‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਅੱਠਵੀਂ ਜੋਤ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ 7 ਜੁਲਾਈ, 1656 ਈ: ਨੂੰ ਪਿਤਾ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਘਰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ ਜਿੰਨਾ ਨੂੰ ‘ਬਾਲਾ ਪ੍ਰੀਤਮ’ ਤੇ ‘ਅਸ਼ਟਮ ਬਲਬੀਰਾ’ ਜਿਹੇ ਲਫਜ਼ਾਂ ਨਾਲ ਯਾਦ ਕੀਤਾ ਜਾਂਦਾ ਹੈ, ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਅੱਠਵੇਂ ਵਾਰਸ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸਨ।

ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਰਾਮਰਾਇ ਜੀ ਨੇ ਔਰੰਗਜੇਬ ਨੂੰ ਖੁਸ਼ ਕਰਨ ਦੀ ਖਾਤਰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪੰਕਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਦੀ ਥਾਂ ‘ਮਿੱਟੀ ਬੇਈਮਾਨ ਕੀ, ਕਹਿ ਦਿੱਤਾ ਸੀ। ਇਸ ‘ਤੇ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਰਾਮਰਾਇ ਤੋਂ ਮੂੰਹ ਮੋੜ ਲਿਆ ਅਤੇ ਗੁਰਗੱਦੀ ਦੀ ਜਿੰਮੇਵਾਰੀ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਸੌਂਪ ਦਿੱਤੀ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ: ਨੂੰ ਗੁਰਿਆਈ ਮਿਲੀ। ਇਸ ਸਮੇਂ ਆਪ ਜੀ ਦੀ ਉਮਰ 5 ਸਾਲ, 3 ਮਹੀਨੇ ਦੀ ਸੀ।

ਰਾਮਰਾਇ ਨੇ ਆਪਣੇ ਤਾਏ ਧੀਰ ਮੱਲ ਨਾਲ ਸਲਾਹ ਕਰਕੇ ਕੁੱਝ ਮਸੰਦਾਂ ਨੂੰ ਆਪਣੇ ਨਾਲ ਜੋੜਿਆ ਅਤੇ ਉਹਨਾਂ ਰਾਹੀਂ ਆਪਣੇ-ਆਪ ਨੂੰ ਗੁਰੂ ਹੋਣ ਦਾ ਦਾਅਵਾ ਕਰਨ ਲੱਗਾ। ਪਰ ਸਿੱਖਾਂ ਨੂੰ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਫੈਸਲੇ ਦਾ ਪਤਾ ਸੀ। ਇਸ ਕਰਕੇ ਰਾਮਰਾਇ ਨੂੰ ਕਿਸੇ ਨੇ ਵੀ ਗੁਰੂ ਨਾ ਮੰਨਿਆ। ਰਾਮਰਾਇ ਮੂੰਹ ਦੀ ਖਾ ਕੇ ਸਿੱਧਾ ਔਰੰਗਜ਼ੇਬ ਕੋਲ ਪਹੁੰਚਿਆ ਅਤੇ ਕਿਹਾ ਕਿ ਮੈਂ ਵੱਡਾ ਪੁੱਤਰ ਹਾਂ। ਗੁਰਿਆਈ ‘ਤੇ ਮੇਰਾ ਹੱਕ ਹੈ।

ਰਾਮ ਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਸਨੂੰ ਆਪਣੇ ਮਕਸਦ ਵਿੱਚ ਕਾਮਯਾਬੀ ਨਾ ਮਿਲੀ। ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਾਮਲੇ ਵਿੱਚ ਕੋਈ ਦਖ਼ਲ ਨਾ ਦਿੱਤਾ, ਪਰ ਫਿਰ ਉਸਨੇ ਸੋਚਿਆ ਕਿ ਰਾਮ ਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ਚੱਲੇਗਾ ਅਤੇ ਹਕੂਮਤ ਇੱਕ ਪਾਸੇ ਬੇ-ਫ਼ਿਕਰ ਹੋ ਜਾਵੇਗੀ ਤਾਂ ਉਸਨੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਆਉਣ ਦਾ ਸੱਦਾ ਭੇਜਿਆ।

ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ‘ਨਹਿ ਮਲੇਸ਼ ਕੋ ਦਰਸ਼ਨ ਦੇਹ ਹੈ’ ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ਼ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸੇ ਦੀ ਧਮਕੀ ਹੇਠ ਨਹੀਂ ਆਉਣਾ। ਆਪ ਜੀ ਨੇ ਆਪਣੇ ਗੁਰੂ ਪਿਤਾ ਦਾ ਹੁਕਮ ਮੰਨਦਿਆਂ ਸਿੱਖਾਂ ਦੀ ਅਣਖ਼ ਅਤੇ ਸ਼ੋਭਾ ਨੂੰ ਉੱਚਾ ਰੱਖਣ ਲਈ ਦਿੱਲੀ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਕਿਸੇ ਵੀ ਤਰ੍ਹਾਂ ਦਿੱਲੀ ਆਉਣ ਲਈ ਪ੍ਰੇਰਿਤ ਕੀਤਾ ਜਾਵੇ। ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਕਿਹਾ ਕਿ ਤੁਸੀਂ ਗੁਰੂ ਸਾਹਿਬ ਨੂੰ ਆਪਣੇ ਘਰ ਸੱਦੋ। ਰਾਜਾ ਜੈ ਸਿੰਘ ਨੇ ਆਪਣੇ ਦੀਵਾਨ ਪਰਸ ਰਾਮ ਨੂੰ ਪੰਜਾਹ ਸਵਾਰ ਦੇ ਕੇ ਹਦਾਇਤ ਕੀਤੀ ਕਿ ਕੀਰਤਪੁਰ ਜਾ ਕੇ ਮੇਰੇ ਵੱਲੋਂ ਸਤਿਗੁਰੂ ਜੀ ਨੂੰ ਦਿੱਲੀ ਆਉਣ ਲਈ ਬੇਨਤੀ ਕਰਨੀ ਤੇ ਬੜੇ ਆਦਰ ਸਤਿਕਾਰ ਨਾਲ ਇਸ ਪਾਲਕੀ ਵਿੱਚ ਸਵਾਰ ਕਰਕੇ ਲੈ ਕੇ ਆਉਣਾ।

ਸਤਿਗੁਰੂ ਜੀ ਦੇ ਤੁਰਨ ਸਮੇਂ ਤੱਕ ਸਿੱਖ ਸੰਗਤਾਂ ਦੀ ਭਾਰੀ ਭੀੜ ਬਣ ਗਈ। ਗੁਰੂ ਸਾਹਿਬ ਨੇ ਸਭ ਨੂੰ ਧੀਰਜ ਤੇ ਹੌਂਸਲਾ ਦਿੱਤਾ। ਫਿਰ ਵੀ ਸੈਂਕੜੇ ਸਿੱਖ ਨਾਲ ਚੱਲ ਪਏ। ਅੰਬਾਲੇ ਜਿਲ੍ਹੇ ਦੇ ਇਲਾਕੇ ਪੰਜੋਖਰੇ ਪਹੁੰਚ ਕੇ ਗੁਰੂ ਜੀ ਨੇ ਕੁੱਝ ਉੱਘੇ ਸਿੱਖਾਂ ਤੋਂ ਬਿਨਾਂ, ਬਾਕੀ ਸਭ ਨੂੰ ਵਾਪਸ ਮੋੜ ਦਿੱਤਾ। ਪੰਜੋਖਰੇ ਵਿੱਚ ਇੱਕ ਪੰਡਿਤ ਲਾਲ ਚੰਦ ਸੀ। ਉਹ ਬਹੁਤ ਖਿਝਿਆ ਹੋਇਆ ਸੀ। ਉਹ ਆਪ ਜੀ ਨੂੰ ਮਿਲਿਆ ਅਤੇ ਕਹਿਣ ਲੱਗਾ ਕਿ, “ਤੁਸੀਂ ਆਪਣੇ ਆਪ ਨੂੰ ਗੁਰੂ ਹਰਿ ਕ੍ਰਿਸ਼ਨ ਅਖਵਾਉਂਦੇ ਹੋ ? ਇਸ ਤਰ੍ਹਾਂ ਆਪ ਸ੍ਰੀ ਕ੍ਰਿਸ਼ਨ ਨਾਲੋਂ ਵੀ ਵੱਡੇ ਬਣਦੇ ਹੋ? ਸ੍ਰੀ ਕ੍ਰਿਸ਼ਨ ਨੇ ਤਾਂ ਗੀਤਾ ਲਿਖੀ ਸੀ, ਤੁਸੀਂ ਉਸਦੇ ਅਰਥ ਕਰਕੇ ਹੀ ਵਿਖਾਓ ਅਤੇ ਨਾਲੇ ਸ਼ਾਸ਼ਤਰਾਂ ਦੇ ਅਰਥ ਕਰਨ ਵਿੱਚ ਮੇਰੇ ਨਾਲ ਮੁਕਾਬਲਾ ਕਰ ਲਵੋ।”

ਹੰਕਾਰੀ ਪੰਡਤ ਦੀ ਗੱਲ ਸੁਣ ਕੇ ਸਰਬ-ਕਲਾ ਸਮਰੱਥ ਗੁਰੂ ਜੀ ਨੇ ਉਸਨੂੰ ਕਿਹਾ ਕਿ, “ਅਸੀਂ ਤਾਂ ਰੱਬ ਦੇ ਸੇਵਕ ਹਾਂ। ਵੱਡੇ ਬਣ-ਬਣ ਕੇ ਬਹਿਣਾ ਅਸੀਂ ਨਹੀਂ ਜਾਣਦੇ ਪਰ ਤੁਸੀਂ ਪਿੰਡ ਵਿੱਚੋਂ ਕੋਈ ਵੀ ਬੰਦਾ ਲੈ ਆਓ, ਉਹ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਦੇ ਕੇ ਤੁਹਾਡੀ ਨਿਸ਼ਾ ਕਰੇਗਾ।

ਪੰਡਤ ਲਾਲ ਚੰਦ ਜਾ ਕੇ ਛੱਜੂ ਨਾਂ ਦੇ ਇੱਕ ਮਹਾਂਮੂਰਖ ਬੰਦੇ ਨੂੰ ਲੈ ਆਇਆ, ਜੋ ਉਸ ਪਿੰਡ ਦਾ ਝਿਊਰ ਸੀ। ਗੁਰੂ ਜੀ ਨੇ ਛੱਜੂ ਦੀਆਂ ਅੱਖਾਂ ਵਿੱਚ ਅੱਖਾਂ ਰਲਾ ਕੇ ਉਸਨੂੰ ਕਿਹਾ ਕਿ, “ਛੱਜੂ ਤੂੰ ਹੁਣ ਧਾਰਮਿਕ ਵਿਦਵਾਨ ਬਣ ਗਿਆ ਹੈਂ। ਇਸ ਪੰਡਤ ਨਾਲ ਸ਼ਾਸਤਰ-ਅਰਥ ਕਰ ਕੇ ਇਸ ਦੀ ਨਿਸ਼ਾ ਕਰ ਦੇ।’

ਫਿਰ ਆਪ ਜੀ ਨੇ ਛੱਜੂ ਦੇ ਸਿਰ ਉੱਤੇ ਆਪਣੀ ਸੋਟੀ ਦਾ ਸਿਰਾ ਰੱਖਿਆ ਅਤੇ ਬ੍ਰਾਹਮਣ ਨੂੰ ਕਿਹਾ ਕਿ, “ਪੁੱਛੋ, ਜੋ ਪੁੱਛਣਾ ਹੈ।” ਪੰਡਤ ਨੇ ਛੱਜੂ ਪਾਸੋਂ ਗੀਤਾ ਦੇ ਔਖੇ ਤੋਂ ਔਖੇ ਵਾਕਾਂ ਦੇ ਅਰਥ ਪੁੱਛੇ ਅਤੇ ਛੱਜੂ ਫਟਾ-ਫਟ ਦੱਸੀ ਗਿਆ। ਲਾਲ ਚੰਦ ਦਾ ਹੰਕਾਰ ਟੁੱਟ ਗਿਆ, ਉਹ ਗੁਰੂ ਜੀ ਦੇ ਚਰਨੀਂ ਢਹਿ ਕੇ ਸਿੱਖ ਬਣ ਗਿਆ। ਸਤਿਗੁਰੂ ਜੀ ਦੀ ਮਹਿਮਾ ਚਾਰੇ ਪਾਸੇ ਹੋਰ ਫੈਲ ਗਈ।

ਜਦੋਂ ਸੰਗਤ ਸਮੇਤ ਆਪ ਦਿੱਲੀ ਪੁੱਜੇ ਤਾਂ ਰਾਜਾ ਜੈ ਸਿੰਘ ਨੇ ਆਪਣੇ ਬੰਗਲੇ ਵਿੱਚ ਉਤਾਰਾ ਕਰਵਾਇਆ। ਉਸ ਜਗ੍ਹਾ ਹੁਣ ਬੰਗਲਾ ਸਾਹਿਬ ਗੁਰੂਦੁਆਰਾ ਸੁਸ਼ੋਭਿਤ ਹੈ। ਰਾਜਾ ਜੈ ਸਿੰਘ ਦੀ ਰਾਣੀ ਦੇ ਦਿਲ ਵਿੱਚ ਗੁਰੂ ਜੀ ਦੀ ਬਾਲਕ ਉਮਰ ਬਾਰੇ ਵਹਿਮ-ਭਰਮ ਕੁੱਝ ਬ੍ਰਾਹਮਣਾਂ ਨੇ ਭਰ ਦਿੱਤਾ। ਰਾਣੀ ਨੇ ਗੁਰੂ ਜੀ ਦੀ ਪਰਖ ਕਰਨੀ ਚਾਹੀ। ਹੋਰ ਕਈ ਅਮੀਰ ਘਰਾਣਿਆਂ ਦੀਆਂ ਜਨਾਨੀਆਂ ਨੂੰ ਆਪਣੇ ਮਹਿਲ ਵਿੱਚ ਬੁਲਾ ਲਿਆ ਤੇ ਮਨ ਵਿੱਚ ਧਾਰ ਲਿਆ ਕਿ ਜੇ ਗੁਰੂ ਸੱਚਾ ਹੈ ਤਾਂ ਇਹਨਾਂ ਸਭਨਾਂ ਨੂੰ ਛੱਡ ਕੇ ਮੇਰੀ ਗੋਦ ਵਿੱਚ ਆ ਕੇ ਬੈਠੇਗਾ।

ਬਾਲ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ, ਹੋਰ ਸਭਨਾਂ ਦੇ ਕੋਲੋਂ ਲੰਘ ਕੇ ਰਾਜਾ ਜੈ ਸਿੰਘ ਦੀ ਰਾਣੀ ਦੀ ਗੋਦ ਵਿੱਚ ਜਾ ਬੈਠੇ। ਰਾਣੀ ਦੀ ਨਿਸ਼ਾ ਹੋ ਗਈ। ਦਿੱਲੀ ਪਹੁੰਚ ਕੇ ਸਤਿਗੁਰੂ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ। ਦਿੱਲੀ ਦੀ ਸੰਗਤ ਰੋਜ਼ ਰਾਜਾ ਜੈ ਸਿੰਘ ਦੇ ਬੰਗਲੇ ਪਹੁੰਚਦੀ। ਸਤਿਸੰਗ ਹੁੰਦਾ ਤੇ ਸੰਗਤਾਂ ਦਰਸ਼ਨ ਕਰਦੀਆਂ। ਰਾਮ ਰਾਇ ਦੇ ਦਾਅਵੇ ਬਾਰੇ ਗੁਰੂ ਜੀ ਨੇ ਬਾਦਸ਼ਾਹ ਨੂੰ ਕਹਿ ਭੇਜਿਆ ਕਿ ਗੁਰਗੱਦੀ ਵਿਰਾਸਤ ਜਾਂ ਜੱਦੀ ਮਲਕੀਅਤ ਨਹੀਂ ਹੈ। ਰਾਮ ਰਾਇ ਜੀ ਨੇ ਗੁਰਬਾਣੀ ਦੀ ਤੁਕ ਉਲਟਾਈ ਸੀ ਤੇ ਪਿਤਾ ਗੁਰੂ ਜੀ ਨੇ ਉਸਨੂੰ ਤਿਆਗ ਦਿੱਤਾ। ਇਸ ਵਿੱਚ ਕੋਈ ਵਧੀਕੀ ਨਹੀਂ ਹੋਈ ਅਤੇ ਨਾ ਹੀ ਕਿਸੇ ਨਾਲ ਬੇ-ਇਨਸਾਫ਼ੀ ਹੈ। ਗੁਰੂ ਜੀ ਦੇ ਇਹ ਬਚਨ ਸੁਣ ਕੇ ਬਾਦਸ਼ਾਹ ਨੂੰ ਯਕੀਨ ਹੋ ਗਿਆ ਕਿ ਰਾਮ ਰਾਇ ਜੀ ਨਾਲ ਕੋਈ ਵਧੀਕੀ ਨਹੀਂ ਹੋਈ।

ਔਰੰਗਜ਼ੇਬ ਨੇ ਰਾਮ ਰਾਇ ਨੂੰ ਸੱਤ ਪਿੰਡ ਖੁਰਵੜਾ, ਧਮਵਾਲ, ਚਮਾਧਰੀ, ਦਰਤਨਾਵਲੀ, ਪੰਡਿਤਵਾੜੀ, ਮਿਆਵਲ ਅਤੇ ਰਾਜਪੁਰਾ ਜਾਗੀਰ ਵਜੋਂ ਦੇ ਦਿੱਤੇ। ਇੱਥੇ ਹੀ ਪਿੱਛੋਂ ਡੇਹਰਾਦੂਨ ਵਸਿਆ। ਰਾਮ ਰਾਇ ਆਪਣੀ ਜਾਗੀਰ ਵੱਲ ਚਲਾ ਗਿਆ ਅਤੇ ਆਪਣੀ ਵੱਖਰੀ ਸੰਪ੍ਰਦਾਇ ਬਣਾ ਕੇ ਬੈਠ ਗਿਆ।

ਗੁਰੂ ਜੀ ਅਜੇ ਦਿੱਲੀ ਹੀ ਸਨ ਕਿ ਸੰਨ 1664 ਵਿੱਚ ਚੇਚਕ ਦੀ ਬਿਮਾਰੀ ਫੈਲ ਗਈ। ਲੋਕ ਬਿਮਾਰੀ ਕਾਰਨ ਮਰ ਰਹੇ ਸਨ। ਸਭ ਪਾਸੇ ਹਾਹਾਕਾਰ ਮੱਚੀ ਹੋਈ ਸੀ। ਗੁਰੂ ਜੀ ਨੇ ਦੁਖੀ ਗ਼ਰੀਬਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ। ਦਸਵੰਧ ਦੀ ਭੇਟਾ ਨੂੰ ਇਸੇ ਲਈ ਵਰਤਿਆ ਗਿਆ। ਗੁਰੂ ਜੀ ਆਪਣੀ ਪਰਵਾਹ ਨਾ ਕਰਦਿਆਂ ਪੀੜਤਾਂ ਦੀ ਸੇਵਾ ਵਿੱਚ ਜੁਟ ਗਏ, ਜਿਸਦਾ ਨਤੀਜਾ ਇਹ ਨਿਕਲਿਆ ਕਿ ਇੱਕ ਦਿਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਵੀ ਬੜੇ ਜ਼ੋਰ ਦਾ ਬੁਖ਼ਾਰ ਹੋ ਗਿਆ। ਸਤਿਗੁਰੂ ਜੀ ਦੇ ਸਰੀਰ ਉੱਪਰ ਵੀ ਚੇਚਕ ਨਾਂਅ ਦੀ ਬਿਮਾਰੀ ਦੇ ਲੱਛਣ ਦਿਸਣ ਲੱਗੇ।

ਸਤਿਗੁਰੂ ਜੀ ਨੇ ਆਪਣਾ ਜੋਤੀ-ਜੋਤ ਸਮਾਉਣ ਦਾ ਸਮਾਂ ਨੇੜੇ ਜਾਣ ਕੇ ਕੋਲ ਬੈਠੀ ਸਾਰੀ ਸੰਗਤ ਨੂੰ ਹੁਕਮ ਦਿੱਤਾ ਕਿ ‘ਬਾਬਾ ਬਕਾਲੇ’। ਜਿਸਦਾ ਭਾਵ ਇਹ ਸੀ ਕਿ ਸਾਡੇ ਪਿੱਛੋਂ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਵਾਲਾ ਮਹਾਂ ਪੁਰਖ ਪਿੰਡ ਬਕਾਲੇ ਵਿੱਚ ਹੈ। ਇਹ ਕਹਿ ਕੇ ਆਪ 30 ਮਾਰਚ, ਸੰਨ 1664 ਨੂੰ ਜੋਤੀ-ਜੋਤ ਸਮਾ ਗਏ। ਜਮਨਾ ਦੇ ਕੰਢੇ, ਜਿਸ ਜਗ੍ਹਾ ਆਪ ਜੀ ਦਾ ਅੰਤਿਮ ਸਸਕਾਰ ਕੀਤਾ ਗਿਆ, ਉਸ ਜਗ੍ਹਾ ਹੁਣ ਬਾਲਾ ਸਾਹਿਬ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਜੋਤੀ-ਜੋਤ ਸਮਾਉਣ ਵੇਲੇ ਆਪ ਜੀ ਦੀ ਉਮਰ ਕਰੀਬ ਪੌਣੇ ਕੁ ਅੱਠ ਸਾਲ ਦੀ ਸੀ। ਆਪ ਜੀ ਨੇ ਢਾਈ ਕੁ ਸਾਲ ਹੀ ਗੁਰਿਆਈ ਕੀਤੀ।

ਅਜੋਕੇ ਵਿਦਵਾਨਾਂ ਅਤੇ ਕਈ ਗਲਤ ਸੰਸਥਾਵਾਂ ਦੇ ਅਧੀਨ ਹੋ ਚੁੱਕੇ ਵਿਦਵਾਨਾਂ ਨੇ ਗੁਰੂ ਸਾਹਿਬ ਜੀ ‘ਤੇ ਸਵਾਲ ਕਰਦਿਆਂ ਲਿਖਿਆ ਕਿ ਇੱਕ ਪੰਜ ਸਾਲ ਦਾ ਬਾਲਕ ਕੌਮ ਦੀ ਅਗਵਾਈ ਕਿਵੇਂ ਕਰ ਸਕਦਾ ਹੈ। ਦਰਅਸਲ, ਇਹ ਸਿੱਧੇ ਰੂਪ ਵਿੱਚ ਅਸ਼ਟਮ ਬਲਬੀਰ, ਜਿਨ੍ਹਾਂ ਨੂੰ ਭਾਈ ਨੰਦ ਲਾਲ ਜੀ ਨੇ ਆਪਣੀ ਰਚਨਾ ਦੇ ਵਿੱਚ ਸਲਤਨਤ-ਏ-ਅਸ਼ਟਮ ਕਹਿ ਕੇ ਸੰਬੋਧਨ ਕੀਤਾ ਹੈ, ਨੇ ਲਿਖਿਆ ਕਿ ਅੱਠਵੇਂ ਗੁਰੂ ਦਾ ਰਾਜ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਦਰ ਸੁਖਾਵਤ ਦਾ ਐਸਾ ਦਰ ਹੈ ਜਿਹੜਾ ਸਾਰਿਆਂ ਦੇ ਵਾਸਤੇ ਖੁੱਲ੍ਹਾ ਹੈ।

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ।।

ਦੁਨੀਆ ਦੀਆਂ ਸਾਰੀਆਂ ਇਲਾਜ਼ ਪ੍ਰਣਾਲੀਆਂ ਕਹਿੰਦੀਆਂ ਹਨ ਕਿ ਰੋਗੀ ‘ਤੇ ਸਾਰਾ ਧਿਆਨ ਕੇਂਦਰਿਤ ਕਰਨ ਨਾਲ ਉਸਦਾ ਰੋਗ ਠੀਕ ਕੀਤਾ ਜਾ ਸਕਦਾ ਹੈ ਪਰ ਇੱਥੇ ਤਾਂ ਕੇਵਲ ਦਰਸ਼ਨ ਕਰਨ ਨਾਲ ਹੀ ਦੁੱਖ ਦੂਰ ਹੋ ਜਾਂਦੇ ਹਨ।

Leave a Reply

Your email address will not be published. Required fields are marked *