India Khalas Tv Special Punjab

Special Report-ਗੈਂਗਸਟਰ ਜੈਪਾਲ ਭੁੱਲਰ ਦੀ ਪੋਸਟਮਾਰਟਮ ਰਿਪੋਰਟ ਦਾ ਅਸਲ ਸੱਚ ਕੀ ਹੈ?

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਲਕੱਤਾ ਵਿੱਚ ਕਥਿਤ ਐਨਕਾਉਂਟਰ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੀ ਦੂਜੀ ਵਾਰ ਹੋਏ ਪੋਸਟਮਾਰਟਮ ਦੀ ਰਿਪੋਰਟ ਆ ਗਈ ਹੈ। ਹਾਲਾਂਕਿ ਪਰਿਵਾਰ ਵੱਲੋਂ ਦਾਖਿਲ ਕੀਤੀ ਪਟੀਸ਼ਨ ਤੋਂ ਬਾਅਦ ਸੁਪਰੀਮ ਕੋਰਟ ਨੇ ਭੁੱਲਰ ਦਾ ਦੁਬਾਰਾ ਪੋਸਟਮਾਰਟਮ ਕਰਨ ਦਾ ਹੁਕਮ ਜਾਰੀ ਕੀਤਾ ਸੀ। ਭੁੱਲਰ ਦਾ ਪਰਿਵਾਰ ਐਨਕਾਉਂਟਰ ਤੋਂ ਬਾਅਦ ਭੁੱਲਰ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਇਹ ਦੋਸ਼ ਲਗਾਉਂਦਾ ਰਿਹਾ ਹੈ ਕਿ ਭੁੱਲਰ ਨਾਲ ਸਿਰਫ ਗੋਲੀਬਾਰੀ ਦੀ ਘਟਨਾ ਹੀ ਨਹੀਂ ਹੈ ਸਗੋਂ ਭੁੱਲਰ ਦਾ ਬੁਰੀ ਤਰ੍ਹਾਂ ਸ਼ਰੀਰ ਤੋੜਿਆ ਗਿਆ ਹੈ।

ਐਨਕਾਉਂਟਰ ਵਿਚਾਰੇ ਹੋਰ ਵੀ ਕਈ ਕਹਾਣੀਆਂ ਹਨ ਜਿਨ੍ਹਾਂ ਨੂੰ ਪੋਸਟਮਾਰਟਮ ਵਿੱਚ ਲਪੇਟ ਕੇ ਪਰਿਵਾਰ ਤੋਂ ਲੁਕੋਇਆ ਜਾ ਰਿਹਾ ਹੈ। ਹੁਣ ਜਦੋਂ ਕਿ ਦੂਜੀ ਵਾਰ ਪੋਸਟਮਾਰਟਮ ਕਰਕੇ ਪੀਜੀਆਈ ਚੰਡੀਗੜ੍ਹ ਨੇ ਰਿਪੋਰਟ ਜਾਰੀ ਕਰ ਦਿੱਤੀ ਹੈ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਪੀਜੀਆਈ ਦੇ ਡਾਕਟਰ ਨੇ ਭੁੱਲਰ ਦੀ ਰਿਪੋਰਟ ਵਿੱਚ ਦੋ ਲਾਇਨਾਂ ਹੀ ਲਿਖੀਆਂ ਹਨ., ਜੋ ਬਹੁਤ ਅਹਿਮ ਹਨ।

ਰਿਪੋਰਟ ਅਨੁਸਾਰ ਭੁੱਲਰ ਦੇ 22 ਸੱਟਾਂ ਲੱਗੀਆਂ ਹਨ ਪਰ ਕੋਈ ਸਰੀਰਕ ਤਸ਼ੱਦਦ ਨਹੀਂ ਹੋਇਆ।ਗੈਂਗਸਟਰ ਜੈਪਾਲ ਭੁੱਲਰ ਦੇ ਅੰਤਿਮ ਸੰਸਕਾਰ ਕਰਨ ਲਈ ਪਰਿਵਾਰ ਸਹਿਮਤ ਤਾਂ ਹੋ ਗਿਆ ਹੈ ਪਰ ਦੂਸਰੀ ਰਿਪੋਰਟ ਆਉਣ ਤੋਂ ਬਾਅਦ ਹੁਣ ਜੈਪਾਲ ਭੁੱਲਰ ਦਾ ਅੰਤਿਮ ਅੱਜ ਬਾਅਦ ਦੁਪਹਿਰ 2 ਵਜੇ ਕੀਤਾ ਜਾਵੇਗਾ

ਪੀਜੀਆਈ ਦੀ ਰਿਪੋਰਟ ਵਿੱਚ ਕੀ ਆਇਆ

ਪੀਜੀਆਈ ਦੀ ਜੇਕਰ ਰਿਪੋਰਟ ਦੀ ਡਿਟੇਲ ਵੇਖੀ ਜਾਵੇ ਤਾਂ ਇਸ ਵਿੱਤ ਕਿਹਾ ਗਿਆ ਹੈ ਕਿ ਪੁਲਿਸ ਨੇ ਜੋ ਸੂਚਨਾ ਦਿੱਤੀ ਸੀ ਉਸ ਅਨੁਸਾਰ ਮੀਡੀਆ ਰਾਹੀਂ ਮ੍ਰਿਤਕ ਦੇ ਪਿਤਾ ਨੂੰ ਭੁੱਲਰ ਦੀ ਮੌਤ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਉਸਨੇ ਪੁਲਿਸ ਨਾਲ ਸੰਪਰਕ ਕੀਤਾ ਤੇ ਪੁਲਿਸ ਨੇ ਉਨ੍ਹਾਂ ਨੂੰ ਪੱਛਮੀ ਬੰਗਾਲ ਆਉਣ ਲਈ ਕਿਹਾ।ਫਲਾਇਟ ਰਾਹੀਂ ਭੁੱਲਰ ਦੇ ਪਿਤਾ 10 ਜੂਨ 2021 ਨੂੰ ਅੰਮ੍ਰਿਤਸਰ ਤੋਂ ਕਲਕੱਤਾ ਪਹੁੰਚ ਗਏ। ਉਸਦੇ ਅਨੁਸਾਰ ਇਸ ਦੌਰਾਨ ਉਸਨੂੰ ਪੋਸਟਮਾਰਮ ਲਈ ਨਹੀਂ ਬੁਲਾਇਆ ਗਿਆ ਤੇ ਨਾ ਹੀ ਪੋਸਟਮਾਰਟ ਦੀ ਜਾਂਚ ਤੋਂ ਬਾਅਦ ਮ੍ਰਿਤਕ ਦੇਹ ਦਿਖਾਈ ਗਈ।

12 ਜੂਨ 2021 ਨੂੰ ਸਵੇਰੇ ਉਸਨੂੰ ਭੁੱਲਰ ਦੀ ਦੇਹ ਪੂਰੀ ਤਰ੍ਹਾਂ ਨਾਲ ਲਪੇਟੀ ਹੋਈ ਹਾਲਤ ਵਿੱਚ ਸੌਂਪ ਦਿੱਤੀ ਗਈ ਤੇ ਉਹ ਵਾਪਸ ਫਲਾਇਟ ਰਾਹੀਂ ਚੰਡੀਗੜ੍ਹ ਆ ਗਏ। ਇਸ ਤੋਂ ਬਾਅਦ ਉਹ ਫਿਰਜੋਪੁਰ ਆ ਗਏ ਜਿੱਥੇ ਪਹਿਲਾਂ ਤੋਂ ਤਿਆਰ ਇਕ ਫਰੀਜਰ ਵਿੱਚ ਭੁੱਲਰ ਦੀ ਲਾਸ਼ ਨੂੰ ਰੱਖ ਦਿੱਤਾ ਗਿਆ। ਜਦੋਂ ਉਨ੍ਹਾਂ ਨੇ ਲਾਸ਼ ਖੋਲ੍ਹ ਕੇ ਦੇਖੀ ਤਾਂ ਭੁੱਲਰ ਦੀ ਦੇਹ ਉੱਤੇ ਬਹੁਤ ਨਿਸ਼ਾਨ ਸਨ ਤੇ ਬੁਰੀ ਤਰ੍ਹਾਂ ਜ਼ਖਮੀ ਸੀ। ਕਈ ਗੋਲੀਆਂ ਦੇ ਨਿਸ਼ਾਨ ਸਨ। ਇਸ ਤੋਂ ਬਾਅਦ ਪਰਿਵਾਰ ਨੇ ਅੰਤਮ ਸਸਕਾਰ ਨਹੀਂ ਕੀਤਾ ਤੇ ਅਧਿਕਾਰੀਆਂ ਨੂੰ ਮਿਲ ਕੇ ਹਾਈਕੋਰਟ ਵਿਚ ਦੂਜੀ ਵਾਰ ਪੋਸਟਮਾਰਟ ਦੀ ਮੰਗ ਵਾਲੀ ਪਟੀਸ਼ਨ ਦਾਖਿਲ ਕਰ ਦਿੱਤੀ। 21 ਜੂਨ ਨੂੰ ਕੋਰਟ ਦੇ ਨਿਰਦੇਸ਼ਾਂ ਉੱਤੇ ਪਰਿਵਾਰ ਨੂੰ ਪੀਜੀਆਈ ਵਿਖੇ ਮ੍ਰਿਤਕ ਦੇਹ ਲਿਆਉਣ ਲਈ ਕਿਹਾ ਗਿਆ ਤੇ 22 ਜੂਨ ਨੂੰ ਸਵੇਰੇ 10 ਵਜੇ ਭੁੱਲਰ ਦਾ ਪੋਸਟਮਾਰਟਮ ਕੀਤਾ ਗਿਆ।

ਇਸ ਤੋਂ ਇਲਾਵਾ ਪੀਜੀਆਈ ਦੀ ਰਿਪੋਰਟ ਵਿਚ ਮ੍ਰਿਤਕ ਦੇ ਸ਼ਰੀਰ ਵਾਰੇ ਹੋਰ ਗੱਲਾਂ ਵੀ ਕਹੀਆਂ ਹਨ।ਪਹਿਲਾਂ ਕੀਤੇ ਗਏ ਪੋਸਟਮਾਰਮ ਕਾਰਨ ਸ਼ਰੀਰ ਉੱਤੇ ਇਕ ਖਾਸ ਤਰ੍ਹਾਂ ਦੀ ਵੈਕਸ ਲਗਾਈ ਗਈ ਸੀ। ਇਸ ਨੂੰ ਉਤਾਰਨ ਉੱਤੇ ਸਕਿਨ ਵੀ ਉਤਰ ਰਹੀ ਸੀ।

ਗੈਂਗਸਟਰ ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਬਾਅਦ ਪਰਿਵਾਰ ਲਗਾਤਾਰ ਪੁਲਿਸ ‘ਤੇ ਫੇਕ ਐਨਕਾਊਂਟਰ ਕਰਨ ਦੇ ਦੋਸ਼ ਲਾ ਰਿਹਾ ਸੀ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਬੀਤੇ ਦਿਨ ਪੀਜੀਆਈ ਵਿੱਚ ਉਸ ਦ ਮ੍ਰਿਤਕ ਦੇਹ ਦਾ ਦੁਬਾਰਾ ਪੋਸਟਮਾਰਟਮ ਕੀਤਾ ਗਿਆ, ਜਿਸ ਦੀ ਰਿਪੋਰਟ ਸਾਹਮਣੇ ਆ ਚੁੱਕੀ ਹੈ।

ਪੀਜੀਆਈ ਦੇ ਡਾਕਟਰਾਂ ਵੱਲੋਂ ਪੋਸਟਮਾਰਟਮ ਦੀ 7 ਪੇਜਾਂ ਦੀ ਰਿਪੋਰਟ ਤਿਆਰ ਕੀਤੀ ਗਈ, ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਗੈਂਗਸਟਰ ਭੁੱਲਰ ਦੀ ਮੌਤ ਬੁਲੇਟ ਗੋਲੀ ਲੱਗਣ ਨਾਲ ਹੀ ਹੋਈ ਹੈ।ਇਥੇ ਇਹ ਅਹਿਮ ਗੱਲ ਇਹ ਹੈ ਕਿ ਪੀਜੀਆਈ ਦੇ ਡਾਕਟਰਾਂ ਦੇ ਬੋਰਡ ਨੂੰ ਕੋਲਕਾਤਾ ਵਿੱਚ ਹੋਏ ਪੋਸਟਮਾਰਟਮ ਦੀ ਰਿਪੋਰਟ ਦੀ ਕਾਪੀ ਨਹੀਂ ਸੌਂਪੀ ਗਈ ਸੀ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਪਹਿਲੀ ਰਿਪੋਰਟ ਵਿੱਚ ਆਖਿਰ ਕੀ ਦਰਜ ਹੈ।

ਭੁੱਲਰ ਦੀ ਰਿਪੋਰਟ ਦੇ ਅਨੁਸਾਰ ਜ਼ਿਆਦਾ ਜ਼ਖਮ ਗੋਲੀਆਂ ਲੱਗਣ ਦੇ ਹਨ।ਸ਼ਰੀਰ ਵਿੱਚੋਂ ਮੈਟਲ ਵੀ ਮਿਲੇ ਹਨ।ਪਰਿਵਾਰ ਨੇ ਭੁੱਲਰ ਦੇ ਅੰਗ ਖਾਸ ਕਰਕੇ ਬਾਂਹ ਟੁੱਟਣ ਦੀ ਗੱਲ ਕਹੀ ਹੈ, ਪਰ ਰਿਪੋਰਟ ਅਨੁਸਾਰ ਇਹ ਗੋਲੀ ਲੱਗਣ ਕਰਕੇ ਹੋਇਆ ਹੈ।

ਹਾਲਾਂਕਿ ਭੁੱਲਰ ਦਾ ਪਰਿਵਾਰ ਅਜੇ ਵੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈ ਕਿ ਐਨਕਾਊਂਟਰ ਤੋ ਪਹਿਲਾਂ ਗੈਂਗਸਟਰ ਨਾਲ ਤਸ਼ੱਦਦ ਨਹੀਂ ਹੋਇਆ ਸੀ। ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਹੋਏ ਇਸ ਪੋਸਟਮਾਰਟ ਨਾਲ ਪਰਿਵਾਰ ਨੂੰ ਹੋਰ ਵੀ ਖਦਸ਼ਿਆਂ ਨੇ ਘੇਰ ਲਿਆ ਹੈ।

ਪਿਤਾ ਨੇ ਕੀਤਾ ਹੈ ਕਤਲ ਦਾ ਦਾਅਵਾ
ਭੁੱਲਰ ਦੀ ਕਲਕੱਤੇ ਤੋਂ ਲਾਸ਼ ਆਉਣ ਅਤੇ ਪੋਸਟਮਾਰਟ ਤੋਂ ਬਾਅਦ ਭੁੱਲਰ ਦੀ ਲਾਸ਼ ਦੇਖ ਕੇ ਭੁੱਲਰ ਦੇ ਪਿਤਾ ਪਹਿਲੇ ਦਿਨ ਤੋਂ ਹੀ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੇ ਪੁੱਤਰ ਉੱਤੇ ਪੁਲਿਸ ਨੇ ਜਬਰ ਕੀਤਾ ਹੈ ਤੇ ਭੁੱਲਰ ਦਾ ਕਤਲ ਹੋਇਆ ਹੈ।ਸਸਕਾਰ ਕਰਨ ਦੀ ਤਿਆਰੀ ਸਮੇਂ ਭੁੱਲਰ ਦਾ ਸ਼ਰੀਰ ਬੁਰੀ ਤਰ੍ਹਾਂ ਨਾਲ ਤੋੜਿਆ ਗਿਆ ਹੈ।ਸ਼ਰੀਰ ਦਾ ਹਰੇਕ ਅੰਗ ਇੰਝ ਲੱਗ ਰਿਹਾ ਸੀ ਜਿਵੇ ਉਸ ‘ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ ਹੋਵੇ।ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉਹ ਬਰੀਕੀ ਸਮਝਦੇ ਹਨ ਤੇ ਖੁਦ ਵੀ ਪੁਲਿਸ ਅਧਿਕਾਰੀ ਰਹਿਣ ਕਾਰਨ ਅਜਿਹੇ ਮਾਮਲੇ ਦੇਖ ਚੁੱਕੇ ਹਨ।

ਪਿਤਾ ਨੇ ਇਹ ਵੀ ਕਿਹਾ ਹੈ ਕਿ ਉਹ ਅੰਤਿਮ ਸਸਕਾਰ ਤੱਕ ਭੁੱਲਰ ਦੀ ਲਾਂਸ ਨੂੰ ਪੁਲਿਸ ਜਾਂ ਪ੍ਰਸ਼ਾਸਨ ਦੇ ਹੱਥਾਂ ਵਿੱਚ ਨਹੀਂ ਦੇਣਗੇ, ਕਿਤੇ ਇਹ ਲਾਸ਼ ਨਾਲ ਕੋਈ ਛੇੜਛਾੜ ਨਾ ਕਰ ਦੇਣ।ਉਨ੍ਹਾਂ Faul Play ਦਾ ਵੀ ਜ਼ਿਕਰ ਕੀਤਾ ਹੈ। ਸ਼ਬਦਿਕ ਅਰਥਾਂ ਵਿੱਚ ਇਸਦਾ ਮਤਲਬ ਹੈ ਅਜਿਹੀ ਹਿੰਸਾ ਜਾਂ ਕੋਈ ਅਪਰਾਧ, ਜਿਸ ਕਾਰਨ ਕਿਸੇ ਦੀ ਮੌਤ ਹੋ ਜਾਵੇ।

ਕਿਉਂ ਜਾਣਾ ਪੈ ਗਿਆ ਸੁਪਰੀਮ ਕੋਰਟ

ਭੁੱਲਰ ਦੀ ਲਾਸ਼ ਦੇ ਹਾਲਾਤ ਦੇਖ ਕੇ ਪਰਿਵਾਰ ਨੂੰ ਇਹ ਗੱਲ ਹਜਮ ਨਹੀਂ ਹੋ ਰਹੀ ਸੀ ਕਿ ਭੁੱਲਰ ਨੂੰ ਸਿਰਫ ਆਹਮੋ ਸਾਹਮਣੇ ਹੋਈ ਗੋਲੀਬਾਰੀ ਕਾਰਨ ਮਾਰਿਆ ਗਿਆ ਹੈ। ਜਿਸ ਨੂੰ ਪੁਲਿਸ ਐਨਕਾਉਂਟਰ ਦੱਸ ਰਹੀ ਹੈ। ਕਿਉਂ ਕਿ ਭੁੱਲਰ ਦੀ ਲਾਸ਼ ਦੇ ਹਾਲਾਤ ਸਿਰਫ ਐਨਕਾਉਂਟਰ ਨਾਲ ਮਰਨ ਦੀ ਕਹਾਣੀ ਨਹੀਂ ਦੱਸ ਰਹੇ ਹਨ।ਸੁਪਰੀਮ ਕੋਰਟ ਨੇ ਜੈਪਾਲ ਭੁੱਲਰ ਦੇ ਪਿਤਾ ਵੱਲੋਂ ਪਾਈ ਗਈ ਪਟੀਸ਼ਨ ਨੂੰ ਖਾਰਜ ਕਰਨ ਵਾਲੇ ਪੰਜਾਬ ਅਤੇ ਹਰਿਆਣਾ ਕੋਰਟ ਦੇ ਹੁਕਮ ਵੀ ਰੱਦ ਕਰ ਦਿੱਤੇ ਸਨ। ਜਸਟਿਸ ਇੰਦਰਾ ਬੈਨਰਜੀ ਅਤੇ ਐੱਮਆਰ ਸ਼ਾਹ ਦੀ ਬੈਂਚ ਨੇ ਪੰਜਾਬ ਸਰਕਾਰ ਨੂੰ ਲਾਸ਼ ਨੂੰ ਸਹੀ ਤਰੀਕੇ ਨਾਲ ਸਾਂਭ ਕੇ ਰੱਖਣ ਦੀ ਵਿਵਸਥਾ ਕਰਨ ਦਾ ਹੁਕਮ ਵੀ ਦਿੱਤੇ ਸਨ।

ਪਿਤਾ ਨੇ ਦਾਅਵਾ ਕੀਤਾ ਸੀ ਕਿ ਪੁਲਿਸ ਜੋ ਮਰਜ਼ੀ ਕਹੇ, ਕੋਰਟ ਜੋ ਮਰਜ਼ੀ ਦਲੀਲ ਘੜੇ, ਉਨ੍ਹਾਂ ਨੂੰ ਸੰਵਿਧਾਨ ਦੇ ਆਰਟੀਕਲ 21 ਦੇ ਤਹਿਤ ਇਹ ਜਾਨਣ ਦਾ ਅਧਿਕਾਰ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਦੀ ਵਜ੍ਹਾ ਕੀ ਸੀ ਤੇ ਇਹ ਕਥਿਤ ਕਤਲ ਕਿਵੇਂ ਕੀਤਾ ਗਿਆ।ਬੈਂਚ ਨੇ ਆਪਣੇ ਹੁਕਮ ਵਿੱਚ ਵਕੀਲ ਦੀ ਦਲੀਲ ‘ਤੇ ਗ਼ੌਰ ਕਰਦਿਆਂ ਕਿਹਾ ਸੀ ਕਿ ਇਸ ਮਾਮਲੇ ਵਿੱਚ ਪੰਜਾਬ ਪੁਲਿਸ ‘ਤੇ ਗੰਭੀਰ ਇਲਜ਼ਾਮ ਲੱਗੇ ਹਨ।ਪੰਜਾਬ ਪੁਲਿਸ ਉੱਚੇ ਪੋਸਟਮਾਰਟਮ ਦੀ ਰਿਪੋਰਟ ਨਾਲ ਹੇਰਾਫੇਰੀ ਕਰਨ ਦੇ ਵੀ ਇਲਜ਼ਾਮ ਸਨ। ਪੰਜਾਬ ਪੁਲਿਸ ਨੂੰ ਲੋੜੀਂਦੇ ਨਸ਼ਾ ਸਮਗਲਰ ਤੇ ‘ਏ-ਕੈਟਾਗਿਰੀ’ ਦਾ ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦੇ ਇੱਕ ਸਾਥੀ ਜਸਪ੍ਰੀਤ ਸਿੰਘ ਜੱਸੀ ਨੂੰ ਪੱਛਮੀ ਬੰਗਾਲ ਦੀ ਐਸਟੀਐਫ ਨੇ 9 ਜੂਨ ਨੂੰ ਇੱਕ ਐਨਕਾਊਂਟਰ ‘ਚ ਮਾਰ ਮੁਕਾਇਆ ਸੀ।

ਕਿਵੇਂ ਨਜ਼ਰਾਂ ਵਿੱਚ ਆਇਆ ਭੁੱਲਰ
ਜੈਪਾਲ ਭੁੱਲਰ ਨੂੰ ਪੰਜਾਬ ਪੁਲਿਸ ਨੇ ਕਈ ਵੱਖੋ-ਵੱਖਰੇ ਕੇਸਾਂ ‘ਚ ਨਾਮਜ਼ਦ ਕੀਤਾ ਹੋਇਆ ਸੀ ਪਰ ਉਹ ਵੱਡੀਆਂ ਸੁਰਖ਼ੀਆਂ ਵਿੱਚ ਉਸ ਵੇਲੇ ਆਇਆ ਜਦੋਂ ਉਸ ਦਾ ਨਾਂ ਪੰਜਾਬ ਪੁਲਿਸ ਦੇ ਦੋ ਅਫ਼ਸਰਾਂ ਨੂੰ ਕਤਲ ਕਰਨ ਦੀ ਘਟਨਾ ਨਾਲ ਜੁੜਿਆ।ਜੈਪਾਲ ਭੁੱਲਰ ਪੰਜਾਬ ਦੇ ਸਰਹੱਦੀ ਜ਼ਿਲੇ ਫਿਰੋਜਪੁਰ ਦਾ ਰਹਿਣ ਵਾਲਾ ਸੀ ਤੇ ਪੰਜਾਬ ਪੁਲਿਸ ਨੇ ਉਸ ਦੇ ਸਿਰ ‘ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ।ਜ਼ਿਕਰਯੋਗ ਹੈ ਕਿ ਪੁਲਿਸ ਨੇ ਜੈਪਾਲ ਭੁੱਲਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਜਗਰਾਉਂ ਵਿਖੇ 15 ਮਈ ਨੂੰ ਪੰਜਾਬ ਪੁਲਿਸ ਦੇ ਦੋ ਸਹਾਇਕ ਸਬ ਇੰਸਪੈਕਟਰਾਂ ਭਗਵਾਨ ਸਿੰਘ ਤੇ ਦਲਵਿੰਦਰਜੀਤ ਸਿੰਘ ਦੇ ਕਤਲਾਂ ਵਿੱਚ ਨਾਮਜ਼ਦ ਕੀਤਾ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਜੈਪਾਲ ਭੁੱਲਰ ਦਾ ਪਤਾ ਟਿਕਾਣਾ ਲੱਭਣ ਲਈ ਵੱਖ-ਵੱਖ ਸੂਬਿਆਂ ਦੀ ਪੁਲਿਸ ਨੂੰ ਅਲਰਟ ਜਾਰੀ ਕੀਤਾ ਤੇ ਕਲਕੱਤਾ ਵਿਖੇ ਭੁੱਲਰ ਦੇ ਹੋਣ ਤੋਂ ਬਾਅਦ ਇਹ ਸਾਰੀ ਕਾਰਵਾਰੀ ਸਿਰੇ ਚਾੜ੍ਹੀ ਗਈ।

ਕੈਨੇਡਾ ‘ਚ ਬੈਠਾ ਗਿੰਦੀ ਕੌਣ ਹੈ…

ਗੈਂਗਸਟਰ ਜੈਪਾਲ ਭੁੱਲਰ ਦੇ ਕੋਲਕਾਤਾ ਐਨਕਾਊਂਟਰ ਤੋਂ ਬਾਅਦ ਇੱਕ ਪਾਸੇ ਜਿਥੇ ਪਰਿਵਾਰ ਵੱਲੋਂ ਉਸ ਦਾ ਮੁੜ ਪੋਸਟਮਾਰਟਮ ਕਰਵਾ ਕੇ ਪੁਲਿਸ ਉੱਤੇ ਇਲਜ਼ਾਮ ਲਗਾਏ ਗਏ ਹਨ, ਉਥੇ ਹੀ ਪੁਲਿਸ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੈਨੇਡਾ ਬੈਠਾ ਗੁਰਵਿੰਦਰ ਸਿੰਘ ਉਰਫ ਗਿੰਦੀ ਸੋਸ਼ਲ ਮੀਡੀਆ ਰਾਹੀਂ ਜੈਪਾਲ ਲਈ ਕੰਮ ਕਰਨ ਵਾਲੇ ਨੌਜਵਾਨ ਨੌਜਵਾਨ ਤਿਆਰ ਕਰਦਾ ਸੀ। ਗਿੰਦੀ ਕੈਨੇਡਾ ਤੋਂ ਹੀ ਸੋਸ਼ਲ ਮੀਡੀਆ ‘ਤੇ ਗੈਂਗਸਟਰਾਂ ਤੋਂ ਪ੍ਰਭਾਵਿਤ ਨੌਜਵਾਨਾਂ ਨਾਲ ਸੰਪਰਕ ਬਣਾਉਂਦਾ ਸੀ ਅਤੇ ਫਿਰ ਉਨ੍ਹਾਂ ਨੂੰ ਪੈਸੇ ਕਮਾਉਣ ਦਾ ਲਾਲਚ ਦੇ ਕੇ ਉਨ੍ਹਾਂ ਦੀ ਵਰਤੋਂ ਨਸ਼ਾ ਸਪਲਾਈ, ਗੈਰ-ਕਾਨੂੰਨੀ ਹਥਿਆਰ ਮੰਗਵਾਉਣ ਅਤੇ ਨਸ਼ਾ ਲੁਕਾਉਣ ਵਰਗੇ ਕੰਮਾਂ ਲਈ ਇਸਤੇਮਾਲ ਕਰਦਾ ਸੀ।

ਉਨ੍ਹਾਂ ਨੌਜਵਾਨਾਂ ਵਿਚੋਂ ਕਈ ਜੈਪਾਲ ਦੇ ਨਾਲ ਵੀ ਰਹਿੰਦੇ ਸਨ ਪਰ ਉਹ ਇਸ ਗੱਲ ਤੋਂ ਅਣਜਾਨ ਸਨ ਕਿ ਇਹ ਅੰਤਰਰਾਜੀ ਮੋਸਟ ਵਾਂਟੇਡ ਅਪਰਾਧੀ ਹੈ। ਪੁਲਸ ਗਿੰਦੀ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।ਪੁਲਿਸ ਨੂੰ ਜਾਂਚ ਦੌਰਾਨ ਮਿਲੇ ਜੈਪਾਲ ਦੇ ਲੈਪਟਾਪ ਵਿੱਚ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਪੰਜਾਬ, ਬਿਹਾਰ ਤੇ ਉਤਰਾਖੰਡ ਦੇ ਪਤਿਆਂ ਤੋਂ 13 ਫਰਜ਼ੀ ਡਿਜ਼ਾਈਨ ਬਣਾਏ ਸਨ।
ਹੈਰਾਨੀ ਵਾਲੀ ਗੱਲ ਇਹ ਹੈ ਕਿ 3 ਪਾਸਪੋਰਟਾਂ ’ਤੇ ਲਿਖੇ ਨਾਵਾਂ ਤੇ ਪਤਿਆਂ ਦੀ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਨ੍ਹਾਂ ਲੋਕਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਜੈਪਾਲ ਇਨ੍ਹਾਂ ਮ੍ਰਿਤਕ ਲੋਕਾਂ ਦਾ ਡਾਟਾ ਲੈ ਕੇ ਆਪਣੇ ਫਰਜ਼ੀ ਪਾਸਪੋਰਟ ਲਈ ਇਸਤੇਮਾਲ ਕਰ ਰਿਹਾ ਸੀ।ਇਹ ਇਲਜ਼ਾਮ ਪੁਲਿਸ ਲਗਾ ਰਹੀ ਹੈ।

ਪੁਲਿਸ ਵੱਲੋਂ ਕੀਤੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਜਗਰਾਓਂ ਵਿੱਚ ਥਾਣੇਦਾਰਾਂ ਦੇ ਕਤਲ ਤੋਂ ਕੁਝ ਦਿਨ ਪਹਿਲਾਂ ਉਸ ਨੇ ਮੁੱਲਾਂਪੁਰ ’ਚ ਸਥਿਤ ਇਕ ਦਰਜੀ ਤੋਂ ਕੱਪੜੇ ਸਿਵਾਏ ਸਨ। ਉਥੇ ਜੈਪਾਲ ਨਾਲ ਕਾਰ ਵਿੱਚ ਕੁਝ ਹੋਰ ਸਾਥੀ ਵੀ ਨਾਲ ਆਏ ਸਨ। ਜੈਪਾਲ ਨੇ ਕੱਪੜੇ ਸਿਵਾਉਣ ਲੱਗਿਆਂ ਦਰਜੀ ਕੋਲ ਆਪਣਾ ਨਾਂ ਰਾਜਪਾਲ ਲਿਖਵਾਇਆ ਸੀ। ਪਤਾ ਲੱਗਾ ਹੈ ਕਿ ਜੈਪਾਲ ਭੁੱਲਰ ਅਕਸਰ ਆਪਣੇ ਫਰਜ਼ੀ ਨਾਵਾਂ ਦਾ ਹੀ ਇਸਤੇਮਾਲ ਕਰਦਾ ਸੀ।

ਉੱਠਦੇ ਸਵਾਲ….

  • ਪੋਸਟਮਾਰਟਮ ਦੀ ਰਿਪੋਰਟ ਵਿੱਚ ਕਿਉਂ ਨਹੀਂ ਆਉਂਦੀਆਂ ਭੁੱਲਰ ਦੀਆਂ ਟੁੱਟੀਆਂ ਹੱਡੀਆਂ
  • ਹੱਡੀਆਂ ਐਨਕਾਉਂਟਰ ਤੋਂ ਪਹਿਲਾਂ ਤੋੜੀਆਂ ਗਈਆਂ ਕਿ ਬਾਅਦ ਵਿੱਚ
  • ਜੁਰਮ ਦੀ ਸਜਾਂ ਜ਼ਰੂਰੀ ਹੈ, ਜੁਰਮ ਤੇ ਅਣਮਨੁੱਖੀ ਤਸ਼ੱਦਦ ਦਾ ਅਧਿਕਾਰ ਕਿਸਨੂੰ
  • ਸੰਵੇਦਨਸ਼ੀਲ ਮੁੱਦੇ ਉੱਤੇ ਵੀ ਕਿਉਂ ਲੜਨੀ ਪੈਂਦੀ ਹੈ ਲੰਬੀ ਕਾਨੂੰਨੀ ਲੜਾਈ
  • ਕੀ ਪੁਲਿਸ ਦੇ ਮੱਥੇ ਉੱਪਰੋਂ ਕੋਈ ਪੁਲਿਸ ਮੁਖੀ ਪੋਚ ਸਕੇਗਾ ਫੇਕ ਐਨਕਾਉਂਟਰਾਂ ਦਾ ਕਲੰਕ।