India International Khaas Lekh Khalas Tv Special Punjab Religion

ਖਾਸ ਪੇਸ਼ਕਸ਼ : ਬਿਖੜਾ ਪੈਂਡਾ

ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਯੇ ।
ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਯੇ ।

ਭਟਕਤੇ ਫਿਰਤੇ ਹੈਂ ਕਯੋਂ ਹੱਜ ਕਰੇਂ ਯਹਾਂ ਆ ਕਰ,
ਯਿਹ ਕਾਬਾ ਪਾਸ ਹੈ ਹਰ ਏਕ ਖਾਲਸਾ ਕੇ ਲੀਯੇ ।

‘ਦ ਖ਼ਾਲਸ ਬਿਊਰੋ (ਹਰਸ਼ਰਨ ਕੌਰ) :- ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਮੁਗਲ ਤੇ ਹਿੰਦੂ ਫੌਜਾਂ ਦਾ ਸੱਤ ਮਹੀਨੇ ਘੇਰਾ ਪਿਆ ਰਿਹਾ, 7 ਮਹੀਨੇ ਖਾਲਸਾ ਪੰਥ ਲੜਦਾ ਰਿਹਾ, 10 ਲੱਖ ਫੌਜ ਚੋਂ ਕਿਸੇ ਵਿੱਚ ਕਿਲ੍ਹਾ ਟੱਪਣ ਦੀ ਜੁਰਅੱਤ ਨਹੀਂ ਸੀ ਪਈ। ਤਵਾਰੀਖ ਦਾ ਕੋਈ ਪੰਨਾ ਨਹੀਂ ਦੱਸਦਾ ਕਿ ਸਿੰਘਾਂ ਨੇ ਕਦੇ ਹਥਿਆਰ ਸੁੱਟ ਕੇ ਗੋਡੇ ਟੇਕੇ ਹੋਣ, ਇੱਥੇ ਵੀ ਮੁੱਠੀ ਭਰ ਫੌਜ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਬਾਕਮਾਲ ਜਰਨੈਲੀ ਕਮਾਨ ਹੇਠ ਲੜਦੀ ਰਹੀ।

ਰਸਦ ਪਾਣੀ ਸਭ ਮੁੱਕ ਗਿਆ ਸੀ, ਸਿੰਘ ਤਾਂ ਨਹੀਂ ਥੱਕੇ ਪਰ ਮੁਗਲ ਹਾਕਮ ਤੇ ਪਹਾੜੀ ਰਾਜੇ ਥੱਕ ਗਏ। ਆਪਣੇ ਧਰਮ ਗ੍ਰੰਥ ਤੇ ਆਟੇ ਦੀ ਗਊ ਹੱਥ ਵਿੱਚ ਲੈ ਕੇ ਗੁਰੂ ਦਸਮੇਸ਼ ਪਿਤਾ ਦੇ ਦਰਬਾਰ ਵਿੱਚ ਸਹੁੰਆਂ ਖਾਧੀਆਂ, ਫਰਿਆਦ ਕੀਤੀ, ਧਰਮ ਦਾ ਵਾਸਤਾ ਪਾ ਕੇ ਪਹੁੰਚੇ ਦੁਸ਼ਮਣ ਨੂੰ ਵੀ ਸੱਚੇ ਪਾਤਸ਼ਾਹ ਖਾਲੀ ਕਿਵੇਂ ਮੋੜ ਸਕਦੇ ਸੀ, ਭਾਵੇਂ ਦੁਸ਼ਮਣ ਦੀ ਕਮੀਨਗੀ ਤੋਂ ਜਾਣੀਜਾਣ ਸਨ ਪਰ ਉਸ ਦਰਬਾਰ ਚੋਂ ਕਦੇ ਕੋਈ ਖਾਲੀ ਨਹੀਂ ਮੁੜਿਆ ਸੀ।

ਕਿਲ੍ਹਾ ਖਾਲੀ ਹੋਇਆ। ਜਾਣੀਜਾਣ ਪਾਤਸ਼ਾਹ ਨੂੰ ਪਤਾ ਸੀ ਕਸਮਾਂ ਤੋੜ ਦੇਣਗੇ। ਕੁੱਝ ਘੰਟਿਆਂ ਬਾਅਦ ਹੀ ਕਸਮਾਂ ਤੋੜ ਦਿੱਤੀਆਂ, ਪਿੱਛੋਂ ਹਮਲਾ ਕਰ ਦਿੱਤਾ। ਰਾਹ ਵਿੱਚ ਦੁਸ਼ਮਣ ਹਰ ਵਾਰ ਚਿੱਤ ਹੁੰਦਾ ਰਿਹਾ। ਰੋਪੜ ਤੇ ਕੋਟਲਾ ਨਿਹੰਗ ਖਾਂ ਵਰਗੀਆਂ ਥਾਂਵਾਂ ਤੋਂ ਹੁੰਦੇ ਹੋਏ ਪਾਤਸ਼ਾਹ ਸਿੰਘਾਂ ਅਤੇ ਪਰਿਵਾਰ ਸਮੇਤ ਸਰਸਾ ਨਦੀ ਕੋਲ ਪਹੁੰਚੇ। ਇੱਥੇ ਅਲੌਕਿਕ ਕਾਰਨਾਮੇ ਵਾਪਰੇ। ਇੱਕ ਪਾਸੇ ਖੰਡਾ ਖੜਕ ਰਿਹਾ ਸੀ ਅਤੇ ਦੂਜੇ ਪਾਸੇ ਬਾਣੀ ਦੇ ਅੰਮ੍ਰਿਤਮਈ ਪ੍ਰਵਾਹ ਦੀ ਵਰਖਾ ਹੋ ਰਹੀ ਸੀ। ਮੀਰੀ ਤੇ ਪੀਰੀ ਕੱਠੇ ਆਪਣੇ ਜਲੌਅ ਦਿਖਾ ਰਹੇ ਸੀ। ਕੁੱਝ ਸਿੰਘ ਸ਼ਹੀਦ ਹੋਏ, ਕੁੱਝ ਨੂੰ ਕਾਲੀ ਬੋਲੀ ਰਾਤ ਵਿੱਚ ਸਰਸਾ ਦਾ ਪਾਣੀ ਰੋੜ ਕੇ ਲੈ ਗਿਆ।

ਇੱਥੇ ਗੁਰੂ ਪਾਤਸ਼ਾਹ ਦਾ ਪਰਿਵਾਰ ਵਿਛੜ ਗਿਆ। ਐਸਾ ਵਿਛੜਿਆ ਮੁੜ ਕਦੇ ਮੇਲ ਨਾ ਹੋਇਆ। ਵਿਛੜੀ ਸਿੱਖ ਫੌਜ 3 ਵੱਖ-ਵੱਖ ਪੈਂਡਿਆਂ ਨੂੰ ਚੱਲ ਪਈ। ਦਸਮੇਸ਼ ਪਿਤਾ ਨੇ ਵੱਡੇ ਲਾਲਾਂ ਤੇ 40 ਸਿੰਘਾਂ ਨਾਲ ਚਮਕੌਰ ਦੀ ਗੜੀ ਵਿੱਚ ਮੋਰਚੇ ਗੱਡ ਦਿੱਤੇ। ਦੂਜੇ ਦਿਨ ਇੱਥੇ ਦੁਸ਼ਮਣ ਵੀ ਆ ਬਹੁੜਿਆ। ਜੇ ਬਚਣਾ ਚਾਹੁੰਦੇ ਹੁੰਦੇ ਤਾਂ ਕਿਤੇ ਲੁਕ ਛਿਪ ਵੀ ਸਕਦੇ ਸੀ, ਪਰ ਦੁਸ਼ਮਣ ਦੇ ਰਾਹ ਵਿੱਚ ਡੇਰਾ ਪਾ ਕੇ ਬਹਿ ਗਏ।

ਜਿਸ ਖ਼ਿੱਤੇ ਮੇਂ ਹਮ ਕਹਤੇ ਥੇ ਆਨਾ ਯਿਹ ਵੁਹੀ ਹੈ ।
ਕਲ ਲੁਟ ਕੇ ਹੈ ਜਿਸ ਜਗਹ ਸੇ ਜਾਨਾ ਯਿਹ ਵੁਹੀ ਹੈ ।
ਜਿਸ ਜਗ੍ਹਾ ਪੇ ਹੈ ਬੱਚੋਂ ਕੋ ਕਟਾਨਾ ਯਿਹ ਵੁਹੀ ਹੈ ।
ਮੱਟੀ ਕਹ ਦੇਤੀ ਹੈ ਠਿਕਾਨਾ ਯਿਹ ਵੁਹੀ ਹੈ ।

ਕਰਤਾਰ ਸੇ ਕਹਤੇ ਥੇ ਗੋਯਾ ਰੂ-ਬ-ਰੂ ਹੋ ਕਰ ।
‘ਕਲ ਜਾਊਂਗਾ ਚਮਕੌਰ ਸੇ ਮੈਂ ਸੁਰਖ਼ਰੂ ਹੋ ਕਰ ।’

ਇੱਥੇ ਦੁਨੀਆ ਦੀ ਅਸਾਵੀਂ ਜੰਗ ਦਾ ਇਤਿਹਾਸ ਲਿਖਿਆ ਗਿਆ। 10 ਲੱਖ ਤੋਂ ਵੱਧ ਦੁਸ਼ਮਣ ਫੌਜ ਨਾਲ ਕੱਲੇ-ਕੱਲੇ ਸਿੰਘ ਨੇ ਸਵਾ ਲੱਖ ਬਣਕੇ ਟਾਕਰਾ ਕੀਤਾ।

ਏਕ ਏਕ ਲਾਖ, ਲਾਖ ਸੇ ਮੈਦਾਨ ਮੇਂ ਲੜਾ ।
ਜਿਸ ਜਾ ਪਿ ਸਿੰਘ ਅੜ ਗਏ, ਝੰਡਾ ਵਹਾਂ ਗੜਾ ।

ਸਾਰਾ ਦਿਨ ਖੰਡਾ ਖੜਕਦਾ ਰਿਹਾ। ਜੇ ਉਸ ਵਕਤ ਨੂੰ ਮਹਿਸੂਸ ਕਰ ਸਕਦੇ ਹੋ ਤਾਂ ਜ਼ਰੂਰ ਕਰਿਉ, ਕਿੰਨਾ ਜਿਗਰਾ ਚਾਹੀਦਾ ਹੋਵੇਗਾ ਸਾਹਮਣੇ 10 ਲੱਖ ਫੌਜ ਹੋਵੇ, ਪਤਾ ਹੋਵੇ ਮੌ ਤ ਯਕੀਨੀ ਹੈ, ਮੌ ਤ ਦੇ ਡਰ ਨਾਲ ਹੀ ਬੰਦਾ ਕੰਬਣ ਲੱਗ ਜਾਂਦੈ ਪਰ ਗੁਰੂ ਪਾਤਸ਼ਾਹ ਦੇ ਜਲਾਲ ਦਾ ਉਹ ਕੈਸਾ ਨਿੱਘ ਹੋਵੇਗਾ ਕਿ ਮੌ ਤ ਮੂਹਰੇ ਜਾ ਕੇ ਵੀ ਦੁਸ਼ਮਣ ਦੀ ਸਫਾਂ ਚ ਭਾਜੜਾਂ ਪਾ ਕੇ ਗਏ। ਕੱਲੇ ਕੱਲੇ ਨੂੰ ਹਜ਼ਾਰਾਂ ਵੱਡ ਦਿੱਤੇ ਅਤੇ ਬਿਆਲੀਆਂ ਨੇ ਤਾਂ ਲੱਖਾਂ ਖਪਾ ਦਿੱਤੇ ਹੋਣੇ। ਸਾਹਿਬਜ਼ਾਦਾ ਅਜੀਤ ਸਿੰਘ ਬਾਰੇ ਅੱਲਾ ਯਾਰ ਖਾਂ ਯੋਗੀ ਗੰਜਿ ਸ਼ਹੀਦਾਂ ‘ਚ ਲਿਖਦੇ ਹਨ।

ਕਹਤੇ ਥੇ ਸਭੀ ਅਸਪ ਨਹੀਂ, ਹੈ ਯਿਹ ਛਲਾਵਾ ।
ਤਾਕਤ ਭੀ ਬਲਾ ਕੀ ਹੈ, ਨਜ਼ਾਕਤ ਕੇ ਇਲਾਵਾ ।

ਰੋਕੇ ਸੇ ਕਭੀ ਸ਼ੇਰ ਕਾ ਬੱਚਾ ਭੀ ਰੁਕਾ ਹੈ ।
ਝੂਠੇ ਤੋ ਰੁਕੇ ਕਯਾ ਕੋਈ ਸੱਚਾ ਭੀ ਰੁਕਾ ਹੈ ।

ਆਖਿਰਕਾਰ ਗਹਿਗੱਚ ਲੜਾਈ ਸਿੰਘਾਂ ਨੇ ਜਿੱਤ ਲਈ। ਪਿੱਠ ਨਹੀਂ ਦਿਖਾਈ, ਦੁਸ਼ਮਣ ਫੌਜ ਦਾ ਅਥਾਹ ਨੁਕਸਾਨ ਕੀਤਾ। ਰਣ ਤੱਤੇ ਵਿੱਚ ਜੂਝ ਕੇ ਲੜੇ। ਗੁਰੂ ਪਾਤਸ਼ਾਹ ਨੇ ਵੀ ਗੜ੍ਹੀ ਚੋਂ ਤੀਰਾਂ ਦਾ ਮੀਂਹ ਵਰ੍ਹਾ ਦਿੱਤਾ। ਕਮਾਨ ਵਿੱਚੋਂ ਨਿਕਲਿਆ ਹਰ ਤੀਰ ਚੋਣਵੇਂ ਜਰਨੈਲਾਂ ਦੇ ਸੋਧੇ ਲਾ ਕੇ ਗਿਆ।

ਲਾਖੋਂ ਕੋ ਕਤਲ ਕਰਕੇ ਪਯਾਰੇ ਗੁਜ਼ਰ ਗਏ ।
ਏਕ ਏਕ ਕਰਕੇ ਖ਼ਾਲਸੇ ਸਾਰੇ ਗੁਜ਼ਰ ਗਏ ।
ਲਾਖੋਂ ਕੀ ਜਾਨ ਲੇ ਕੇ ਦਲੇਰੋਂ ਨੇ ਜਾਨ ਦੀ ।
ਸਤਿਗੁਰ ਗੁਰੂ ਗੋਬਿੰਦ ਕੇ ਸ਼ੇਰੋਂ ਨੇ ਜਾਨ ਦੀ ।

ਆਮ ਇਨਸਾਨ ਦੇ ਲੂੰ ਕੰਡੇ ਖੜੇ ਕਰਨ ਵਾਲਾ ਬਿਰਤਾਂਤ ਇਸ ਧਰਤੀ ‘ਤੇ ਸਿਰਜਿਆ ਗਿਆ। ਜਿਗਰ ਦੇ ਲਾਲ ਹੱਥੀਂ ਸਜਾ ਕੇ ਜੰਗ ਨੂੰ ਭੇਜੇ। ਹੈ ਕੋਈ ਦੁਨੀਆ ਦਾ ਐਸਾ ਪਿਤਾ ਜੋ ਪੁੱਤਾਂ ਨੂੰ ਸਾਹਮਣੇ ਸ਼ ਹੀਦ ਕਰਵਾ ਕੇ ਅੱਥਰੂ ਕੇਰਨ ਦੀ ਬਜਾਏ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਉਂਦਾ ਹੋਵੇ।

ਆਜ਼ਾਦ ਕਰਾਇਆ ਬਨੀ-ਆਦਮ ਕੇ ਗਲੇ ਕੋ ।
ਕਟਵਾ ਦੀਏ ਬੱਚੇ ਭੀ ਮੁਰੀਦੋਂ ਕੇ ਭਲੇ ਕੋ ।

ਯਾਕੂਬ ਕੋ ਯੂਸਫ਼ ਕੇ ਬਿਛੜਨੇ ਨੇ ਰੁਲਾਯਾ ।
ਸਾਬਿਰ ਕੋਈ ਕਮ ਐਸਾ ਰਸੂਲੋਂ ਮੇਂ ਹੈ ਆਯਾ ।
ਕਟਵਾ ਕੇ ਪਿਸਰ ਚਾਰੇ ਇਕ ਆਂਸੂ ਨ ਗਿਰਾਯਾ ।
ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਯੋਂ ਕਾ ਬੜ੍ਹਾਯਾ ।

ਆਖਿਰਕਾਰ ਜੰਗ ਜਿੱਤ ਲਈ ਗਈ। ਦੁਸ਼ਮਣ ਖਾਲੀ ਹੱਥ ਮੁੜ ਗਿਆ। ਹਾਕਮ ਦਾ ਦਸਮੇਸ਼ ਪਿਤਾ ਨੂੰ ਜਿਉਂਦੇ ਜੀਅ ਫੜਨ ਦੀ ਇੱਛਾ ਪੂਰੀ ਨਹੀਂ ਹੋ ਸਕੀ। ਦੂਰ ਕਿਤੇ ਅਕਾਲ ਪੁਰਖ ਕੁੰਡਲੀਆ ਸੱਪ ਨੂੰ ਜ਼ਾਲਮ ਦਾ ਸੋਧਾ ਲਾਉਣ ਲਈ ਤਿਆਰ ਕਰ ਰਿਹਾ ਸੀ ਅਤੇ ਦੀਨ ਦੁਨੀ ਦਾ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ ਵਿੱਚ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਰਿਹਾ ਸੀ।

ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ …. ।।