India Punjab

ਪੱਤਰਕਾਰੀ ਕਰਨ ਵਾਲੇ ਨੌਜਵਾਨ ਕੰਮ ਆਉਣ ਵਾਲੀਆਂ ਮਨਦੀਪ ਪੂਨੀਆ ਦੀਆਂ ਇਹ ਗੁੱਝੀਆਂ ਗੱਲਾਂ ਕਰ ਲੈਣ ਨੋਟ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ) :- ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਕਿਸਾਨੀ ਅੰਦੋਲਨ ਵਿੱਚ ਮੀਡਿਆ ਦੀ ਭੂਮਿਕਾ ‘ਤੇ ਵਿਚਾਰ ਚਰਚਾ ਕਰਨ ਲਈ ਮੁੱਖ ਬੁਲਾਰੇ ਵਜੋਂ ਚੰਡੀਗੜ੍ਹ ਦੇ ਸੈਕਟਰ 16 ਸਥਿਤ ਪੰਜਾਬ ਕਲਾ ਪਹੁੰਚੇ ਪੱਤਰਕਾਰ ਮਨਦੀਪ ਪੂਨੀਆ ਨੇ ਕਿਹਾ ਕਿ ਮੈਂ ਇਸ ਅੰਦੋਲਨ ਨੂੰ ਦੋ ਤਰੀਕੇ ਨਾਲ ਦੇਖਦਾ ਹਾਂ। ਪੂਨੀਆਂ ਨੇ ਕਿਹਾ ਕਿ ਪਿਛਲੇ ਸਤੰਬਰ ਤੋਂ ਹੀ ਖੇਤੀ ‘ਤੇ ਹੀ ਗੱਲ ਕੀਤੀ ਜਾ ਰਹੀ ਹੈ। 90 ਤੋਂ ਬਾਅਦ 30 ਸਾਲ ਬਾਅਦ ਇਸ ਮੁੱਦੇ ਨੇ ਪੂਰੀ ਤਰ੍ਹਾਂ ਵਾਪਸੀ ਕੀਤੀ ਹੈ। ਪੂਨੀਆ ਨੇ ਕਿਹਾ ਕਿ ਪੰਜਾਬ ਹਰਿਆਣਾ ਦਾ ਭਾਈਚਾਰੇ ਅਗਲੀਆਂ ਪੀੜ੍ਹੀਆਂ ਤੱਕ ਕਾਇਮ ਹੋ ਗਿਆ ਹੈ।

ਮਨਦੀਪ ਪੂਨੀਆ ਨੇ ਕਿਹਾ ਕਿ ਧਾਰਮਿਕ ਮੁੱਦਿਆਂ ‘ਤੇ ਹੋ ਰਹੀ ਰਾਜਨੀਤੀ ਨੂੰ ਕਿਸਾਨੀ ਅੰਦੋਲਨ ਨੇ ਕੱਟ ਕੇ ਰੱਖ ਦਿੱਤਾ ਹੈ। ਸਮਾਜਿਕ ਤੌਰ ‘ਤੇ ਖੇਤਰੀ ਬਾਰਡਰ ਲੋਕਾਂ ਨੇ ਖਤਮ ਕਰ ਦਿੱਤੇ ਹਨ। ਸਿੰਘੂ ਬਾਰਡਰ ‘ਤੇ ਸਾਰੇ ਹੀ ਜਾਤੀ ਭੇਦਭਾਵ ਤੋਂ ਉੱਪਰ ਉੱਠ ਕੇ ਲੰਗਰ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਨਵਦੀਪ ਸਿੰਘ, ਨੌਦੀਪ ਕੌਰ ਵਰਗੇ ਨੌਜਵਾਨਾਂ ਕਰਕੇ ਨਵੀਂ ਪੀੜ੍ਹੀ ਅੰਦੋਲਨ ਤਿਆਰ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਮੈਂ ਜ਼ਮਾਨਤ ‘ਤੇ ਬਾਹਰ ਹਾਂ। ਹਾਲੇ ਚਾਰਜਸ਼ੀਟ ਫਾਇਲ ਹੋਵੇਗੀ। ਫਿਰ ਦੇਖਾਂਗਾ ਕਿ ਕੀ ਕਰਨਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਤਾ ਇੱਕ ਬਿਜ਼ਨਸ ਬਣਦਾ ਜਾ ਰਿਹਾ ਹੈ। ਬਹੁਤ ਸਾਰੇ ਚੈਨਲ ਸਿਰਫ ਇਸ਼ਤਿਹਾਰ ਲਈ ਹਨ। ਫਿਰ ਵੀ ਉਮੀਦ ਹੈ ਕਿ ਆਜ਼ਾਦ ਮੀਡੀਆ ਉੱਭਰੇਗਾ। ਮਨਦੀਪ ਨੇ ਕਿਹਾ ਕਿ ਗਰਾਊਂਡ ਜ਼ੀਰੋ ਤੋਂ ਰਿਪੋਰਟ ਕਰਨੀ ਬਹੁਤ ਜ਼ਰੂਰੀ ਹੈ। ਸਰਕਾਰੀ ਦਬਾਅ ਤੋਂ ਮੁਕਤ ਰੱਖ ਕੇ ਪੱਤਰਕਾਰੀ ਕਰਨੀ ਪਵੇਗੀ।

ਮਨਦੀਪ ਪੂਨੀਆ ਨੇ ਕਿਹਾ ਕਿ ਕਿਸਾਨੀ ਅੰਦੋਲਨ ਵਿੱਚ ਬਹੁਤ ਸਾਰੇ ਪੱਤਰਕਾਰ ਕਿਸਾਨਾਂ ਨਾਲ ਹੀ ਸਮਾਂ ਬਿਤਾ ਰਹੇ ਹਨ। ਮੈਂ ਪੰਜਾਬੀ ਪੱਤਰਕਾਰਾਂ ਤੋਂ ਬਹੁਤ ਕੁੱਝ ਸਿੱਖਿਆ ਹੈ। ਹਰਿਆਣਾ ਤੇ ਪੰਜਾਬ ਦੇ ਪੱਤਕਾਰਾਂ ਵਿੱਚ ਵੀ ਸਾਂਝ ਪੈਦਾ ਹੋਈ ਹੈ। ਮਨਦੀਪ ਨੇ ਕਿਹਾ ਕਿ ਮੈਂ ਪੰਜਾਬੀ ਲਿਟਰੇਚਰ ਤੋਂ ਬੜਾ ਕੁੱਝ ਸਿੱਖਿਆ ਹੈ। ਪੱਤਰਕਾਰਾਂ ਵਿੱਚ ਹੋਈ ਧੜੇਬੰਦੀ ਨੂੰ ਇਸ ਕਿਸਾਨ ਅੰਦੋਲਨ ਨੇ ਖਤਮ ਕਰ ਦਿੱਤਾ ਹੈ।

ਮੀਡਿਆ ਨੂੰ ਵੀ ਕ੍ਰਿਟੀਕਲੀ ਦੇਖਣ ਦੀ ਲੋੜ ਹੈ। ਕਿਸੇ ਵੀ ਪੱਤਰਕਾਰ ‘ਤੇ ਨਜ਼ਰ ਰੱਖਣੀ ਜ਼ਰੂਰੀ ਹੈ। ਸਰਕਾਰ ਉਹ ਦਬਾਅ ਰਹੀ ਹੈ ਜੋ ਲੋਕਾਂ ਲਈ ਜਾਨਣਾ ਜਰੂਰੀ ਹੈ। ਸਰਕਾਰ ਨੂੰ ਗਰਾਊਂਡ ਜ਼ੀਰੋ ਦੀ ਰਿਪੋਰਟਿੰਗ ਤੋਂ ਪਰੇਸ਼ਾਨੀ ਹੈ। ਪੱਤਰਕਾਰੀ ਲਈ ਸਭ ਤੋਂ ਬੁਰਾ ਦੌਰ ਹੈ। ਮਨਦੀਪ ਪੂਨੀਆ ਨੇ ਕਿਹਾ ਕਿ ਨੈਸ਼ਨਲ ਮੀਡਿਆ ਲਈ ਸਕ੍ਰਿਪਟ ਉੱਪਰੋਂ ਆਉਂਦੀ ਹੈ ਅਤੇ ਉਹੀ ਅੱਗੇ ਚੱਲਦੀ ਹੈ।

ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਮਨਿਸਟਰੀ ਦੇ ਪ੍ਰੈੱਸ ਨੋਟ ਛਾਪਣ ਵਾਲੇ ਬਣਾ ਦਿੱਤਾ ਗਿਆ ਹੈ। ਜੋ ਮੀਡਿਆ ਪੈਦਾ ਹੋਇਆ ਹੈ, ਉਸਦੇ ਟਿਕੇ ਰਹਿਣ ‘ਤੇ ਵੀ ਸਵਾਲ ਉੱਠਦੇ ਹਨ। ਅਲਟਰਨੇਟ ਮੀਡੀਆ ਨੂੰ ਵੀ ਅਦਾ ਕਰਨਾ ਪਵੇਗਾ। ਚੰਦੇ ਅਤੇ ਦਿਆ ਕਰਨ ਦੀ ਭਾਵਨਾ ਲੋਕਾਂ ਨੂੰ ਛੱਡਣੀ ਪਵੇਗੀ। ਬਹੁਤ ਸਾਰਾ ਸੋਸ਼ਲ ਮੀਡਿਆ ਫੰਡ ਆਸਰੇ ਹੀ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਟਵੀਟ ਪੱਤਰਕਾਰੀ ਬਹੁਤ ਖਤਰਨਾਕ ਟਰੈਂਡ ਹੈ। ਪੱਤਰਕਾਰੀ ਦਾ ਮਤਲਬ ਸਿਰਫ ਸੂਚਨਾ ਦੇਣਾ ਨਹੀਂ ਹੈ। ਸਾਨੂੰ ਡਿਟੇਲ ‘ਚ ਜਾਣਾ ਪਵੇਗਾ। ਟੀਵੀ ਦਾ ਬਕਸਾ ਚਿੜੀਆ ਘਰ ਬਣਾ ਕੇ ਰੱਖਿਆ ਜਾ ਰਿਹਾ ਹੈ। ਆਨਲਾਈਨ ਖਬਰਾਂ ਵਿੱਚ ਖਬਰ ਦਾ ਸਿਰਲੇਖ ਅਤੇ ਅੰਦਰਲੇ ਕੰਟੇਂਟ ‘ਤੇ ਖਾਸ ਧਿਆਨ ਰੱਖਣਾ ਹੈ। ਪੁਲਿਸ ਦੇ ਤਸ਼ੱਦਦ ਬਾਰੇ ਦੱਸਦਿਆਂ ਪੂਨੀਆ ਨੇ ਕਿਹਾ ਕਿ ਪੁਲਿਸ ਨੇ ਮੇਰੇ ਨਾਲ ਬੁਰੇ ਤੋਂ ਬੁਰਾ ਵਰਤਾਓ ਕੀਤਾ ਹੈ। ਪੁਲਿਸ ਦੀ ਭਾਸ਼ਾ ਬਹੁਤ ਬੁਰੀ ਹੈ।

ਪੂਨੀਆ ਨੇ ਕਿਹਾ ਕਿ ਜੇਲ੍ਹ ਅੰਦਰ ਕਿਸਾਨ ਡਰੇ ਹੋਏ ਨਹੀਂ ਸੀ, ਚਿੰਤਿਤ ਸਨ। ਜੇਲ੍ਹ ਅੰਦਰ ਕਿਸਾਨਾਂ ਦੀ ਇੱਕ ਨਾਅਰੇ ‘ਤੇ ਸਾਰੀ ਜੇਲ੍ਹ ਜਿੰਦਾਬਾਦ ਬੋਲਦੀ ਸੀ। ਇਹ ਜੋਸ਼ ਦੇਖ ਕੇ ਇੱਕ ਵਾਰ ਵੀ ਨਹੀਂ ਲੱਗਿਆ ਕਿ ਕਿਸਾਨ ਡਰੇ ਹੋਏ ਹਨ। ਕਿਸਾਨਾਂ ਨੂੰ ਦੇਖ ਕੇ ਹੀ ਮੈਂ ਹੌਂਸਲਾ ਲਿਆ ਹੈ। ਪੱਤਰਕਾਰਾਂ ਨੂੰ ਸਮਾਜ ਦਾ ਦਰਦ ਸਮਝਣ ਦੀ ਲੋੜ ਹੈ। ਮੈਂ ਜੇਲ੍ਹ ਤੋਂ ਬਾਹਰ ਆ ਕੇ ਨੌਦੀਪ ਕੌਰ ਲਈ ਟਵੀਟ ਕੀਤਾ।

ਹਰਿਆਣਾ ਪੁਲਿਸ ਨੇ ਦਿੱਤਾ ਕਿਸਾਨਾਂ ਦਾ ਸਾਥ

ਇਸ ਮੌਕੇ ਦੀਪਕ ਚਨਾਰਥਲ ਨੇ ਕਿਹਾ ਕਿ ਕੋਰੋਨਾ ਸਾਰੇ ਪਾਸੇ ਫੈਲੇਗਾ ਪਰ ਜਿੱਥੇ-ਜਿੱਥੇ ਚੋਣਾਂ ਹਨ, ਉੱਥੇ ਨਹੀਂ ਕੋਈ ਅਸਰ ਕਰੇਗਾ। ਇਸ ਮੌਕੇ ਨੈਸ਼ਨਲ ਮੀਡਿਆ ਦੇ ਸਾਹਮਣੇ ਵੈਬ ਪੋਰਟਲ ਅਤੇ ਵੈਬ ਨਿਊਜ਼ ਯਾਨੀ ਖੇਤਰੀ ਮੀਡੀਆ ਦਾ ਵੱਡਾ ਰੋਲ ਹੈ। ਪੱਤਰਕਾਰ ਦੀ ਵੀ ਪੱਖ ਹੋਣਾ ਚਾਹੀਦਾ ਹੈ। ਨਿਰਪੱਖ ਕਹਿ ਕੇ ਆਪਣਾ ਪੱਲਾ ਨਹੀਂ ਝਾੜਨਾ ਚਾਹੀਦਾ। ਹਰਿਆਣਾ ਦੀ ਪੁਲਿਸ ਨੇ ਵੀ ਕਿਤੇ ਨਾ ਕਿਤੇ ਸਾਥ ਵੀ ਦਿੱਤਾ ਹੈ। ਸਾਰਿਆਂ ਦੇ ਅੰਦਰ ਦਿਲ ਹੈ, ਕਿਸਾਨ ਦੇ ਖੇਤਾਂ ਚੋਂ ਰੋਟੀਆਂ ਉਹ ਵੀ ਖਾਂਦੇ ਹਨ।