਹੀਦੀ ਹੈ

ਪੰਜਾਬ ਵਿੱਚ ਸ਼ਰਾਰਤੀ ਅਨਸਰਾਂ ਵਲੋਂ ਸਿੱਖ ਕੌਮ ਨੂੰ ਵੰਗਾਰ ਕੇ  ਬੁਰਜ ਜਵਾਹਰ ਸਿੰਘ ਵਾਲਾ , ਬਰਗਾੜੀ ਅਤੇ ਹੋਰ ਥਾਵਾਂ ਤੇ ਕੀਤੇ ਗਏ ਗੁਰਬਾਣੀ ਦੇ ਅਪਮਾਨ ਨੇ ਹਰ ਕੌਮ ਪ੍ਰਸਤ ਅਤੇ ਧਰਮ ਪ੍ਰਸਤ ਵਿਅਕਤੀ ਦੀ ਆਤਮਾਂ ਤੇ ਗਹਿਰਾ ਜ਼ਖਮ ਦਿੱਤਾ ਹੈ । ਜਦੋਂ ਵੱਡੇ ਦੁਖਾਂਤ ਰਾਜਨੀਤੀ ਦੀ ਭੇਟ ਚੜ੍ਹਦੇ ਹਨ ਉਦੋਂ ਇਨਸਾਫ ਦੀ ਆਸ ਖੱਤਮ ਹੋ ਜਾਂਦੀ ਹੈ , ਇਸੇ ਕਾਰਨ ਹੀ ਅੱਜ ਤੱਕ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਦਾ ਇਨਸਾਫ ਨਹੀਂ ਮਿਲਿਆ ਅਤੇ ਇਹੀ ਕਾਰਨ ਹੈ ਕਿ ਸੱਭ ਕੁੱਝ ਸਪੱਸ਼ਟ ਹੋਣ ਦੇ ਵਾਬਜੂਦ ਵੀ  ਬੇਅਦਵੀ  ਲਈ ਜ਼ੁਮੇਵਾਰ ਲੋਕ ਅੱਜ ਤੱਕ ਕਾਨੂੰਨ  ਦੀ ਪੱਕੜ ਤੋਂ ਦੂਰ ਹਨ ।

ਬਸ ਕਿਸੇ ਨੂੰ ਵੋਟਾਂ ਇਕੱਠੀਆਂ ਕਰਨ ਲਈ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਇਆ ਭਾਰਤੀ ਫੌਜਾਂ ਦਾ ਕਹਿਰੀ ਹਮਲਾ ਰਾਸ ਆਉਂਦਾ ਹੈ ਅਤੇ ਕਿਸੇ ਨੂੰ ਰਾਜ ਭਾਗ ਦੀ ਸਥਾਪਤੀ ਲਈ ਬਰਗਾੜੀ ਦੀਆਂ ਦੁਖਦ ਘਟਨਾਵਾਂ ਰਾਸ ਆਉਂਦੀਆਂ ਹਨ , ਇਨਸਾਫ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ ਹੈ । ਦੋਨੋਂ ਧਿਰਾਂ ਲੋਕ ਜ਼ਜ਼ਬਾਤ ਦਾ ਮਜ਼ਾਕ ਹੀ ਉਡਾ ਰਹੀਆਂ ਹਨ ।

 

ਬਰਗਾੜੀ ਦੀਆਂ ਹਿਰਦੇਵੇਦਕ ਘਟਨਾਵਾਂ ਬਾਦਲ ਸਰਕਾਰ ਦੇ  ਸਮੇ ਵਾਪਰੀਆਂ , ਪੰਥਕ ਅਖਵਾਉਣ ਵਾਲਿਆਂ ਦੇ ਰਾਜ ਵਿੱਚ  ਇਨਸਾਫ ਲਈ ਸਿੱਖ ਸੜਕਾਂ ਤੇ ਰੁਲਦੇ ਰਹੇ , ਬਾਦਲਾਂ ਦੀ ਪੁਲਿਸ ਇਨਸਾਫ ਦੇਣ ਦੀ ਵਜਾਏ ਗੋਲੀਆਂ ਵੀ ਸਿਖਾਂ ਦੇ ਹੀ ਮਾਰਦੀ  ਰਹੀ ਤੇ ਸੁਖਵੀਰ ਐਂਡ ਪਾਰਟੀ  ਬੇਅਦਵੀ ਦੇ ਦੋਸ਼ੀ ਫੜ੍ਹਨ  ਦੀ ਵਜਾਏ ਇਨਸਾਫ ਮੰਗਦੇ ਸਿਖਾਂ ਨੂੰ ਵੇਹਲੜ੍ਹ ਗਰਦਾਨਦੀ ਰਹੀ ।

ਇਹਨਾਂ ਘਟਨਾਵਾਂ ਦੀ ਤਫਤੀਸ਼ ਲਈ ਪਹਿਲਾਂ ਆਈ ਐੱਸ ਸਹੋਤਾ ਵਾਲੀ ਸਿਟ ਬਣਾਈ ਗਈ ਜਿਸ ਨੇ ਸਿਖਾਂ ਨੂੰ ਹੀ ਦੋਸ਼ੀ ਗਰਦਾਨ ਦਿੱਤਾ । ਸਿਖਾਂ ਨੂੰ ਦੋਸ਼ੀ ਸਾਬਿਤ ਕਰਕੇ  ਅਤੇ ਦੋਸ਼ੀ ਸਾਬਿਤ ਕੀਤੇ ਸਿੱਖਾਂ  ਰਾਹੀਂ  ਹੀ ਕੌਮ ਦੇ ਪ੍ਰਚਾਰਕਾਂ ਨੂੰ ਦੋਸ਼ੀ ਸਾਬਿਤ ਕਰਨ ਦੀ ਬਾਦਲੀ  ਸਕੀਮ ਦਾ ਭਾਂਡਾ ਚੁਰਾਹੇ ਵਿੱਚ  ਹੀ ਭੱਜ ਗਿਆ ।

 

ਫਿਰ ਅੱਖੀਂ ਘੱਟਾ ਪਾਉਣ ਲਈ ਜ਼ੋਰਾ ਸਿੰਘ ਕਮਿਸ਼ਨ ਸਥਾਪਤ ਕੀਤਾ ਗਿਆ , ਨਾਂ ਉਸ ਨੂੰ ਸਟਾਫ ਦਿੱਤਾ ਗਿਆ ਅਤੇ ਨਾਂ ਹੀ ਦਫਤਰ । ਜਦੋਂ ਕਮਿਸ਼ਨ ਨੇ ਤਫਤੀਸ਼ੀ ਰਿਪੋਰਟ ਤਿਆਰ ਕਰ ਲਈ , ਸੈਕਟਰੀਏਟ ਤੋਂ ਕੋਈ ਰਿਪੋਰਟ ਹੀ ਨਹੀਂ ਲੈਣ ਆਇਆ ।

ਕਾਂਗਰਸ ਸਰਕਾਰ ਆਉਣ ਤੇ ਕਪਤਾਨ ਸਾਹਿਬ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦੇ ਵਾਅਦੇ ਕੀਤੇ , ਲੋਕਾਂ ਨੂੰ ਆਸ ਬੱਝੀ ਪਰ ਨਿਕਲਿਆ ਅਜੇ ਤੱਕ ਕੁਝ ਨਹੀਂ । ਜਸਟਿਸ ਰਣਜੀਤ ਸਿੰਘ ਕਮਿਸ਼ਨ ਸਥਾਪਿਤ ਕੀਤਾ ਗਿਆ , ਬਾਦਲ ਦਲੀਏ ਵਿਰੋਧ ਕਰਦੇ ਰਹੇ । ਬਹੁਤ ਮਿਹਨਤ  ਕਰਕੇ ਕਮਿਸ਼ਨ ਨੇ ਰਿਪੋਰਟ ਤਿਆਰ ਕੀਤੀ , ਵਿਧਾਨ ਸਭਾ  ਦਾ ਸਪੈਸ਼ਲ ਇਜਲਾਸ ਸੱਦ ਕੇ ਰਿਪੋਰਟ ਪੇਸ਼ ਕੀਤੀ ਗਈ , ਮੰਤਰੀ ਦੋਸ਼ੀਆਂ ਨੂੰ ਫਾਹੇ ਲਾਉਣ ਲਈ ਤਰਲੇ ਮਾਰਦੇ ਰਹੇ ਅਤੇ ਅਕਾਲੀ ਰਿਪੋਰਟ ਦਾ ਮਜ਼ਾਕ ਉਡਾਉਂਦੇ ਰਹੇ ।

 

ਬਾਦਲ ਰਾਜ ਸਮੇਂ ਪਾਵਨ ਸਰੂਪਾਂ ਦੇ ਚੋਰੀ ਦੀ ਤਫਤੀਸ਼ ਸੀ ਬੀ ਆਈ ਨੂੰ ਦੇ ਦਿੱਤੀ ਗਈ ਜਿਸ ਨੇ ਤਿੰਨ ਸਾਲ ਦੀ ਤਫਤੀਸ਼ ਤੋਂ ਬਾਅਦ ਅਦਾਲਤ ਵਿੱਚ ਕੇਸ ਨੂੰ ਬੰਦ ਕਰਨ ਦੀ ਦੁਰਖਾਸਤ ਦੇ ਦਿੱਤੀ ।   ਨਾਂ ਕੋਈ ਦੋਸ਼ੀ ਲੱਭਿਆ ਤੇ ਨਾਂ ਕਿਸੇ ਦੀ ਜ਼ੁਮੇਵਾਰੀ ਤਹਿ ਕੀਤੀ ।ਸੀ ਬੀ ਆਈ ਦੀ ਇਸ ਰਿਪੋਰਟ ਖਿਲਾਫ ਉੱਚ ਅਦਾਲਤ ਨੇ ਫੈਸਲਾ ਦਿੱਤਾ ਅਤੇ ਤਫਤੀਸ਼ ਜਾਰੀ ਰੱਖਣ ਲਈ ਕਿਹਾ , ਸੀ ਬੀ ਆਈ ਫਿਰ ਸੁਪਰੀਮ ਕੋਰਟ ਵਿੱਚ ਪਹੁੰਚ ਗਈ ਜਿਸ ਦਾ ਅਜੇ ਕੋਈ ਫੈਸਲਾ ਨਹੀਂ ਹੋਇਆ ।ਪੰਜਾਬ ਵਿਧਾਨ ਸਭਾ  ਵਿੱਚ  ਸੀ ਬੀ ਆਈ ਤੋਂ ਤਫਤੀਸ਼ ਵਾਪਿਸ ਲੈਣ ਲਈ ਸਰਬਸੰਮਤੀ ਨਾਲ ਮਤਾ  ਪਾਇਆ ਗਿਆ ਜਿਸ ਦਾ ਵੀ ਅਜੇ ਤੱਕ ਕੋਈ ਨਿਰਣਾਂ ਨਹੀਂ ਹੋ ਸਕਿਆ ।

 

ਕੋਟਕਪੂਰਾ ਅਤੇ ਬਰਗਾੜੀ ਗੋਲੀ ਕਾਂਡ ਦੀ ਤਫਤੀਸ਼ ਕੁੰਵਰ ਵਿਜੈ ਪ੍ਰਤਾਪ ਸਿੰਘ ਵਾਲੀ ਸਿਟ ਕਰ ਰਹੀ ਹੈ ।ਜਿਸ ਨੇ ਕਾਫੀ ਮੇਹਨਤ ਕਰਕੇ ਦੋਸ਼ੀ ਵੀ ਲੱਭੇ ਹਨ ਅਤੇ ਅਦਾਲਤ ਵਿੱਚ ਪੇਸ਼ ਵੀ ਕਰ ਦਿੱਤੇ ਹਨ ਅਤੇ ਅਦਾਲਤੀ ਕਾਰਵਾਈ ਜਾਰੀ ਹੈ ।

 

ਪੰਜਾਬ ਵਿੱਚ  ਹੋਰਨਾਂ ਥਾਵਾਂ ਤੇ ਹੋਏ ਬੇਅਦਵੀ ਦੇ ਮਾਮਲਿਆਂ ਦੀ ਜਾਂਚ ਸ੍ਰ. ਰਣਵੀਰ ਸਿੰਘ ” ਖੱਟੜਾ  ” ਡੀ  ਆਈ ਜੀ ਵਾਲੀ ਸਿਟ  ਕਰ ਰਹੀ ਹੈ । ਜਿਨ੍ਹਾਂ ਨੂੰ ਹੋਰਨਾਂ ਥਾਵਾਂ ਤੇ ਹੋਈਆਂ ਘਟਨਾਵਾਂ ਦੀ ਤਫਤੀਸ਼ ਦੌਰਾਨ ਮੋਹਿੰਦਰ ਪਾਲ ਬਿੱਟੂ ਅਤੇ ਉਸ ਦੇ ਸਾਥੀਆਂ ਦੀ ਸ਼ਮੂਲੀਅਤ ਦੇ ਸਬੂਤ ਮਿਲੇ । ਦੋਸ਼ੀ ਫੜੇ ਗਏ ਅਤੇ ਬੁਰਜ ਜਵਾਹਰ ਸਿੰਘ ਵਾਲਾ ਕੇਸ ਵੀ ਲੱਗ ਭਗ  ਹੱਲ ਹੀ ਹੋ ਗਿਆ । ਦੋਸ਼ੀਆਂ ਨੇ ਅਦਾਲਤ ਵਿੱਚ  ਆਪਣਾ ਗੁਨਾਹ ਕਬੂਲ ਲਿਆ ਹੈ । ਚਲਾਨ ਪੇਸ਼ ਹੋ ਚੁੱਕਾ ਹੈ , ਦੋ ਦੋਸ਼ੀ ਅਗਾਊਂ ਜਮਾਨਤ ਤੇ ਹਨ ਬਾਕੀ ਪੰਜ ਅਦਾਲਤ ਨੇ ਜੇਲ  ਭੇਜ ਦਿੱਤੇ ਹਨ । ਡੇਰਾ ਮੁਖੀ ਦੀ ਭੂਮਿਕਾ ਵੀ ਸਾਹਮਣੇ ਆ ਚੁੱਕੀ ਹੈ ਉਸ ਨੂੰ ਦੋਸ਼ੀਆਂ ਵਿੱਚ ਸ਼ਾਮਿਲ ਕੀਤਾ ਗਿਆ ਹੈ ਹੁਣ ਤਾਂ ਉਸ ਕੋਲੋਂ ਤਫਤੀਸ਼ ਹੋਣੀਂ ਹੀ ਬਾਕੀ ਹੈ ।

ਤਕਰੀਬਨ ਸਭ ਕੁੱਝ  ਸਾਫ ਹੀ ਹੋ ਗਿਆ ਹੈ । ਅਚਾਨਕ ਸੀ ਬੀ ਆਈ ਫਿਰ ਪ੍ਰਗਟ ਹੋ ਗਈ ਹੈ ਅਤੇ ਉਸ ਨੇ ਵਿਸ਼ੇਸ਼ ਅਦਾਲਤ ਵਿੱਚ ਇੱਕ ਦੁਰਖਾਸਤ ਦੇ ਕੇ ਸਿਟ ਦੀ ਤਫਤੀਸ਼ ਰੋਕਣ ਲਈ ਕਹਿ ਦਿੱਤਾ ਹੈ ।

 

ਸੀ ਬੀ ਆਈ ਕਿਉਂਕਿ  ਕੇਂਦਰ ਦੀ ਏਜੇਂਸੀ ਹੈ ਇਸ ਲਈ ਕੌਮ ਦੇ ਨਿਸ਼ਾਨੇ ਤੇ ਕੇਂਦਰੀ ਸਰਕਾਰ ਵੀ ਆ ਗਈ ਹੈ ,  ਲੋਕ ਇਹ ਸੋਚਣ ਲਈ ਮਜਬੂਰ ਹਨ ਕਿ ਕੇਂਦਰੀ ਸਰਕਾਰ ਆਪਣੀਂ ਏਜੇਂਸੀ ਰਾਹੀਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ।

ਹੈਰਾਨੀ ਵਾਲੀ ਗੱਲ ਹੈ ਕਿ ਦੋਸ਼ੀ ਨਾਮਜਦ ਹੋ ਚੁੱਕੇ ਹਨ , ਅਦਾਲਤ ਵਿੱਚ  ਚਲਾਨ  ਵੀ ਪੇਸ਼ ਹੋ ਚੁੱਕੇ ਹਨ ਅਤੇ ਦੋਸ਼ੀਆਂ ਨੇ ਆਪਣਾਂ ਗੁਨਾਹ ਵੀ ਅਦਾਲਤ ਵਿਚ ਸਵੀਕਾਰ ਕਰ ਲਿਆ ਹੈ ਫਿਰ ਸੀ ਬੀ ਆਈ ਕਿਓਂ ਕੋਝੇ ਹਥਕੰਡੇ ਅਪਨਾ  ਰਹੀ ਹੈ ।

 

ਪੰਜਾਬ ਵਿਧਾਨ ਸਭਾ  ਸਰਬਸੰਮਤੀ ਨਾਲ ਸੀ ਬੀ ਆਈ ਤੋਂ ਤਫਤੀਸ਼ ਵਾਪਿਸ ਲੈਣ ਲਈ ਮਤਾ ਕਰ ਚੁੱਕੀ ਹੈ , ਮੇਰੀ ਰਾਏ ਹੈ ਕਿ ਕੈਪਟਨ  ਸਾਹਿਬ ਨੂੰ ਪੰਜਾਬ ਦੇ ਸਾਰੇ ਐੱਮ ਪੀਜ਼  ਨੂੰ ਨਾਲ  ਲੈ  ਕੇ ਪ੍ਰਧਾਨ ਮੰਤ੍ਰੀ  ਅਤੇ ਗ੍ਰਹਿ ਮੰਤ੍ਰੀ ਨੂੰ ਮਿਲ ਕੇ ਸੀ ਬੀ ਆਈ ਦਾ ਦਖ਼ਲ ਬੰਦ ਕਰਵਾਉਣ ਲਈ ਚਾਰਾਜੋਈ  ਕਰਨੀਂ ਚਾਹੀਦੀ ਹੈ  ਅਤੇ ਕੇਂਦਰ ਨੂੰ ਸੀ ਬੀ ਆਈ ਨੂੰ ਇਨਸਾਫ ਦੇ ਰਸਤੇ ਵਿੱਚ  ਅੜਿਕੇ ਖੜ੍ਹੇ  ਕਰਨ ਤੋਂ ਰੋਕਣ ਲਈ ਕਹਿਣਾਂ ਚਾਹੀਦਾ ਹੈ ।

 

ਗੁਰੂ ਪੰਥ ਦਾ ਦਾਸ

ਸੁਖਦੇਵ ਸਿੰਘ  ” ਭੌਰ ”

ਸਾਬਕਾ ਜਨਰਲ ਸਕੱਤਰ ਐੱਸ ਜੀ ਪੀ ਸੀ