India

JEE ਅਤੇ NEET ਦੀਆਂ ਪ੍ਰੀਖਿਆਵਾਂ ਦੇ ਨਿੱਤ ਬਦਲਦੇ ਨਿਯਮਾਂ ਤੋਂ ਵਿਦਿਆਰਥੀ ਪਰੇਸ਼ਾਨ, ਵਿਦਿਆਰਥੀ ਜਥੇਬੰਦੀਆਂ ‘ਚ ਭਾਰੀ ਰੋਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- JEE ਅਤੇ NEET ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵਿਵਾਦ ਗਰਮਾਇਆ ਹੋਇਆ ਹੈ। JEE ਅਤੇ NEET ਦੀਆਂ ਪ੍ਰਖਿਆਵਾਂ ਕਰਵਾਉਣ ਦੇ ਨਵੇਂ ਹੁਕਮਾਂ ‘ਤੇ ਵਿਦਿਆਰਥੀ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਿਦਿਆਰਥੀ ਜਥੇਬੰਦੀਆਂ ਨੇ ਅੱਜ ਤੋਂ ਦੇਸ਼ ਭਰ ਵਿੱਚ ਸੰਕੇਤਕ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।

ਵਿਦਿਆਰਥੀ ਆਪਣੇ-ਆਪਣੇ ਘਰਾਂ ਦੀਆਂ ਛੱਤਾਂ ‘ਤੇ ਕਾਲੇ ਝੰਡੇ ਲਾ ਕੇ JEE ਅਤੇ NEET ਦੀਆਂ ਪ੍ਰਖਿਆਵਾਂ ਕਰਵਾਉਣ ਦੇ ਨਵੇਂ ਹੁਕਮਾਂ ਦਾ ਵਿਰੋਧ ਕਰਨਗੇ। ਨੈਸ਼ਨਲ ਟੈਸਟਿੰਗ ਏਜੰਸੀ ਦੇ ਨੋਟਿਸ ਤੋਂ ਬਾਅਦ ਦੇਸ਼ ਭਰ ਵਿੱਚ ਵਿਦਿਆਰਥੀਆਂ ਦਾ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। NTA ਨੇ JEE ਅਤੇ NEET ਦੀਆਂ ਪ੍ਰਖਿਆਵਾਂ ਨੂੰ ਮਿੱਥੇ ਸਮੇਂ ‘ਤੇ ਹੀ ਕਰਵਾਉਣ ਦੇ ਹੁਕਮ ਦਿੱਤੇ ਹਨ।

ਕੋਰੋਨਾਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ NEET ਅਤੇ JEE ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਲਈ ਗੈਰ-ਭਾਜਪਾ ਸ਼ਾਸਿਤ ਰਾਜਾਂ ਨਾਲ ਸਬੰਧਤ ਸੱਤ ਮੁੱਖ ਮੰਤਰੀਆਂ ਨੇ ਵੀ ਸੁਪਰੀਮ ਕੋਰਟ ਦਾ ਰੁਖ਼ ਕਰਨ ਦੀ ਵਕਾਲਤ ਕੀਤੀ ਹੈ।

ਚੰਡੀਗੜ੍ਹ ‘ਚ ਯੂਥ ਕਾਂਗਰਸ ਨੇ ਵੀ NEET ਅਤੇ JEE ਦੀਆਂ ਪ੍ਰੀਖਿਆਵਾਂ ਕਰਵਾਉਣ ‘ਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਤੁਰੰਤ ਪ੍ਰਭਾਵ ਨਾਲ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਅਤੇ ਮੰਗ ਪੂਰੀ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਦੀ ਪੁਲਿਸ ਦੇ ਨਾਲ ਝੜਪ ਵੀ ਹੋਈ ਹੈ ਅਤੇ ਕਈ ਵਿਦਿਆਰਥੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਵੀ ਕੀਤਾ ਗਿਆ ਹੈ।

ਸੁਨੀਲ ਜਾਖੜ ਨੇ ਵੀ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੇਪਰ ਦੇ ਨਾਂਅ ‘ਤੇ ਵਿਦਿਆਰਥੀਆਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।