Poetry

ਕਵਿਤਾ- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਕੀ ਧਾਰਮਿਕ ਗ੍ਰੰਥਾਂ ਨਾਲੋਂ ਵੱਖ ਕਿਉਂ ?

‘ਦ ਖ਼ਾਲਸ ਬਿਊਰੋ:- 

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਕੀ ਧਾਰਮਿਕ ਗ੍ਰੰਥਾਂ ਨਾਲੋਂ ਵੱਖ ਕਿਉਂ ?

ਘੁੱਪ ਹਨੇਰਾ ਕੁੱਝ ਨਾ ਸੀ ਜਦ, ਖ਼ੁਦਾ ਇਹ ਧਰਤ ਬਣਾਈ।

ਸਮੇਂ-ਸਮੇਂ ਦੇ ਪੈਰੋਕਾਰਾਂ,ਦੁਨੀਆ ਰਾਹੇ ਪਾਈ।

ਪਿਆਰਾ ਰੱਬ ਦਾ ਵਿੱਚ ਯੂਨਾਨ ਦੇ, ਫੀਥੋਗੌਰਸ ਪੈਦਾ ਹੋਇਆ।

ਸਤਰ ਕੋਈ ਨਾ ਹੱਥੀਂ ਉਤਾਰੀ, ਰੱਬੀ ਇਲਹਾਮ ਜੋ ਹੋਇਆ।

ਫਿਰ ਦੁਨੀਆ ‘ਚ ਸੁਕਰਾਤ ਸੀ ਆਇਆ, ਪਰ ਇਸਨੇ ਵੀ ਹੱਥੀਂ ਸਤਰ ਨਾ ਉਤਾਰੀ।

ਚੇਲੇ ਅਫਲਾਤੂਨ ਇਨ੍ਹਾਂ ਦੇ, ਸਿੱਖਿਆ ਸੀ ਪੱਤਰ ਉਤਾਰੀ।

ਐਸਾ ਹੀ ਗੁਰੂ ਬੁੱਧ ਨੇ ਕਰਿਆ, ਬਚਨ ਉਚਾਰਿਆ ਲਿਖਿਆ ਨਾ ਹੀ।

ਮਹਾਨ ਗੁਰੂ ਫਿਰ ਈਸਾ ਸੁਣਿਆ, ਇਨ੍ਹਾਂ ਵੀ ਹੱਥੀਂ ਲਿਖਿਆ ਨਾ ਹੀ।

ਖਜ਼ੂਰ ਦੇ ਪੱਤੇ ਖਾ ਗਈ ਬੱਕਰੀ, ਮੁਸਲਿਮ (ਮੁਹੰਮਦ ਸਾਬ) ਜੋ ਵੀ ਲਿਖਿਆ।

ਫਿਰ ਕੰਨੋਂ-ਕੰਨੀ ਗੁਜ਼ਰੀ, ਵੱਧ-ਘੱਟ ਪਾਕ ਤੇ ਲਿਖਿਆ।

ਹਿੰਦੂਆਂ ਦੇ ਵੀ ਬਚਨ ਉਚਾਰੇ, ਲਿਖੇ ਨਾ ਉਸੇ ਵੇਲੇ।

ਕੁੱਝ ਗੁੰਮ ਗਏ ਕੁੱਝ ਕਾਗਜ਼ੀ ਉਤਾਰੇ, ਦੁਬਾਰਾ ਇਨ੍ਹਾਂ ਦੇ ਚੇਲੇ।

ਪਰ ਗੁਰੂ ਹੱਥੀਂ ਆਪਣੇ, ਸੱਭੇ ਹਰਫ਼ ਉਤਾਰੇ।

ਇੱਕ ਸ਼ਬਦ ਨਾ ਇੱਧਰ-ਉੱਧਰ, ਸਮਕਾਲੀਆਂ ਲਿਖੇ ਨੇ ਸਾਰੇ।

ਸਦੀਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਛੇ ਗੁਰੂਆਂ ਮੋਹਰ ਹੈ ਲਾਈ।

15 ਭਗਤ 11 ਭੱਟਾਂ 4 ਗੁਰੂ ਦੇ ਸਿੱਖਾਂ, ਵਿੱਚ 31 ਰਾਗਾਂ ਬਾਣੀ ਦਰਜ ਕਰਾਈ।

ਗੁਰੂਆਂ ਦੀ ਬਾਣੀ

 ਧੰਨ ਗੁਰੂ ਨਾਨਕ ਅਲਫ਼ ਗੁਰਾਂ ਦੇ, ਸਿਰਮੋਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ।

974 ਸ਼ਬਦ ਆਪਦੇ, 17 ਰਾਗਾਂ ‘ਚ ਮਿਲਣ ਸਾਹਿਬ ਦੇ।

62 ਸਲੋਕ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ, ਅਫ਼ਰੀ ਹੈਂ ਬਹੁਤ ਨਿਆਰੇ।

907 ਵਿੱਚ ਰਾਗਾਂ, ਸ਼੍ਰੀ ਗੁਰੂ ਅਮਰਦਾਸ ਜੀ ਉਚਾਰੇ।

679 ਸ਼੍ਰੀ ਗੁਰੂ ਰਾਮਦਾਸ ਜੀ, ਉਚਾਰੇ 30 ਵਿੱਚ ਰਾਗਾਂ ਦੇ।

ਅਤੇ ਉਚਾਰੀਆਂ ਲਾਵਾਂ ਸਤਿਗੁਰੂ, ਪੜਦੇ ਧਨੀ ਜੋ ਭਾਗਾਂ ਦੇ।

ਸ਼ਹੀਦਾਂ ਦੇ ਸਿਰਤਾਜ ਗੁਰੂ ਜੀ ਦੇ, ਸੁਸ਼ੋਭਿਤ ਸ਼ਬਦ 2218 ਜੀ।

ਗੁਰੂ ਅਰਜਨ ਜੀ ਧੰਨ ਕਮਾਈ, 30 ਰਾਗਾਂ ਵਿੱਚ ਅੰਮ੍ਰਿਤ ਧਾਰਾ ਜੀ।

ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ, 116 ਸ਼ਬਦ,ਸਲੋਕ ਆਪ ਦੇ।

ਬਹੁਤੀ ਹੈ ਵਿਰਾਗ ‘ਚ ਬਾਣੀ, ਸ਼ਾਂਤ ਮੂਰਤ ਤੁਸੀਂ ਜਾਪ ਦੇ।

ਭਗਤਾਂ ਦੀ ਬਾਣੀ

 ਧੰਨ ਧੰਨ ਭਗਤ ਕਬੀਰ ਜੀ, ਭਗਤਾਂ ਦੇ ਸਿਰਮੌਰ ਨੇ।

541 ਸ਼ਬਦ ਆਪਦੇ, ਸਿੱਖ ਨਾ ਜਾਤ ਦੇ ਹੋਰ ਨੇ।

17 ਰਾਗਾਂ ਵਿੱਚ ਉਚਾਰੀ, ਅਫ਼ਰੀ ਹੁੰਦੇ ਮਨੁੱਖ ਤੇ ਜਨੌਰ ਨੇ।

ਦਰਜ ਆਪ ਦੇ ਸ਼ਬਦ ਨੇ 40, ਗਾਇਨ 16 ਰਾਗਾਂ ‘ਚ।

ਸੁਣ ਕੇ ਭਗਤ ਰਵਿਦਾਸ ਜੀ ਨੂੰ, ਅਸ਼-ਅਸ਼ ਕਰਦੀ ਕੋਇਲ ਬਾਗਾਂ ‘ਚ।

ਖ਼ੁਦਾ ਪ੍ਰਸੰਨ ਨਾਮਦੇਵ ਜੀ ਤੋਂ, ਮੰਦਰ ਦਾ ਮੁਖ ਘੁਮਾਇਆ ਜੀ।

61 ਸ਼ਬਦਾਂ ਦਾ ਅਨਮੋਲ ਖਜ਼ਾਨਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਬਣਾਇਆ ਜੀ।

ਕੁਰਾਨ ਕੰਠ ਵਿੱਚ 12 ਸਾਲਾਂ, ਬਾਬਾ ਸ਼ੇਖ ਫਰੀਦ ਨਿਆਰੇ ਨੇ।

130 ਸਲੋਕ ‘ਚੋਂ 18, ਗੁਰਾਂ ਨੇ ਨਾਂ ਆਪਣੇ ਹੇਠ ਉਤਾਰੇ ਨੇ।

ਜਿਮੀਂਦਾਰ ਨੇ ਧੰਨਾ ਜੀ, ਪੱਥਰ ਵਿੱਚੋਂ ਰੱਬ ਲੱਭਿਆ।

4 ਸ਼ਬਦ ਉਚਾਰੇ ਆਪ ਦੇ, ਪੜ੍ਹ-ਪੜ੍ਹ ਫਸਲਾਂ ਦਾ ਰੰਗ ਫੱਬਿਆ।

ਰੱਬ ਪ੍ਰਸੰਨ ਹੈ ਬੇਣੀ ਜੀ ਤੋਂ, ਘਰ ਦਾ ਚੱਕਰ ਚਲਾਇਆ ਜੀ।

ਦਰਜ ਨੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, 3 ਸ਼ਬਦ ਜੋ ਗਾਏ ਜੀ।

ਭਗਤ ਭੀਖਣ ਜੀ ਦੇ ਸ਼ਬਦਾਂ ਨੂੰ, ਸੋਰਠਿ ਰਾਗ ‘ਚ ਗਾਇਆ ਏ।

ਸਧਨੇ ਭਗਤ ਵੀ ਸੁੱਟ ਕਟਾਰੀ, ਇੱਕ ਵਿੱਚ ਜਸ ਸੁਣਾਇਆ ਏ।

ਤਿਆਗਿਆ ਰਾਜ,ਮੋਹ ਤੇ ਮਾਇਆ, ਸ਼ਾਂਤੀ ਮਨ ਦੀ ਪਾਉਣ ਲਈ।

ਇੱਕ ਸ਼ਬਦ ਵਿੱਚ ਭਗਤ ਪੀਪਾ ਜੀ, ਦੱਸਿਆ ਮਾਰਗ ਰੱਬ ਨੂੰ ਪਾਉਣ ਲਈ।

4 ਸ਼ਬਦ ਤਿਲ੍ਰੋਚਨ ਜੀ ਉਚਾਰੇ, ਸੀ ਪਾਇਆ ਜਦ ਗਫ਼ੂਰ ਸਾਈਂ।

ਸਿਰੀ ਰਾਗ ਇੱਕ,ਦੋ ਗੂਜਰੀ, ਇੱਕ ਧਨਾਸਰੀ ਤਾਈਂ।

ਅਧੂਰੀ ਪੰਗਤੀ ਲਿਖ ਪ੍ਰਮਾਤਮਾ, ਮਿਹਰ ਕਰੀ ਜੈ ਦੇਵ ਜੀ ਉੱਤੇ।

ਦੋ ਸ਼ਬਦ ਉਚਾਰੇ ਦੋ ਰਾਗਾਂ ਵਿੱਚ, ਜਾਗਣ ਮਾਇਆ ਧਾਰੀ ਸੁਣ ਸੁੱਤੇ।

ਰਾਮਾਨੰਦ ਜੀ ਆਪ ਨੇ ਕੀਤੀ, ਗੁਰਮਤਿ ਦੀ ਨੇਕ ਕਮਾਈ।

ਇੱਕ ਸ਼ਬਦ ਬਸੰਤ ਰਾਗ ਵਿੱਚ, ਕਰ ਗਾਇਨ ਰੂਹ ਏ ਜਗਾਈ।

ਚਾਰ ਮਹਾਨ ਸੀ ਸ਼ਿਸ਼ ਬਣਾਏ, ਪੂਜੇ ਜਿਨ੍ਹਾਂ ਨੂੰ ਇਹ ਲੋਕਾਈ।

ਰਵਿਦਾਸ,ਕਬੀਰ,ਪੀਪਾ ਜੀ,ਸੈਣੀ, ਦੇ ਸਿੱਖਿਆ ਕਰੀ ਭਲਾਈ।

ਇੱਕ ਸ਼ਬਦ ਪਰਮਾਨੰਦ ਜੀ, ਇੱਕ ਰਾਗ ਵਿੱਚ ਗਾਇਆ।

ਸੂਰਦਾਸ ਜੀ ਸਾਗਰ ਜਿੰਨਾ, ਇੱਕੇ ਸਤਰ ਸਮਝਾਇਆ।

ਸੈਣ ਭਗਤ ਦੀ ਲਾਜ ਰੱਖਣ ਲਈ, ਭਗਵਾਨ ਰਾਜਨ ਦਰ ਜਾਇਆ।

ਇੱਕ ਸ਼ਬਦ ਹੈ ਆਪ ਉਚਾਰਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਚ ਸਥਾਨ ਹੈ ਪਾਇਆ।

ਗੁਰਸਿੱਖਾਂ ਦੀ ਬਾਣੀ

ਗੁਰੂ ਨਾਨਕ ਦੇ ਸਾਥੀ, ਗੁਰਸਿੱਖ ਭਾਈ ਮਰਦਾਨਾ ਜੀ।

3 ਸਲੋਕ ਆਪ ਉਚਾਰੇ, ਸੁਣ-ਸੁਣ ਸੁਧਰੇ ਕਾਨਾ ਜੀ।

ਰਾਇ ਬਲਵੰਡ ਤੇ ਭਾਈ ਸੱਤਾ ਜੀ, ਅੱਤ ਮਧੁਰ ਜੋ ਰਾਗੀ ਹੋਏ ਨੇ।

5 ਪਉੜੀਆਂ ਰਾਇ ਬਲਵੰਡ ਜੀ, ਗਾ ਵਾਰ ‘ਚ ਮੋਤੀ ਪਰੋਏ ਨੇ।

ਅਖ਼ੀਰੀ 3 ‘ਚ ਸੱਤਾ ਜੀ, ਗੁਰ ਵਾਕਾਂ ਵਿੱਚ ਪਰੋਏ ਨੇ।

ਮੌਤ ਹੈ ਸੱਚ ਅਖੀਰੀ, ਬਿਆਨ ਕੀਤਾ ਸ਼ਬਦ ਤਾਈਂ।

ਬਾਬਾ ਸੁੰਦਰ ਨਾਮ ਆਪ ਦਾ, ਮਿਹਰ ਕਰੀ ਹੈ ਜਿਸ ‘ਤੇ ਸਾਈਂ।

ਭੱਟ ਸਾਹਿਬਾਨਾਂ ਦੇ ਸਵੱਈਏ

ਭੱਟ ਕਲ੍ਹ ਸਹਾਰ ਜੀ ਕੀਤੇ ਉਚਾਰਨ, ਸਵੱਈਏ ਗੁਰਾਂ ਦੀ ਅਸਤ੍ਰੋਤ ‘ਚ।

ਉਪਮਾ ਭੱਟ ਗਯੰਦ ਭੀ ਕੀਤੀ, ਫਿਰ ਲੀਨ ਹੋਏ ਗੁਰੂ ਜੋਤ ‘ਚ।

ਪੰਜ ਗੁਰੂਆਂ ਦੇ ਸਮਕਾਲੀ, ਜਿਨ੍ਹਾਂ ਭੱਟਾਂ ਉਚਾਰੀ ਬਾਣੀ।

ਭੱਟ ਭਿਖਾ, ਕੀਰਤ ਤੇ ਮਥਰਾ ਜੀ, ਨਾਮ ਜਪ ਬਣੇ ਰੱਬ ਦੇ ਹਾਣੀ।

ਭੱਟ ਸਲ੍ਹ,ਭਲ੍ਹ ਤੇ ਬਲ੍ਹ, ਨਲ੍ਹ ਜੀ, ਕਰੀ ਹੈ ਨੇਕ ਕਮਾਈ।

ਭੱਟ ਹਰਿਬੰਸ ਤੇ ਜਾਲਪ ਜੀ ਦੀ, ਬਾਣੀ ਪੜ੍ਹੇ ਲੋਕਾਈ।

ਤਿਉਂ ਮਹਿਮਾ ਕਰਨੀ ਔਖੀ, ਜਿਉਂ ਗਿਣਤੀ ਬਰਸਾਤੀ ਕਣੀਆਂ ਦੀ।

ਮਹਾਂਪੁਰਖਾਂ ਦੇ ਮੂਹਰੇ ਫਿੱਕੀ, ਲੋਅ ਲੱਖ ਕਰੋੜੀ ਮਣੀਆਂ ਦੀ।

– ਅਮਰਿੰਦਰ ਸਿੰਘ ਢਿੱਲੋਂ 

Instagram ID @amrinder_singh013

Contact no. 8146276380

Comments are closed.