Punjab

ਸਬ ਇੰਸਪੈਕਟਰ ਸੰਦੀਪ ਕੌਰ ਇੱਕ ਪਰਿਵਾਰ ਨੂੰ ਖੁਦਕੁਸ਼ੀ ਕਰਨ ਲਈ ਉਕਸਾਉਣ ‘ਤੇ ਗ੍ਰਿਫਤਾਰ

‘ਦ ਖ਼ਾਲਸ ਬਿਊਰੋ:- ਅੰਮ੍ਰਿਤਸਰ ਵਿੱਚ ਇੱਕ ਹੱਸਦੇ ਖੇਡਦੇ ਪਰਿਵਾਰ ਨੂੰ ਤਬਾਅ ਕਰਨ ਵਾਲੀ ਸਬ ਇੰਸਪੈਕਟਰ ਸੰਦੀਪ ਕੌਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਗੁਰਦਾਸਪੁਰ ਦੇ ਹਰਗੋਬਿੰਦਪੁਰ ਪਿੰਡ ਦੀ ਇੱਕ ਕੋਠੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅੰਮ੍ਰਿਤਸਰ ਸ਼ਹਿਰੀ ਅਤੇ ਦਿਹਾਤੀ ਪੁਲਿਸ ਵੱਲੋਂ ਡਬਲ ਸੁਸਾਈਡ ਮਾਮਲੇ ਵਿੱਚ ਉਨ੍ਹਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੰਜਾਬ ਪੁਲਿਸ ਵੱਲੋਂ ਸੰਦੀਪ ਕੌਰ ਦੀ ਗ੍ਰਿਫ਼ਤਾਰੀ ਦੇ ਲਈ ਟੀਮ ਤਿਆਰ ਕੀਤੀਆਂ ਗਈਆਂ ਸਨ। ਇਸ ਤੋਂ ਪਹਿਲਾਂ 21 ਅਕਤੂਬਰ ਨੂੰ ਸੰਦੀਪ ਕੌਰ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਸੀ।

ਕੀ ਹੈ ਪੂਰਾ ਮਾਮਲਾ

ਬਿਕਰਮਜੀਤ ਸਿੰਘ, ਜਿਸ ਨੇ ਇੱਕ ਨਿੱਜੀ ਹੋਟਲ ਵਿੱਚ ਖੁਦਕੁਸ਼ੀ ਕੀਤੀ ਸੀ। ਉਸ ਕੋਲੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਸੀ ਜਿਸ ਵਿੱਚ ਇਸ ਮਹਿਲਾ SI ਦੇ ਨਾਮ ਦਾ ਜ਼ਿਕਰ ਹੈ। ਜਾਣਕਾਰੀ ਮੁਤਾਬਕ ਮਹਿਲਾ SI ਨਾਲ ਬਿਕਰਮਜੀਤ ਦੇ ਸੰਬੰਧ ਵੀ ਸਨ ਅਤੇ ਪੈਸਿਆਂ ਦੇ ਲੈਣ ਦੇਣ ਦਾ ਮਾਮਲਾ ਵੀ ਹੈ।  ਇਸੇ ਰਾਸ਼ੀ ਨੂੰ ਲੈ ਕੇ ਇਸ ਬਿਕਰਮਜੀਤ ਸਿੰਘ ਨੂੰ ਧਮਕਾਇਆ ਜਾ ਰਿਹਾ ਸੀ। ਇਸ ਤੋਂ ਤੰਗ ਪਰੇਸ਼ਾਨ ਹੋ ਕੇ ਬਿਕਰਮਜੀਤ ਸਿੰਘ ਨੇ ਅੰਮ੍ਰਿਤਸਰ ਦੇ ਹੋਟਲ ਦੇ ਕਮਰੇ ‘ਚ ਖ਼ੁਦਕੁਸ਼ੀ ਕਰ ਲਈ ਸੀ ਅਤੇ ਸਦਮੇ ‘ਚ ਆ ਕੇ ਇੱਕ ਹੀ ਦਿਨ ਬਾਅਦ  ਬਿਕਰਮਜੀਤ ਸਿੰਘ ਦੀ ਪਤਨੀ ਨੇ ਵੀ ਫਾਹਾ ਲੈ ਲਿਆ ਸੀ।

ਹੁਣ ਤੱਕ ਹੋਈ ਕੀ ਕਾਰਵਾਈ  

ਇਸ ਘਟਨਾ ਦੇ 10 ਤੋਂ ਜ਼ਿਆਦਾ ਦਿਨਾਂ ਤੋਂ ਬਾਅਦ ਵੀ ਸੰਦੀਪ ਕੌਰ ਪੁਲਿਸ ਦੀ ਗ੍ਰਿਫ਼ਤ ‘ਚੋਂ ਬਾਹਰ ਸੀ, ਜਿਸ ਨੂੰ ਹੁਣ ਫੜ ਲਿਆ ਗਿਆ ਹੈ। ਖ਼ੁਦਕੁਸ਼ੀ ਮਾਮਲੇ ‘ਚ ਸਬ ਇੰਸਪੈਕਟਰ ਸੰਦੀਪ ਕੌਰ ਖਿਲਾਫ਼ ਵੱਡੀ ਤੇ ਵਿਭਾਗੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਦੇ ਐਸ ਐਸ ਪੀ ਨੇ ਸੰਦੀਪ ਕੌਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਰਿਵਾਰ ਨੂੰ ਫ਼ੋਨ ਕਰਕੇ ਕਾਰਵਾਈ ਦਾ ਭਰੋਸਾ ਦਿੱਤਾ ਸੀ। ਬਿਕਰਮਜੀਤ ਸਿੰਘ ਦੀ ਧੀ ਨੇ ਵੀ ਤਸਦੀਕ ਕੀਤੀ ਹੈ ਕਿ ਮੁਲਜ਼ਮ ਮਹਿਲਾ SI ਉਸਦੇ ਪਿਤਾ ਨੂੰ ਲਗਾਤਾਰ ਪਰੇਸ਼ਾਨ ਕਰ ਰਹੀ ਸੀ ਅਤੇ ਉਸਦੇ ਪਿਤਾ ਨੂੰ ਝੂਠੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੇ ਰਹੀ ਸੀ।