Religion

ਸੇਵਾ,ਸਿਮਰਨ ਅਤੇ ਸਹਿਣਸ਼ੀਲਤਾ ਦੇ ਪ੍ਰਤੀਕ ਹਨ ਭਾਈ ਲਹਿਣਾ ਤੋਂ ਗੁਰੂ ਬਣੇ ਸ਼੍ਰੀ ਗੁਰੂ ਅੰਗਦ ਦੇਵ ਜੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ 31 ਮਾਰਚ,  1504 ਈ: ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮੱਤੇ ਦੀ ਸਰਾਂ ਵਿਖੇ ਮਾਤਾ ਦਇਆ ਕੌਰ ਜੀ ਦੇ ਕੁੱਖੋਂ ਭਾਈ ਫੇਰੂਮੱਲ ਜੀ ਦੇ ਘਰ ਹੋਇਆ।  ਭਾਈ ਲਹਿਣਾ ਜੀ ਉਸ ਵਕਤ ਕਾਫੀ ਛੋਟੀ ਉਮਰ ਦੇ ਸੀ, ਜਦੋਂ ਬਾਬਰ ਦੇ ਹਮਲੇ ਕਾਰਨ ਮੱਤੇ ਦੀ ਸਰਾਂ ਪਿੰਡ ਉੱਜੜ ਗਿਆ ਸੀ। ਭਾਈ ਲਹਿਣਾ ਜੀ ਦੇ ਪਿਤਾ ਫੇਰੂਮੱਲ ਜੀ ਪਰਿਵਾਰ ਸਮੇਤ ਪਿੰਡ ਖਡੂਰ ਸਾਹਿਬ ਆ ਗਏ। ਇੱਥੇ ਉਨ੍ਹਾਂ ਇੱਕ ਹੱਟੀ ਦਾ ਕੰਮ ਸੰਭਾਲਿਆ। ਭਾਈ ਲਹਿਣਾ ਜੀ ਵੈਸ਼ਨੋ ਦੇਵੀ ਮਾਤਾ ਦੇ ਭਗਤ ਸਨ। ਹਰ ਸਾਲ ਭਾਈ ਲਹਿਣਾ ਜੀ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਨ।

ਇੱਕ ਵਾਰ ਦੀ ਗੱਲ ਹੈ ਕਿ ਖਡੂਰ ਪਿੰਡ ‘ਚ ਜੋਧਾ ਨਾਂ ਦਾ ਇੱਕ ਵਿਅਕਤੀ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਜਪਦਾ ਸੀ। ਭਾਈ ਲਹਿਣਾ ਜੀ ਨੇ ਭਾਈ ਜੋਧਾ ਜੀ ਦੇ ਮੁੱਖੋਂ ਬਾਣੀ ਸੁਣੀ ਤਾਂ ਭਾਈ ਲਹਿਣਾ ਜੀ ਦੇ ਮਨ ਨੂੰ ਬਹੁਤ ਸ਼ਾਂਤੀ ਮਿਲੀ। ਭਾਈ ਲਹਿਣਾ ਜੀ ਨੇ ਭਾਈ ਜੋਧਾ ਨੂੰ ਪੁੱਛਿਆ ਕਿ ਉਹਨਾਂ ਨੇ ਇਹ ਬਾਣੀ ਕਿੱਥੋਂ ਸਿੱਖੀ। ਭਾਈ ਜੋਧਾ ਜੀ ਨੇ ਜਵਾਬ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਆ।  ਭਾਈ ਲਹਿਣਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦਾ ਮੰਨ ਬਣਾ ਲਿਆ।

ਭਾਈ ਲਹਿਣਾ ਜੀ ਨੂੰ ਭਾਈ ਜੋਧਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਸਾਹਿਬ ਹੋਣ ਬਾਰੇ ਦੱਸਿਆ ਸੀ। ਭਾਈ ਲਹਿਣਾ ਜੀ ਦੇਵੀ ਦੇ ਦਰਸ਼ਨਾ ਲਈ ਆਪਣੇ ਪਿੰਡ ਦੇ ਯਾਤਰੂਆਂ ਨਾਲ ਜਾ ਰਹੇ ਸੀ ਤਾਂ ਰਸਤੇ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਬਾਰੇ ਸੋਚਿਆ ਤੇ ਉਹ ਕੀਰਤਪੁਰ ਸਾਹਿਬ ਵੱਲ ਮੁੜ ਗਏ। ਭਾਈ ਲਹਿਣਾ ਜੀ ਉਸ ਵਕਤ ਘੋੜੇ ਤੇ ਸਵਾਰ ਸੀ। ਰਸਤੇ ਵਿੱਚ ਉਹਨਾਂ ਨੂੰ ਇੱਕ ਬਜ਼ੁਰਗ ਵਿਅਕਤੀ ਮਿਲਿਆ। ਭਾਈ ਲਹਿਣਾ ਜੀ ਨੇ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਪੁੱਛਿਆ ਤਾਂ ਉਸ ਬਜ਼ੁਰਗ ਵਿਅਕਤੀ ਨੇ ਕਿਹਾ, ਚਲੋ ਮੈਂ ਤਹਾਨੂੰ ਲੈ ਚੱਲਦਾ ਹਾਂ।

ਉਹ ਬਜ਼ੁਰਗ ਵਿਅਕਤੀ ਹੋਰ ਕੋਈ ਨਹੀਂ ਸੀ ਸਗੋਂ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਸਨ ਜਿੰਨਾਂ ਦਾ ਪਤਾ ਭਾਈ ਲਹਿਣਾ ਜੀ ਪੁੱਛ ਰਹੇ ਸੀ। ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਦੇ ਘੋੜੇ ਦੀ ਲਗਾਮ ਫੜ ਲਈ ਤੇ ਚੱਲਦੇ ਗਏ ਤੇ ਭਾਈ ਲਹਿਣਾ ਜੀ ਘੋੜੇ ਤੇ ਸਵਾਰ ਰਹੇ।

ਭਾਈ ਲਹਿਣਾ ਜੀ ਨੂੰ ਇਹ ਗੱਲ ਨਹੀਂ ਸੀ ਪਤਾ ਕਿ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਘੋੜੇ ਦੀ ਲਗਾਮ ਫੜੀ ਹੋਈ ਹੈ, ਉਹ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਹਨ।  ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਦਰਬਾਰ ਵਿੱਚ ਆਉਣ ‘ਤੇ ਭਾਈ ਲਹਿਣਾ ਜੀ ਦੇ ਘੋੜੇ ਨੂੰ ਕਿੱਲੇ ਨਾਲ ਬੰਨ੍ਹ ਦਿੱਤਾ ਤੇ ਕਿਹਾ ਕਿ ਤੁਹਾਡੀ ਮੰਜਿਲ ਆ ਗਈ, ਮੈਂ ਚੱਲਦਾ ਹਾਂ। ਜਿਸ ਵਕਤ ਭਾਈ ਲਹਿਣਾ ਜੀ ਅੰਦਰ ਗਏ ਤਾਂ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਪੰਗਤ ‘ਚ ਬੈਠੀਆਂ ਹੋਈਆਂ ਸਨ ਤੇ ਜਦੋਂ ਭਾਈ ਲਹਿਣਾ ਜੀ ਨੇ ਗੁਰੂ ਸਾਹਿਬ ਵੱਲ ਦੇਖਿਆ ਤਾਂ ਉਹ ਹੈਰਾਨ ਹੋ ਗਏ ਤੇ ਚਿੰਤਾ ਵਿੱਚ ਆ ਗਏ।

ਉਹ ਸੋਚਣ ਲੱਗੇ ਕਿ ਜਿਹੜੇ ਗੁਰੂ ਨੂੰ ਮੈਂ ਮਿਲਣ ਲਈ ਆਇਆਂ ਹਾਂ, ਇਹ ਤਾਂ ਉਹੀ ਹਨ ਜਿਹੜੇ ਮੈਨੂੰ ਇੱਥੋਂ ਤੱਕ ਆਪ ਚੱਲ ਕੇ ਮੈਨੂੰ ਲੈਣ ਆਏ ਸਨ। ਭਾਈ ਲਹਿਣਾ ਜੀ ਨੇ ਗੁਰੂ ਜੀ ਅੱਗੇ ਮੱਥਾ ਟੇਕਿਆ ਤੇ ਮੁਆਫੀ ਮੰਗੀ।  ਗੁਰੂ ਸਾਹਿਬ ਨੇ ਕਿਹਾ ਕਿ ਕੋਈ ਗੱਲ ਨਹੀਂ ਤੇ ਨਾਲ ਹੀ ਉਨ੍ਹਾਂ ਦਾ ਨਾਂ ਪੁੱਛਿਆ।

ਭਾਈ ਲਹਿਣਾ ਜੀ ਨੇ ਕਿਹਾ ਕਿ ਮੇਰਾ ਨਾਂ ਲਹਿਣਾ ਹੈ। ਗੁਰੂ ਸਾਹਿਬ ਨੇ ਭਾਈ ਲਹਿਣਾ ਦਾ ਨਾਮ ਸੁਣ ਕੇ ਕਿਹਾ ਕਿ ਤੁਸੀਂ ਲਹਿਣਾ ਤੇ ਅਸੀਂ ਤੁਹਾਡਾ ਦੇਣਾ ਹੈ। ਭਾਈ ਲਹਿਣਾ ਜੀ ਨੇ 1532 ਤੋਂ 1539 ਤੱਕ ਗੁਰੂ ਨਾਨਕ ਦੇਵ ਜੀ ਦੀ ਸ਼ਰਨ ‘ਚ ਰਹਿ ਕੇ ਲੋਕ ਭਲਾਈ ਦੇ ਕੰਮ ਕੀਤੇ ਤੇ ਲੋਕਾਂ ਨੂੰ ਉਸ ਪ੍ਰਮਾਤਮਾ ਨਾਲ ਜੁੜ ਕੇ ਉਸ ਪ੍ਰਮਾਤਮਾ ਦੇ ਹੁਕਮ ‘ਚ ਰਹਿਣ ਦੀ ਪ੍ਰਰਨਾ ਦਿੱਤੀ। ਭਾਈ ਲਹਿਣਾ ਜੀ ਦੇ ਜੀਵਨ ਤੋਂ ਹੁਕਮ ਮੰਨਣ ਦੀ ਸਿੱਖਿਆ ਮਿਲਦੀ ਹੈ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਨੇ 1539 ਈ: ਤੋਂ ਗੁਰ-ਗੱਦੀ ਦੀ ਜ਼ਿੰਮੇਵਾਰੀ ਸੰਭਾਲੀ ਤੇ ਆਪ ਜੀ ਦਾ ਨਾਂ ਲਹਿਣੇ ਤੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਰੱਖਿਆ ਗਿਆ। ਸ੍ਰੀ ਅੰਗਦ ਦੇਵ ਜੀ ਦੇ 63 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ।

ਸ੍ਰੀ ਗੁਰੂ ਅੰਗਦ ਦੇਵ ਜੀ 1552 ਈ. ਦੇ ਵਿੱਚ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਕੇ ਜੋਤੀ ਜੋਤਿ ਸਮਾਂ ਗਏ। ਸੇਵਾ,ਸਿਮਰਨ ਅਤੇ ਸਹਿਣਸ਼ੀਲਤਾ ਦੇ ਪ੍ਰਤੀਕ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪ੍ਰਮਾਤਮਾ ਦੇ ਹੁਕਮ ਤੇ ਰਜ਼ਾ ‘ਚ ਰਹਿਣ ਦਾ ਸੰਦੇਸ਼ ਦਿੱਤਾ।

Comments are closed.