Religion

ਜਿਨ੍ਹਾਂ ਦੀ ਲਾਸਾਨੀ ਸ਼ਹਾਦਤ ਨਾਲ ਦਿੱਲੀ ਦਾ ਦਿਲ ਕੰਬ ਉੱਠਿਆ ਤੇ ਜੱਲਾਦ ਦਾ ਦਿਲ ਦਹਿਲ ਗਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖਾਂ ਦੇ ਨੌਵੇਂ ਗੁਰੂ ਹੋਏ ਹਨ। ਗੁਰੂ ਸਾਹਿਬ ਜੀ ਨੂੰ ਸ਼ਹੀਦਾਂ ਦੇ ਸਿਰਤਾਜ, ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪੋਤਰੇ ਅਤੇ ਚਾਰ ਸ਼ਹੀਦ ਪੋਤਰੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੇ ਦਾਦਾ ਜੀ, ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਅਤੇ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਹੋਣ ਦਾ ਮਾਣ ਹਾਸਲ ਹੈ।

ਆਪ ਜੀ ਦਾ ਪ੍ਰਕਾਸ਼ 1 ਅਪ੍ਰੈਲ, 1621 ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ, ਜਿੱਥੇ ਅੱਜ ਕੱਲ ਗੁਰਦੁਆਰਾ ਗੁਰੂ ਕੇ ਮਹਲ ਸਥਿਤ ਹੈ, ਵਿਖੇ ਹੋਇਆ। ਆਪ ਜੀ ਛੇਵੇਂ ਨਾਨਕ ਸਰੂਪ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੰਜਵੇਂ ਅਤੇ ਸਭ ਤੋਂ ਛੋਟੇ ਸਪੁੱਤਰ ਸਨ। ਬਚਪਨ ਵਿੱਚ ਆਪ ਜੀ ਦਾ ਨਾਮ ਤਿਆਗ ਮੱਲ ਸੀ। ਗੁਰੂ ਜੀ ਦੇ ਭੈਣ-ਭਰਾਵਾਂ ਦੇ ਨਾਮ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਟੱਲ ਰਾਏ ਜੀ, ਬਾਬਾ ਅਣੀ ਰਾਇ ਜੀ ਅਤੇ ਬੀਬੀ ਵੀਰੋ ਜੀ ਹਨ।

ਗੁਰੂ ਜੀ ਨੇ ਭਾਈ ਗੁਰਦਾਸ ਜੀ ਦੀ ਰਹਿਨੁਮਾਈ ਹੇਠ ਗੁਰਬਾਣੀ ਅਤੇ ਹਿੰਦੂ ਮਿਥਿਹਾਸ ਪੜ੍ਹਿਆ ਅਤੇ ਤਲਵਾਰਬਾਜ਼ੀ ਅਤੇ ਨੇਜ਼ਾਬਾਜ਼ੀ ਆਦਿ ਦੀ ਸਿਖਲਾਈ ਵੀ ਪ੍ਰਾਪਤ ਕੀਤੀ। ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਉਨ੍ਹਾਂ ਵੱਲੋਂ ਅੰਮ੍ਰਿਤਸਰ ਅਤੇ ਕਰਤਾਰਪੁਰ ਸਾਹਿਬ ਦੀ ਜੰਗ ਵਿੱਚ ਪੈਂਦੇ ਖਾਂ ਵਿਰੁੱਧ ਤੇਗ ਦੇ ਚੰਗੇ ਜੌਹਰ ਵਿਖਾਉਣ ’ਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਜੀ ਦਾ ਨਾਂ ਤਿਆਗ ਮੱਲ ਤੋਂ ਤੇਗ ਬਹਾਦਰ ਰੱਖ ਦਿੱਤਾ।

ਛੋਟੀ ਉਮਰ ਵਿੱਚ ਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਆਹ ਕਰਤਾਰਪੁਰ ਵਾਸੀ ਲਾਲ ਚੰਦ ਅਤੇ ਬਿਸ਼ਨ ਕੌਰ ਦੀ ਸਪੁੱਤਰੀ ਬੀਬੀ ਗੁਜਰੀ ਜੀ ਨਾਲ 14 ਸਤੰਬਰ 1632 ਈ: ਨੂੰ ਹੋਇਆ, ਜਿਨ੍ਹਾਂ ਦੀ ਕੁੱਖੋਂ 22 ਦਸੰਬਰ 1666 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ।

ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣਾ ਅੰਤ ਸਮਾਂ ਨੇੜੇ ਜਾਣ ਕੇ ਸੰਗਤਾਂ ਨੂੰ ਗੁਰਿਆਈ ਬਾਰੇ ਹੁਕਮ ਦਿੱਤਾ ਕਿ ‘ਬਾਬਾ ਬਕਾਲੇ’, ਜਿਸ ਦਾ ਭਾਵ ਸੀ ਕਿ ਅਗਲਾ ਗੁਰੂ ਪਿੰਡ ਬਕਾਲੇ ਵਿੱਚ ਹੈ। ਗੁਰਗੱਦੀ ਦੇ ਵਾਰਸ ਬਣਨ ਦੀ ਦੌੜ ਵਿੱਚ 22 ਭੇਖੀ ਨਕਲੀ ਮੰਜੀਆਂ ਲਾ ਕੇ ਆਪਣੇ-ਆਪ ਨੂੰ ਗੁਰੂ ਕਹਾਉਣ ਲਈ ਬੈਠ ਗਏ। ਬਾਬਾ ਧੀਰ ਮੱਲ, ਜੋ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪੋਤਰਾ, ਬਾਬਾ ਗੁਰਦਿੱਤਾ ਜੀ ਦਾ ਵੱਡਾ ਸਪੁੱਤਰ, ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਵੱਡਾ ਭਰਾ ਅਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਤਾਇਆ ਹੋਣ ਦਾ ਹਵਾਲਾ ਦੇ ਕੇ ਆਪਣੇ-ਆਪ ਨੂੰ ਅਸਲੀ ਵਾਰਸ ਹੋਣ ਦੇ ਨਾਂ ’ਤੇ ਪ੍ਰਮੁਖ ਦਾਅਵੇਦਾਰ ਸਮਝਦਾ ਸੀ।

ਭਾਈ ਮੱਖਣ ਸ਼ਾਹ ਲੁਬਾਣਾ ਵੱਲੋਂ ਆਪਣੇ ਸੱਚੇ ਪ੍ਰੀਤਮ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲੱਭ ਕੇ ‘ਗੁਰੂ ਲਾਧੋ ਰੇ’ ਦਾ ਨਾਅਰਾ ਮਾਰਨ ਵਾਲੀ ਸਾਖੀ ਤੋਂ ਸਾਰਾ ਸਿੱਖ ਜਗਤ ਵਾਕਫ਼ ਹੈ ਪਰ ਇਹ ਗੱਲ ਵੱਖਰੀ ਹੈ ਕਿ ਅੱਜ ਦਾ ਸਿੱਖ ਸ਼ਰਧਾਲੂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ’ਚ ਪ੍ਰਤੱਖ ਗੁਰੂ ਹੁੰਦਾ ਹੋਇਆ ਵੀ ਦੁੱਚਿਤੀ ਵਿੱਚ ਤੁਰਿਆ ਫਿਰਦਾ ਹੈ। ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਗੱਦੀ ’ਤੇ ਬਿਰਾਜਮਾਨ ਹੋਣ ਦਾ ਦਿਹਾੜਾ 30 ਮਾਰਚ 1664 ਈਸਵੀ ਹੈ।

ਅਕਤੂਬਰ 1665 ਈਸਵੀ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਹਿਲੂਰ ਦੇ ਰਾਜੇ ਦੀਪ ਚੰਦ ਤੋਂ ਪਿੰਡ ਮਾਖੋਵਾਲ ਦੀ ਜ਼ਮੀਨ ਮੁੱਲ ਲੈ ਕੇ ਅਨੰਦਪੁਰ ਸਾਹਿਬ (ਜਿਸ ਦਾ ਪਹਿਲਾ ਨਾਮ ਚੱਕ ਨਾਨਕੀ ਸੀ) ਵਸਾਇਆ। ਔਰੰਗਜ਼ੇਬ ਨੇ ਹਿੰਦੂਆਂ ਉੱਪਰ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਹਿੰਦੂ ਜਨਤਾ ਨੂੰ ਢਾਰਸ ਦੇਣ ਅਤੇ ਸਿੱਖੀ ਪ੍ਰਚਾਰ ਲਈ ਪੂਰਬ ਦੇਸ਼ ਵੱਲ ਚੱਲ ਪਏ।

ਓਨੀਂ ਦਿਨੀਂ ਔਰੰਗਜ਼ੇਬ ਤਲਵਾਰ ਦੇ ਜ਼ੋਰ ਨਾਲ਼ ਹਰ ਇੱਕ ਭਾਰਤੀ ਨੂੰ ਮੁਸਲਮਾਨ ਬਣਾ ਰਿਹਾ ਸੀ। ਔਰੰਗਜੇਬ ਦੇ ਜ਼ੁਲਮ ਦਾ ਸ਼ਿਕਾਰ ਬਣੇ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਲੈਣ ਦਾ ਫੈਸਲਾ ਕੀਤਾ। ਇੱਕ ਦਿਨ 16 ਕਸ਼ਮੀਰੀ ਬ੍ਰਾਹਮਣਾਂ ਦਾ ਇੱਕ ਜੱਥਾ ਇੱਕ ਮੋਹਤਬਰ ਸਿੱਖ ਆਗੂ ਭਾਈ ਕਿਰਪਾ ਰਾਮ ਦੱਤ ਦੀ ਬਾਂਹ ਫੜ ਕੇ ਚੱਕ ਨਾਨਕੀ ਆਏ ਅਤੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਆ ਫ਼ਰਿਆਦੀ ਹੋਏ।

ਕਸ਼ਮੀਰੀ ਬ੍ਰਾਹਮਣਾਂ ਨੇ ਗੁਰੂ ਸਾਹਿਬ ਨੂੰ ਦੱਸਿਆ ਕਿ ਅਸੀਂ ਔਰੰਗਜ਼ੇਬ ਦੇ ਜ਼ੁਲਮ ਤੋਂ ਤੰਗ ਆ ਚੁੱਕੇ ਹਾਂ। ਉਹ ਹਰ ਰੋਜ਼ ਸੈਂਕੜੇ ਬ੍ਰਾਹਮਣਾਂ ਨੂੰ ਜ਼ਬਰੀ ਮੁਸਲਮਾਨ ਬਣਾ ਰਿਹਾ ਹੈ। ਅਸੀਂ ਔਰੰਗਜ਼ੇਬ ਦੇ ਹਿੰਦੂ-ਰਾਜਪੂਤ ਵਜੀਰਾਂ ਤੱਕ ਵੀ ਪਹੁੰਚ ਕੀਤੀ ਹੈ। ਉਨ੍ਹਾਂ ਨੇ ਵੀ ਆਪਣੀ ਬੇਵੱਸੀ ਜ਼ਾਹਰ ਕੀਤੀ ਹੈ। ਹੁਣ ਸਾਡੀ ਆਖ਼ਰੀ ਆਸ ਸਿਰਫ਼ ਗੁਰੂ ਨਾਨਕ ਸਾਹਿਬ ਦਾ ਦਰ ਹੀ ਰਹਿ ਗਿਆ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬ੍ਰਾਹਮਣਾਂ ਨੂੰ ਕਿਹਾ ਕਿ ‘ਜਾਓ, ਸੂਬੇਦਾਰ ਨੂੰ ਆਖ ਦਿਉ ਕਿ ਜੇ ਉਹ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਮੁਸਲਮਾਨ ਬਣ ਜਾਣਗੇ।’

ਗੁਰੂ ਸਾਹਿਬ ਦੀ ਗੱਲ ਸੁਣ ਕੇ ਬ੍ਰਾਹਮਣਾਂ ਦੀ ਜਾਨ ਵਿੱਚ ਜਾਨ ਆ ਗਈ। ਆਪ ਜੀ ਦੇ ਬਚਨ ਸੁਣ ਕੇ ਪੂਰੇ ਦਰਬਾਰ ਵਿੱਚ ਸਨਾਟਾ ਛਾ ਗਿਆ। ਆਪ ਜੀ ਦੇ ਸਪੁੱਤਰ ਬਾਲ ਗੋਬਿੰਦ ਰਾਇ ਜੀ ਨੇ ਆਪ ਜੀ ਤੋਂ ਇਸ ਖ਼ਾਮੋਸ਼ੀ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਅੱਤਿਆਚਾਰ ਦੇ ਭਾਂਬੜ ਬਹੁਤ ਉੱਚੇ ਚਲੇ ਗਏ ਹਨ, ਜਿਸ ਵਿੱਚ ਇਹ ਨਿਤਾਣੇ ਬਾਲਣ ਦੀ ਥਾਂ ਝੋਂਕੇ ਜਾ ਰਹੇ ਹਨ। ਹੁਣ ਕਿਸੇ ਮਹਾਂਪੁਰਖ ਦੇ ਬਲੀਦਾਨ ਦੀ ਲੋੜ ਹੈ ਜੋ ਆਪਣੇ ਪਵਿੱਤਰ ਖੂਨ ਦੇ ਛਿੱਟੇ ਮਾਰ ਕੇ ਬਲਦੇ ਹੋਏ ਭਾਂਬੜਾਂ ਨੂੰ ਸ਼ਾਂਤ ਕਰ ਸਕੇ। ਬਾਲ ਗੋਬਿੰਦ ਰਾਇ ਜੀ ਨੇ ਕਿਹਾ ਕਿ ਆਪ ਜੀ ਤੋਂ ਬਿਨਾਂ ਹੋਰ ਮਹਾਂਪੁਰਖ ਕੌਣ ਹੋ ਸਕਦਾ ਹੈ? ਆਪ ਆਪਣਾ ਬਲੀਦਾਨ ਦੇ ਕੇ ਇਨ੍ਹਾਂ ਦੇ ਡੁੱਬਦੇ ਹੋਏ ਧਰਮ ਦੀ ਰੱਖਿਆ ਕਰੋ।

ਗੁਰੂ ਸਾਹਿਬ ਜੀ ਦੀ ਗੱਲ ਸੁਣ ਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਬਾਲਕ ਆਉਣ ਵਾਲੀ ਹਰ ਔਖੀ ਤੋਂ ਔਖੀ ਘੜੀ ਦਾ ਸਾਹਮਣਾ ਕਰਨ ਲਈ ਹਰ ਪੱਖੋਂ ਸਮਰੱਥ ਹੈ। ਆਪ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਦਾ ਫ਼ੈਸਲਾ ਕਰ ਲਿਆ। ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਤੁਸੀਂ ਨਿਸ਼ਚਿੰਤ ਹੋ ਕੇ ਜਾਓ ਅਤੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲੈ। ਜੇ ਉਨ੍ਹਾਂ ਨੇ ਇਸਲਾਮ ਧਰਮ ਕਬੂਲ ਕਰ ਲਿਆ ਤਾਂ ਅਸੀਂ ਖ਼ੁਸ਼ੀ-ਖ਼ੁਸ਼ੀ ਮੁਸਲਮਾਨ ਬਣ ਜਾਵਾਂਗੇ।

ਜਦੋਂ ਗੁਰੂ ਜੀ ਨੂੰ ਇਸਲਾਮ ਦੇ ਨਸ਼ੇ ਵਿੱਚ ਧੁੱਤ ਔਰੰਗਜ਼ੇਬ ਦੇ ਨਿਰਧਾਰਿਤ ਹਾਕਮ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਸ ਨੇ ਇਸਲਾਮ ਦੀ ਮਹਿਮਾ ਗਾਉਂਦਿਆਂ ਆਪ ਜੀ ਨੂੰ ਇਸਲਾਮ ਕਬੂਲਣ ਲਈ ਪ੍ਰੇਰਿਆ। ਪਰ ਗੁਰੂ ਜੀ ਨੇ ਉਸ ਦੀ ਉਮੀਦ ਦੇ ਉਲਟ ਉੱਤਰ ਦਿੱਤਾ ਕਿ ਧਰਮ ਜ਼ਬਰਦਸਤੀ ਤਲਵਾਰਾਂ ਦੀ ਨੋਕ ਉੱਤੇ ਨਹੀਂ ਬਦਲਾਇਆ ਜਾ ਸਕਦਾ। ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਕੇ ਨਾ ਤਾਂ ਤੁਸੀਂ ਸੱਚੇ ਮੁਸਲਮਾਨ ਹੋਣ ਦਾ ਸੰਕੇਤ ਦੇ ਰਹੇ ਹੋ, ਨਾ ਹੀ ਰੱਬ ਦੀ ਰਜ਼ਾ ਵਿੱਚ ਚੱਲ ਰਹੇ ਹੋ ਅਤੇ ਨਾ ਹੀ ਆਪਣੀ ਪਰਜਾ ਪ੍ਰਤੀ ਆਪਣੇ ਕਰਤੱਵ ਦਾ ਪਾਲਣ ਕਰ ਰਹੇ ਹੋ। ਬਾਦਸ਼ਾਹ ਹੋਣ ਦੇ ਨਾਂ ’ਤੇ ਤੁਹਾਡਾ ਫ਼ਰਜ਼ ਹੈ ਕਿ ਤੁਸੀਂ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬਰਾਬਰ ਸਮਝੋ, ਪਰ ਇਸ ਦੇ ਉਲਟ ਤੁਸੀਂ ਤਾਂ ਹਿੰਦੂਆਂ ਨੂੰ ਆਪਣੇ ਅੰਨ੍ਹੇ ਜ਼ੁਲਮ ਦਾ ਸ਼ਿਕਾਰ ਬਣਾਇਆ ਹੈ।

ਗੁਰੂ ਜੀ ਨੂੰ ਚੜ੍ਹਦੀ ਕਲਾ ਵਿੱਚ ਅਤੇ ਉਨ੍ਹਾਂ ਦੁਆਰਾ ਇਸਲਾਮ ਨਾ ਕਬੂਲਣ ਅਤੇ ਕੁਰਬਾਨੀ ਲਈ ਤਿਆਰ ਅਟੱਲ ਨਿਸ਼ਚੇ ਨੂੰ ਵੇਖ ਕੇ ਹਾਕਮ ਗੁੱਸੇ ਵਿੱਚ ਕੰਬ ਉੱਠਿਆ ਅਤੇ ਉਸ ਦੇ ਮਨਸੂਬਿਆਂ ਦੀਆਂ ਨੀਹਾਂ ਹਿੱਲ ਗਈਆਂ। ਆਪਣੀ ਇਸ ਹਾਰ ਨੂੰ ਵੇਖ ਕੇ ਉਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਜਾਵੇ ਅਤੇ ਇਨ੍ਹਾਂ ਦੇ ਮੁਰੀਦਾਂ ਨੂੰ ਤਸੀਹੇ ਦੇ-ਦੇ ਕੇ ਮਾਰ ਦਿੱਤਾ ਜਾਵੇ।

ਔਰੰਗਜ਼ੇਬ ਦੇ ਹੁਕਮ ਅਨੁਸਾਰ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਸੁੱਟ ਦਿੱਤਾ ਗਿਆ ਅਤੇ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਨਾਲ ਸਾੜ ਕੇ ਸ਼ਹੀਦ ਕਰ ਦਿੱਤਾ ਗਿਆ। ਇੱਕ-ਇੱਕ ਕਰ ਕੇ ਗੁਰੂ ਜੀ ਦੇ ਮੁਰੀਦਾਂ ਨੂੰ ਦਿੱਤੇ ਅਣਮਨੁੱਖੀ ਤਸੀਹਿਆਂ ਨੂੰ ਵੇਖ ਕੇ ਗੁਰੂ ਜੀ ਡੋਲੇ ਨਹੀਂ ਸਗੋਂ ਉਨ੍ਹਾਂ ਦਾ ਸਿਦਕ ਹੋਰ ਵੀ ਅਡੋਲ ਹੋ ਗਿਆ।

11 ਨਵੰਬਰ, 1675 ਈ: ਨੂੰ ਚਾਂਦਨੀ ਚੌਂਕ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੀਸ ਗੰਜ ਸੁਸ਼ੋਭਤ ਹੈ, ਵਿਖੇ ਕਾਜ਼ੀ ਨੇ ਫਤਵਾ ਪੜ੍ਹਿਆ। ਜੱਲਾਦ ਜਲਾਲ-ਉ-ਦੀਨ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਗੁਰੂ ਸਾਹਿਬ ਜੀ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ, ਪਰ ਆਪਣੇ ਮੂੰਹੋਂ ਸੀ ਨਾ ਉਚਾਰੀ। ਆਪ ਜੀ ਦੀ ਲਾਸਾਨੀ ਸ਼ਹਾਦਤ ਨਾਲ ਦਿੱਲੀ ਦਾ ਦਿਲ ਕੰਬ ਉੱਠਿਆ ਅਤੇ ਲੋਕਾਂ ਦੀਆਂ ਚੀਕਾਂ ਨਾਲ ਅਸਮਾਨ ਚੀਰਿਆ ਗਿਆ। ਜੱਲਾਦ ਦਾ ਦਿਲ ਦਹਿਲ ਗਿਆ ਅਤੇ ਉਹ ਤਲਵਾਰ ਸੁੱਟ ਕੇ ਜਾਮਾ ਮਸਜਿਦ ਵੱਲ ਭੱਜ ਗਿਆ।

ਭਾਈ ਜੈਤਾ, ਭਾਈ ਨਾਨੂ ਰਾਮ, ਭਾਈ ਤੁਲਸੀ ਤੇ ਭਾਈ ਊਦਾ ਨੇ ਗੁਰੂ ਸਾਹਿਬ ਦਾ ਸੀਸ ਚੁੱਕ ਕੇ ਲਿਆਉਣ ਦੀ ਤਰਕੀਬ ਘੜੀ। ਭਾਈ ਜੈਤਾ ਜੀ ਰਾਤ ਦੇ ਹਨ੍ਹੇਰੇ ਵਿੱਚ ਗੁਰੂ ਸਾਹਿਬ ਦਾ ਸੀਸ ਚੁੱਕ ਲਿਆਇਆ। ਦੂਜੇ ਪਾਸੇ ਭਾਈ ਲੱਖੀ ਸ਼ਾਹ ਵਣਜਾਰਾ ਨੇ, ਆਪਣੇ ਪੁੱਤਰਾਂ ਗੁਰੂ ਸਾਹਿਬ ਦਾ ਧੜ ਚੁੱਕ ਲਿਆਂਦਾ ਅਤੇ ਆਪਣੇ ਘਰ ਅੰਦਰ ਹੀ ਧੜ ਦਾ ਸਸਕਾਰ ਕਰ ਦਿੱਤਾ। ਗੁਰੂ ਜੀ ਦੇ ਸਸਕਾਰ ਵਾਲੇ ਅਸਥਾਨ ’ਤੇ ਹੁਣ ਗੁਰਦਵਾਰਾ ਰਕਾਬ ਗੰਜ ਸੁਸ਼ੋਭਿਤ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ 15 ਰਾਗਾਂ ਵਿੱਚ 59 ਸ਼ਬਦਾਂ ਦੇ ਰੂਪ ਵਿੱਚ ਦਰਜ ਹੈ।