India Punjab

ਬਾਰਿਸ਼ ਅਤੇ ਗੜਿਆਂ ਨੇ ਪੰਜਾਬ ਦੇ ਕਿਸਾਨ ਦਾ ਲੱਕ ਤੋੜਿਆ

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਪਿਛਲੇ ਦੋ ਦਿਨਾਂ ਦੌਰਾਨ ਹੋਈ ਭਾਰੀ ਬਾਰਿਸ਼ ਅਤੇ ਪਏ ਗੜਿਆਂ ਨੇ ਪੰਜਾਬ ਦੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਸਰਕਾਰੀ ਰਿਪੋਰਟ ਅਨੁਸਾਰ ਝੋਨੇ ਦੀ ਫਸਲ ਨੂੰ 20 ਤੋਂ 25 ਫੀਸਦੀ ਤੱਕ ਦਾ ਨੁਕਸਾਨ ਪਹੁੰਚਿਆ ਹੈ। ਸਭ ਤੋਂ ਵੱਧ ਮਾਰ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲਿਆਂ ਵਿੱਚ ਪਈ ਹੈ ਜਿੱਥੇ 40 ਫੀਸਦੀ ਤੋਂ ਵੱਧ ਝਾੜ ਘਟਣ ਦਾ ਡਰ ਬਣ ਗਿਆ ਹੈ। ਪੰਜਾਬ ਵਿੱਚ 23 ਤੋਂ 25 ਸਤੰਬਰ ਤੱਕ ਔਸਤਨ 29 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਸਰਕਾਰ ਦੀ ਇਸ ਰਿਪੋਰਟ ਦੇ ਆਧਾਰ ‘ਤੇ ਮੁਆਵਜ਼ਾ ਤੈਅ ਕੀਤਾ ਜਾਵੇਗਾ। ਇਹ ਰਿਪੋਰਟ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਤਿਆਰ ਕੀਤੀ ਗਈ ਹੈ ਜਿਹੜੀ ਕਿ ਅਗਲੀ ਕਾਰਵਾਈ ਲਈ ਮੁੱਖ ਮੰਤਰੀ ਅਤੇ ਖੇਤੀਬਾੜੀ ਮੰਤਰੀ ਦੇ ਕੋਲ ਪਹੁੰਚ ਗਈ ਹੈ। ਸਰਕਾਰੀ ਰਿਪੋਰਟ ਵਿੱਚ ਪੰਜਾਬ ਦੇ ਅੱਠ ਜ਼ਿਲ੍ਹਿਆਂ ਮਾਨਸਾ, ਮੋਗਾ, ਬਰਨਾਲਾ, ਬਠਿੰਡਾ, ਫਰੀਦਕੋਟ, ਸੰਗਰੂਰ, ਨਵਾਂ ਸ਼ਹਿਰ ਅਤੇ ਮੁਕਤਸਰ ਵਿੱਚ ਨੁਕਸਾਨ ਤੋਂ ਬਚਾਅ ਰਿਹਾ ਹੈ ਪਰ ਇਨ੍ਹਾਂ ਸਾਰੇ ਜ਼ਿਲ੍ਹਿਆਂ ਵਿੱਚੋਂ ਨਵਾਂਸ਼ਹਿਰ ਨੂੰ ਛੱਡ ਕੇ ਬਾਕੀ ਸਭ ਥਾਂਈਂ ਹਲਕੀ ਤੋਂ ਦਰਮਿਆਨੀ ਬਾਰਿਸ਼ ਪਈ ਹੈ। ਨਵਾਂਸ਼ਹਿਰ ਵਿੱਚ 42 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ।

ਸਰਕਾਰ ਦੀ ਆਪਣੀ ਰਿਪੋਰਟ ਮੁਤਾਬਕ ਅੰਮ੍ਰਿਤਸਰ ਵਿੱਚ ਤਕਰੀਬਨ 25 ਹੈਕਟੇਅਰ ਰਕਬੇ ਵਿੱਚ 20 ਤੋਂ 30 ਫੀਸਦੀ ਝਾੜ ਘਟਣ ਦਾ ਅਨੁਮਾਨ ਦੱਸਿਆ ਗਿਆ ਹੈ। ਲਗਭਗ ਦੋ ਹਜ਼ਾਰ ਹੈਕਟੇਅਰ ਰਕਬੇ ਵਿੱਚ ਗੜੇਮਾਰੀ ਕਾਰਨ 50 ਫੀਸਦੀ ਝਾੜ ਘਟਣ ਦਾ ਅੰਦਾਜ਼ਾ ਹੈ। ਤਰਨਤਾਰਨ ਦੇ 24 ਪਿੰਡਾਂ ਵਿੱਚ ਗੜੇਮਾਰੀ ਕਾਰਨ ਝੋਨੇ ਦੀ ਫਸਲ ਨੂੰ 40 ਫੀਸਦੀ ਨੁਕਸਾਨ ਪਹੁੰਚਿਆ ਹੈ। ਫਤਿਹਗੜ੍ਹ ਸਾਹਿਬ ਵਿੱਚ 8400 ਹੈਕਟੇਅਰ ਰਕਬਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਾਜ਼ਿਲਕਾ ਦੇ 30 ਪਿੰਡਾਂ ਵਿੱਚ 20 ਫੀਸਦੀ ਬਾਸਮਤੀ ਦਾ ਝਾੜ ਘਟਣ ਦੀ ਸੰਭਾਵਨਾ ਹੈ। ਗੁਰਦਾਸਪੁਰ ਅਤੇ ਫਿਰੋਜ਼ਪੁਰ ਵਿੱਚ ਸਾਉਣੀ ਦੀ ਫਸਲ ਨੂੰ ਭਾਰੀ ਨੁਕਸਾਨ ਹੋਣ ਦਾ ਡਰ ਪ੍ਰਗਟ ਕੀਤਾ ਗਿਆ ਹੈ। ਕਪੂਰਥਲਾ ਵਿੱਚ ਝੋਨੇ ਦੀ ਫਸਲ ਬੁਰੀ ਤਰ੍ਹਾਂ ਵਿਛ ਗਈ ਅਤੇ 15 ਫੀਸਦ ਤੱਕ ਝਾੜ ਘਟਣ ਦਾ ਅਨੁਮਾਨ ਹੈ। ਲੁਧਿਆਣਾ ਵਿੱਚ ਕਿਤੇ-ਕਿਤੇ ਖੜੀ ਫਸਲ ਤਾਂ ਡਿੱਗ ਪਈ ਪਰ ਨੁਕਾਸਨ ਦੋ ਫੀਸਦੀ ਤੱਕ ਹੋਣ ਦਾ ਅੰਦਾਜ਼ਾ ਹੈ। ਪਠਾਨਕੋਟ ਵਿੱਚ ਬਾਸਮਤੀ ਦੀ ਫਸਲ ਨੂੰ 14 ਫੀਸਦੀ ਅਤੇ ਪਲਮਲ ਦੋ ਫੀਸਦ ਤੱਕ ਪ੍ਰਭਾਵਿਤ ਹੋਈ ਹੈ। ਪਟਿਆਲਾ ਜ਼ਿਲ੍ਹੇ ਦੇ 25 ਪਿੰਡਾਂ ਵਿੱਚ ਗੜੇਮਾਰੀ ਨਾਲ ਕਾਫੀ ਨੁਕਸਾਨ ਹੋਇਆ ਹੈ। ਰੂਪਨਗਰ ਵਿੱਚ 10 ਫੀਸਦੀ ਰਕਬਾ ਵਿਛ ਗਿਆ ਹੈ ਅਤੇ ਸੱਤ ਫੀਸਦੀ ਤੱਕ ਨੁਕਸਾਨ ਹੋਣ ਦਾ ਅੰਦਾਜ਼ ਲਾਇਆ ਗਿਆ ਹੈ। ਚੰਡੀਗੜ੍ਹ ਨਾਲ ਲੱਗਦੇ ਮੁਹਾਲੀ ਜ਼ਿਲ੍ਹੇ ਵਿੱਚ ਵੀ 5 ਤੋਂ 8 ਫੀਸਦੀ ਝਾੜ ਘਟਣ ਦਾ ਅੰਦਾਜ਼ਾ ਹੈ।

ਮੌਸਮ ਵਿਭਾਗ ਮੁਤਾਬਕ ਰੋਪੜ ਵਿੱਚ ਸਭ ਤੋਂ ਵੱਧ 79 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਉਸ ਤੋਂ ਬਾਅਦ ਲੁਧਿਆਣਾ ਵਿੱਚ 74.4 ਮਿਲੀਮੀਟਰ ਬਾਰਿਸ਼ ਹੋਈ ਹੈ। ਪਟਿਆਲਾ ਵਿੱਚ 59.4 ਫੀਸਦੀ ਬਾਰਿਸ਼ ਹੋਈ ਹੈ। ਸਭ ਤੋਂ ਘੱਟ ਫਰੀਦਕੋਟ ਵਿੱਚ 2.2 ਮਿਲੀਮੀਟਰ ਮੀਂਹ ਪਿਆ ਹੈ। ਮੁਕਤਸਰ ਸਾਹਿਬ ਵਿੱਚ 4 ਮਿਲੀਮੀਟਰ ਬਾਰਿਸ਼ ਹੋਈ ਹੈ ਜਦਕਿ ਮਾਨਸਾ ਵਿੱਚ 4.4 ਮਿਲੀਮੀਟਰ ਮੀਂਹ ਪਿਆ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚਾਰ ਤੋਂ ਪੰਜ ਦਿਨਾਂ ਤੱਕ ਕਣਕ ਦੀ ਕਟਾਈ ਰੁਕੀ ਰਹੇਗੀ ਪਰ ਕਿਸਾਨਾਂ ਦਾ ਦਾਅਵਾ ਇੱਕ ਹਫਤੇ ਲਈ ਘਰੀਂ ਬਿਠਾ ਦੇਣ ਦਾ ਹੈ। ਗੈਰ-ਸਰਕਾਰੀ ਰਿਪੋਰਟਾਂ ਮੁਤਾਬਕ ਝੋਨੇ ਦੀ ਫਸਲ ਨੂੰ 50 ਫੀਸਦੀ ਤੱਕ ਨੁਕਸਾਨ ਪਹੁੰਚਿਆ ਹੈ। ਮੰਡੀਆਂ ਵਿੱਚ ਪਏ ਪੰਜ ਲੱਖ ਮੀਟਰਕ ਝੋਨਾ ਭਿੱਜ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਇਹ ਗੱਲ ਮੰਨਦੇ ਹਨ ਕਿ ਫਸਲ ਨੂੰ ਹੋਏ ਨੁਕਸਾਨ ਦੀ ਅਸਲੀਅਤ ਅਗਲੇ ਦਿਨੀਂ ਸਾਹਮਣੇ ਆਵੇਗੀ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਮੰਡੀਆਂ ਵਿੱਚ ਇਸ ਵਾਰ ਝੋਨਾ ਦੇਰ ਤੱਕ ਆਉਂਦਾ ਰਹੇਗਾ ਜਦਕਿ ਹਾੜੀ ਦੀ ਬਿਜਾਈ 10 ਤੋਂ 15 ਦਿਨਾਂ ਤੱਕ ਪੱਛੜ ਗਈ ਹੈ।