India International Khaas Lekh Khalas Tv Special Punjab

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।।

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਪਾਣੀ ਦਾ ਸੰਕਟ ਦਿਨੋਂ-ਦਿਨ ਡੂੰਘਾ ਹੋ ਰਿਹਾ ਹੈ। ਸੁਚੇਤ ਲੋਕ ਪਾਣੀ ਨੂੰ ਬਚਾਉਣ ਦਾ ਹੋਕਾ ਦੇ ਰਹੇ ਹਨ ਪਰ ਅਲਗਰਜ਼ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਉਨ੍ਹਾਂ ਦੀ ਅਲਗਰਜ਼ੀ ਦੂਜਿਆਂ ਦਾ ਜਿਊਣਾ ਦੁਰਭਰ ਕਰਨ ਦਾ ਸਬੱਬ ਬਣ ਸਕਦੀ ਹੈ। ਹਾਲਾਤ ਅਜਿਹੇ ਬਣਨ ਲੱਗੇ ਹਨ ਕਿ ਜੇ ਪੰਜਾਬੀਆਂ ਨੇ ਪਾਣੀ ਦੀ ਸੰਜਮ ਨਾਲ ਵਰਤੋਂ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਸੰਕਟ ਹੋਰ ਡੂੰਘਾ ਹੋ ਜਾਵੇਗਾ। ਕੇਂਦਰੀ ਭੂ ਜਲ ਬੋਰਡ ਦੀ ਸਾਲ 2019 ਦੀ ਰਿਪੋਰਟ ਅਨੁਸਾਰ ਪੰਜਾਬ ਅੰਦਰ ਧਰਤੀ ਹੇਠਲਾ ਪਾਣੀ 17 ਸਾਲਾਂ ਵਿੱਚ ਮੁੱਕ ਜਾਵੇਗਾ। ਰਿਪੋਰਟ ਮੁਤਾਬਕ ਪੰਜਾਬ ਦੇ 163 ਸ਼ਹਿਰਾਂ ਵਿੱਚ 2200 ਮਿਲੀਅਨ ਲੀਟਰ ਪ੍ਰਤੀ ਦਿਨ ਸੀਵਰੇਜ ਲਈ ਪਾਣੀ ਵਰਤਿਆ ਜਾ ਰਿਹਾ ਹੈ। ਇਸਦੇ ਨਾਲ ਹੀ 1600 ਮਿਲੀਅਨ ਲੀਟਰ ਪਾਣੀ ਨੂੰ ਹੀ ਸਾਫ਼ ਕੀਤੇ ਜਾਣ ਦੀ ਸੁਵਿਧਾ ਹੈ ਅਤੇ ਅਜਿਹੇ ਪਲਾਂਟ 128 ਸ਼ਹਿਰਾਂ ਵਿੱਚ ਲੱਗੇ ਹਨ ਅਤੇ ਇਨ੍ਹਾਂ ਵਿੱਚੋਂ ਵੀ ਕਈ ਪੂਰੀ ਤਰ੍ਹਾਂ ਨਹੀਂ ਚੱਲ ਰਹੇ ਹਨ। ਸਿਤਮ ਦੀ ਗੱਲ ਇਹ ਹੈ ਕਿ 35 ਸ਼ਹਿਰਾਂ ਦੇ ਲਗਭਗ 1600 ਮਿਲੀਅਨ ਮੀਟਰ ਪਾਣੀ ਨੂੰ ਸੋਧਣ ਲਈ ਕੋਈ ਟਰੀਟਮੈਂਟ ਪਲਾਂਟ ਨਹੀਂ ਹੈ। ਸਭ ਤੋਂ ਬੁਰਾ ਹਾਲ ਲੁਧਿਆਣਾ ਦੇ ਬੁੱਢੇ ਦਰਿਆ ਦਾ ਦੱਸਿਆ ਜਾ ਰਿਹਾ ਹੈ। ਇਸ ਵਿੱਚ 75 ਕਰੋੜ ਲੀਟਰ ਪਾਣੀ ਵਹਿ ਰਿਹਾ ਹੈ ਜੋ ਅੱਗੇ ਪੰਜਾਬ ਦੇ ਮਾਲਵਾ ਖੇਤਰ ਅਤੇ ਰਾਜਸਥਾਨ ਵਿੱਚ ਪੀਣ ਲਈ ਵਰਤਿਆ ਜਾ ਰਿਹਾ ਹੈ ਪਰ ਕੌੜਾ ਸੱਚ ਇਹ ਹੈ ਕਿ ਇਸ ਦਰਿਆ ਵਿੱਚ ਵਗਦੇ ਪਾਣੀ ਦੀ ਕੁਆਲਿਟੀ ਮਨੁੱਖੀ ਜਾਨਾਂ ਲਈ ਖ਼ਤਰਨਾਕ ਹੈ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਦੋ ਮਹੀਨੇ ਪਹਿਲਾਂ ਹੈਬੋਵਾਲ ਪੈਂਦੀ ਇੱਕ ਫੈਕਟਰੀ ਦੀ ਜਾਂਚ ਕੀਤੀ ਗਈ ਸੀ। ਉਸਦੇ ਨਤੀਜੇ ਬੜੇ ਚਿੰਤਾਜਨਕ ਦੱਸੇ ਗਏ ਹਨ। ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਉਦਯੋਗ, ਸਨਅਤਾਂ ਪਾਣੀ ਦੀ ਵਰਤੋਂ ਕਰ ਰਹੀਆਂ ਹਨ ਅਤੇ ਫੈਕਟਰੀਆਂ ਦਾ ਗੰਦਾ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਵਿੱਚ ਜ਼ਹਿਰੀਲੀਆਂ ਧਾਤਾਂ ਦੇਖਣ ਨੂੰ ਮਿਲੀਆਂ ਹਨ। ਇਹ ਵਜ੍ਹਾ ਹੈ ਕਿ ਦਰਿਆਵਾਂ ਕੰਢੇ ਵੱਸਦੇ ਲੋਕਾਂ ਨੂੰ ਖ਼ਤਰਨਾਕ ਬਿਮਾਰੀਆਂ ਘੇਰਨ ਲੱਗੀਆਂ ਹਨ। ਹੋਰ ਤਾਂ ਹੋਰ ਡੇਅਰੀਆਂ ਦਾ ਮਲ ਮੂਤਰ ਵੀ ਡਰੇਨਾਂ ਰਾਹੀਂ ਦਰਿਆਵਾਂ ਵਿੱਚ ਸੁੱਟਿਆ ਗਿਆ ਹੈ ਜਿਹੜਾ ਕਿ ਪਾਣੀ ਦੇ ਜਲ ਸ੍ਰੋਤਾਂ ਨੂੰ ਗੰਦਾ ਕਰਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਅੰਦਰ ਧਰਤੀ ਹੇਠਲਾ ਪਾਣੀ ਘੱਟ ਤਾਂ ਹੈ ਹੀ, ਜਿਹੜਾ ਹੈ, ਉਹ ਵੀ ਦੂਸ਼ਿਤ ਅਤੇ ਨਾ ਪੀਣਯੋਗ। ਜ਼ਹਿਰੀਲੇ ਪਾਣੀ ਕਰਕੇ ਮਾਲਵਾ ਕੈਂਸਰ ਅਤੇ ਪੀਲੀਆ ਜਿਹੀਆਂ ਲਾਇਲਾਜ ਬਿਮਾਰੀਆਂ ਦਾ ਸੰਤਾਪ ਭੁਗਤਣ ਲਈ ਮਜ਼ਬੂਰ ਹੈ। ਖੇਤੀ ਮਾਹਿਰਾਂ ਅਨੁਸਾਰ ਕਿਸਾਨਾਂ ਨੂੰ ਝੋਨੇ ਦੀ ਥਾਂ ਬਦਲਵੀਂ ਖੇਤੀ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਪਰ ਸਰਕਾਰਾਂ ਨੂੰ ਕੌਣ ਕਹੇ “ਰਾਣੀਏ ਅੱਗਾ ਢੱਕ।”

ਪਾਣੀ ਦੀ ਕਿੱਲਤ ਅਤੇ ਜ਼ਹਿਰੀਲੇ ਪਾਣੀ ਦੀ ਫਿਕਰਮੰਦੀ ਨੇ ਹੀ ਪੰਜਾਬ ਵਾਤਾਵਰਣ ਚੇਤਨਾ ਲਹਿਰ ਖੜੀ ਕੀਤੀ ਹੈ। ਸੰਤ ਬਲਵੀਰ ਸਿੰਘ ਸੀਚੇਵਾਲ, ਸਾਬਕਾ ਆਈਏਐੱਸ ਕਾਨ੍ਹ ਸਿੰਘ ਪੰਨੂੰ ਅਤੇ ਸੰਤ ਸੇਵਾ ਸਿੰਘ ਦੀ ਅਗਵਾਈ ਹੇਠ ਬਣੀ ਇਸ ਚੇਤਨਾ ਲਹਿਰ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸਿਆਸੀ ਨੇਤਾਵਾਂ ਨੂੰ ਚੋਣਾਂ ਦੌਰਾਨ ਵਾਤਾਵਰਣ ਮੁੱਦੇ ‘ਤੇ ਸਵਾਲ ਪੁੱਛਣ। ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਕਿਹਾ ਕਿ ਉਹ ਸਰਕਾਰਾਂ ਨੂੰ ਮਜ਼ਬੂਰ ਕਰਨ ਕਿ ਪਾਣੀ ਅਤੇ ਵਾਤਾਵਰਣ ਨੂੰ ਚੋਣ ਮੈਨੀਫੈਸਟੋ ਵਿੱਚ ਪ੍ਰਮੁੱਖਤਾ ਨਾਲ ਸ਼ਾਮਿਲ ਕੀਤਾ ਜਾਵੇ। ਚੇਤਨਾ ਲਹਿਰ ਨੇ ਲੋਕਾਂ ਨੂੰ ਇਨ੍ਹਾਂ ਵੋਟਾਂ ਵਿੱਚ ਆਪਣੀ ਤਾਕਤ ਵਿਖਾਉਣ ਦੀ ਅਪੀਲ ਕੀਤੀ ਹੈ। ਇਹ ਵੀ ਕਹਿਣਾ ਹੈ ਕਿ ਵਾਤਾਵਰਣ ਗੰਧਲਾ ਹੋਣ ਨਾਲ ਲੋਕਾਂ ਤੋਂ ਜਿਊਣ ਦਾ ਸੰਵਿਧਾਨਕ ਹੱਕ ਖੋਹ ਰਹੀਆਂ ਹਨ। ਲੋਕ ਲਹਿਰ ਨੇ ਰਾਜਸੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵਾਟਰ ਐਕਟ 1974 ਨੂੰ ਲਾਗੂ ਕਰਨ ਦੀ ਪਹਿਲ ਕਰਨ। ਇੱਕ ਹੋਰ ਜਾਣਕਾਰੀ ਅਨੁਸਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਕੇਵਲ ਸਿੰਘ, ਬਾਬਾ ਬਲਬੀਰ ਸਿੰਘ, ਅਵਤਾਰ ਸਿੰਘ ਭੀਖੇਵਾਲ, ਬਲਵੀਰ ਸਿੰਘ ਖਡੂਰ ਸਾਹਿਬ, ਬਾਬਾ ਹਰਜੀਤ ਸਿੰਘ ਕਾਰ ਸੇਵਾ ਵਾਲੇ ਅਤੇ ਬਾਬਾ ਰਣਜੀਤ ਸਿੰਘ ਨੇ ਕਿਹਾ ਹੈ ਕਿ ਵੋਟਾਂ ਮੰਗਣ ਲਈ ਜਦੋਂ ਕੁੰਡੇ ਖੜਕਾਉਣ ਤਾਂ ਉਨ੍ਹਾਂ ਨੂੰ ਗੰਧਲੇ ਵਾਤਾਵਰਣ ਅਤੇ ਪਾਣੀ ਦੇ ਸੰਕਟ ਬਾਰੇ ਸਵਾਲ ਕਰਨ।