India International Khaas Lekh Khalas Tv Special Punjab

ਹੁਣ ਲੰਡਨ ‘ਚ ਪੜਾਇਆ ਜਾਵੇਗਾ ਪੰਜਾਬ ਦੇ ਆਖਰੀ ਮਹਾਰਾਜੇ ਦੀ ਧੀ ਬਾਰੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼ਾਇਦ ਸਾਡੇ ਵਿੱਚੋਂ ਬਹੁਤਿਆਂ ਨੂੰ ਇਸ ਗੱਲ ਬਾਰੇ ਜਾਣਕਾਰੀ ਹੋਵੇ ਜਾਂ ਨਾ ਕਿ ਲੰਡਨ ਵਿੱਚ ਬੀਬੀਆਂ ਨੂੰ ਵੋਟ ਪਾਉਣ ਦਾ ਹੱਕ ਦਿਵਾਉਣ ਦਾ ਸਿਹਰਾ ਪੰਜਾਬ ਨੂੰ ਜਾਂਦਾ ਹੈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਨੂੰ ਇਸਦਾ ਸਿਹਰਾ ਜਾਂਦਾ ਹੈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੰਤਾਨ ਅਤੇ ਪੰਜਾਬ ਦੇ ਆਖਰੀ ਸਿੱਖ ਮਹਾਰਾਜੇ ਦਲੀਪ ਸਿੰਘ ਦੀ ਧੀ ਸੋਫੀਆ ਨੇ ਬਰਤਾਨੀਆ ਵਿੱਚ ਬੀਬੀਆਂ ਨੂੰ ਵੋਟ ਪਾਉਣ ਦਾ ਹੱਕ ਦਿਵਾਉਣ ਲਈ ਲੰਬੀ ਲੜਾਈ ਲੜੀ ਸੀ। ਉਸ ਸੰਘਰਸ਼ੀ ਬੀਬੀ ਬਾਰੇ ਹੁਣ ਬਰਤਾਨੀਆ ਦੇ ਬੱਚਿਆਂ ਨੂੰ ਦੱਸਿਆ ਜਾਵੇਗਾ। ਮਹਾਰਾਜਾ ਦਲੀਪ ਸਿੰਘ ਦੀ ਧੀ ਸੋਫੀਆ ਦੇ ਬਰਤਾਨੀਆ ਵਿੱਚ ਵੋਟਾਂ ਦੇ ਹੱਕ ਲਈ ਕੀਤੇ ਗਏ ਸੰਘਰਸ਼ ‘ਤੇ ਬੱਚਿਆਂ ਲਈ ਇੱਕ ਕਿਤਾਬ ਲਿਖੀ ਗਈ ਹੈ।

ਇਸ ਕਿਤਾਬ ਦਾ ਨਾਂ ”ਕਿਤਾਬ ਮਾਈ ਸਟੋਰੀ: ਸੋਫ਼ੀਆ ਦਲੀਪ ਸਿੰਘ ” ਹੈ। ਕਿਤਾਬ ਦੀ ਲੇਖਿਕਾ ਸੂਫ਼ੀਆ ਅਹਿਮਦ ਨੇ ਇਸਨੂੰ ਲਿਖਿਆ ਹੈ। ਨੌਂ ਤੋਂ 13 ਸਾਲ ਦੇ ਬੱਚਿਆਂ ਲਈ ਖ਼ਾਸ ਕਰਕੇ ਇਹ ਕਿਤਾਬ ਲਿਖੀ ਗਈ ਹੈ। ਇਹ ਕਿਤਾਬ ਐਨਸ਼ੀਐਂਟ ਹਾਊਸ ਮਿਊਜ਼ੀਅਮ, ਨੌਰਥਫੋਕ ਵਿੱਚ ਜਾਰੀ ਕੀਤੀ ਗਈ। ਇਸ ਮਿਊਜ਼ੀਅਮ ਨੂੰ ਸੋਫ਼ੀਆ ਦਲੀਪ ਸਿੰਘ ਦੇ ਭਰਾ ਫੈਡਰਿਕ ਦਲੀਪ ਸਿੰਘ ਨੇ 1921 ਵਿੱਚ ਕਾਇਮ ਕੀਤਾ ਸੀ ਯਾਨਿ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਨੇ ਹੀ ਇਹ ਮਿਊਜ਼ੀਅਮ ਬਣਾਇਆ ਸੀ।

ਲੇਖਿਕਾ ਸੂਫ਼ੀਆ ਅਹਮਿਦ ਨੂੰ ਵੀ ਪਹਿਲਾਂ ਸੋਫ਼ੀਆ ਦੇ ਬਾਰੇ ਪਤਾ ਨਹੀਂ ਸੀ ਪਰ ਜਦੋਂ ਵੋਟ ਪਾਉਣ ਦੇ ਇਤਿਹਾਸ ਬਾਰੇ ਖੋਜ ਕੀਤੀ ਤਾਂ ਪਤਾ ਲੱਗਿਆ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਧੀ ਨੇ ਇਹ ਲੰਬੀ ਲੜਾਈ ਲੜੀ ਹੈ। ਸੂਫ਼ੀਆ ਨੇ ਕਿਹਾ ਕਿ ”ਮੈਨੂੰ ਉਨ੍ਹਾਂ ਬਾਰੇ ਨਹੀਂ ਪਤਾ ਸੀ ਅਤੇ ਮੈਂ ਇਹ ਜਾਣ ਕੇ ਹੈਰਾਨ ਸੀ ਕਿ ਔਰਤਾਂ ਦੇ ਵੋਟਾਂ ਦੇ ਹੱਕ ਲਈ ਲੜਨ ਵਾਲੀ ਕੋਈ ਮੇਰੇ ਵਰਗੀ ਲੱਗਦੀ ਸੀ। ਜਿਨ੍ਹਾਂ ਲੋਕਾਂ ਬਾਰੇ ਅਸੀਂ ਸਕੂਲ ਵਿੱਚ ਪੜ੍ਹਦੇ ਹਾਂ ਉਨ੍ਹਾਂ ਨੂੰ ਅਸੀਂ ਸਾਰੀ ਉਮਰ ਯਾਦ ਰੱਖਦੇ ਹਾਂ। ਮੈਨੂੰ ਪਤਾ ਹੈ ਕਿ ਉਨ੍ਹਾਂ ਦੀ ਕਹਾਣੀ ਬੱਚਿਆਂ ਨੂੰ ਜ਼ਰੂਰ ਪ੍ਰੇਰਿਤ ਕਰੇਗੀ। ਉਨ੍ਹਾਂ ਨੇ ਰੰਗ ਵਾਲੀਆਂ ਔਰਤਾਂ ਵਜੋਂ ਸੰਘਰਸ਼ ਕੀਤਾ ਪਰ ਬ੍ਰਿਟੇਨ ਨੂੰ ਆਪਣੇ ਘਰ ਵਜੋਂ ਚੁਣਿਆ। ਉਹ ਸ਼ਰਮੀਲੇ ਸਨ ਪਰ ਫੈਸ਼ਨ ਕਰਦੇ ਸਨ। ਉਹ ਦ੍ਰਿੜ ਇਰਾਦੇ ਵਾਲੇ ਸਨ ਅਤੇ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਸਨ।”

ਪੰਜਾਬ ਦੇ ਆਖਰੀ ਸਿੱਖ ਮਹਾਰਾਜਾ ਦਲੀਪ ਸਿੰਘ ਦੀ ਧੀ ਸੋਫੀਆ ਦਲੀਪ ਸਿੰਘ ਦਾ ਪਾਲਣ-ਪੋਸ਼ਣ ਬ੍ਰਿਟੇਨ ਦੇ ਐਲਵੀਡਨ ਵਿੱਚ ਨੌਰਥਫੋਕ-ਸਾਊਥਫੋਕ ਬਾਰਡਰ ‘ਤੇ ਹੋਇਆ। ਜਵਾਨੀ ਵਿੱਚ ਹੀ ਰਾਜਕੁਮਾਰੀ ਨੇ ਬ੍ਰਿਟੇਨ ਵਿੱਚ ਰਹਿ ਰਹੀਆਂ ਔਰਤਾਂ ਦੇ ਵੋਟ ਦੇ ਹੱਕ ਦੀ ਮੰਗ ਲਈ ਅਵਾਜ਼ ਚੁੱਕੀ ਅਤੇ ਇਸ ਲਈ ਆਪਣੇ ਸ਼ਾਹੀ ਰੁਤਬੇ ਨੂੰ ਵੀ ਦਾਅ ‘ਤੇ ਲਗਾ ਦਿੱਤਾ। ਲੇਖਕਾ ਸੂਫ਼ੀਆ ਅਹਿਮਦ ਦਾ ਕਹਿਣਾ ਹੈ ਕਿ ਵੱਡੀ ਉਮਰ ਵਿੱਚ ਸੋਫ਼ੀਆ ਦਲੀਪ ਸਿੰਘ ਨੇ ਆਪਣੇ ਜੀਵਨ ਉਦੇਸ਼ ਦੀ ਭਾਲ ਕਰਨੀ ਸ਼ੁਰੂ ਕੀਤੀ। ਉਸ ਤੋਂ ਪਹਿਲਾਂ ਉਨ੍ਹਾਂ ਦੀ ਜ਼ਿੰਦਗੀ ਵੀ ਇੱਕ ਆਮ ਬ੍ਰਿਟਿਸ਼ ਮਹਿਲਾ ਵਰਗੀ ਸੀ। ਸਮੇਂ ਦੇ ਨਾਲ ਉਹ ਮਹਿਲਾ ਹੱਕਾਂ ਲਈ ਬੋਲਣ ਲੱਗੇ। ਉਹ ਵੂਮਿਨਜ਼ ਸੋਸ਼ਲ ਐਂਡ ਪੁਲੀਟੀਕਲ ਯੂਨੀਅਨ ਤੋਂ ਇਲਾਵਾ ਵੂਮਿਨਜ਼ ਟੈਕਸ ਰਿਜ਼ਿਸਟੈਂਸ ਲੀਗ ਦੇ ਵੀ ਮੈਂਬਰ ਸਨ। ਇਸ ਲੀਗ ਦਾ ਨਾਅਰਾ ਸੀ,”ਵੋਟ ਨਹੀਂ ਤਾਂ ਟੈਕਸ ਨਹੀਂ।” ਸਾਲ 1910 ਵਿੱਚ ਰਾਜਕੁਮਾਰੀ ਸੋਫ਼ੀਆ ਨੇ ਬ੍ਰਿਟੇਨ ਦੇ ਪਾਰਲੀਮੈਂਟ ਤੱਕ ਇੱਕ 400 ਮੀਟਰ ਲੰਬੇ ਮੁਜ਼ਾਹਰੇ ਦੀ ਅਗਵਾਈ ਕੀਤੀ। ਬਾਅਦ ਵਿੱਚ ਉਸ ਦਿਨ ਨੂੰ ਕਾਲੇ ਸ਼ੁੱਕਰਵਾਰ ਵਜੋਂ ਜਾਣਿਆ ਗਿਆ। ਸੋਫ਼ੀਆ ਦਲੀਪ ਸਿੰਘ ਅਕਸਰ ਆਪਣੇ ਹੈਂਪਟਨ ਕੋਰਟ ਪੈਲੇਸ ਵਾਲੇ ਘਰ ਦੇ ਬਾਹਰ ਸਫ਼ਰਗੇਟ ਅਖ਼ਬਾਰ ਵੇਚਦੇ ਦੇਖੇ ਜਾਂਦੇ ਸਨ।

ਸੋਫ਼ੀਆ ਦੇ ਪਿਤਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਬੜੀ ਚਲਾਕੀ ਦੇ ਨਾਲ 1840 ਵਿੱਚ ਪੰਜਾਬ ‘ਤੇ ਅੰਗੇਰਜ਼ਾਂ ਦਾ ਅਧਿਕਾਰ ਹੋਣ ਤੋਂ ਬਾਅਦ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ। ਦਲੀਪ ਸਿੰਘ ਨੇ ਭਾਰਤ ਆਉਣ ਦੀਆਂ ਕਈ ਨਾਕਾਮ ਕੋਸ਼ਿਸ਼ਾਂ ਕੀਤੀਆਂ। ਉਨ੍ਹਾਂ ਨੇ ਆਪਣੇ ਵਿੱਤੀ ਸਾਧਨਾਂ ਦੀ ਵਰਤੋਂ ਕਰਕੇ ਇਲੈਵਡਿਨ ਹਾਲ ਖ਼ਰੀਦਿਆ, ਜਿੱਥੇ ਉਨ੍ਹਾਂ ਦੀ ਪਤਨੀ ਅਤੇ ਬੱਚੇ ਰਹਿੰਦੇ ਰਹੇ। ਤਤਕਾਲੀ ਮਹਾਰਾਣੀ ਵਿਕਟੋਰੀਆ ਨੇ ਪਰਿਵਾਰ ਨੂੰ ਬਾਅਦ ਵਿੱਚ ਹੈਮਪਟਨ ਕੋਰਟ ਪੈਲੇਸ ਵਿਖੇ ਇੱਕ ਅਪਾਰਟਮੈਂਟ ਵੀ ਦਵਾਇਆ।

ਰਾਜਕੁਮਾਰੀ ਸੋਫ਼ੀਆ ਦੀ 71 ਸਾਲ ਦੀ ਉਮਰ ਵਿੱਚ 22 ਅਗਸਤ 1948 ਨੂੰ ਮੌਤ ਹੋ ਗਈ ਸੀ। ਨੌਰਫੋਕ ਮਿਊਜ਼ੀਅਮ ਸਰਵਿਸ ਦੀ ਮਿਲੈਸਾ ਹਾਕਰ ਨੇ ਕਿਹਾ ਕਿ ਸ਼ਾਹੀ ਰੁਤਬੇ ਨੇ ਸੋਫ਼ੀਆ ਦੀ ਰੱਖਿਆ ਵੀ ਕੀਤੀ ਅਤੇ ਰੁਕਾਵਟ ਵੀ ਬਣਿਆ। ਬੱਚਿਆਂ ਨੂੰ ਪਸੰਦ ਹੈ ਕਿ ਜੋ ਉਨ੍ਹਾਂ ਨੂੰ ਸਹੀ ਲੱਗਿਆ ਉਸ ਲਈ ਕਿੰਨੀ ਦ੍ਰਿੜਤਾ ਨਾਲ ਲੜੇ। ਹਾਲਾਂਕਿ ਉਨ੍ਹਾਂ ਦਾ ਸਟੈਂਡ ਇੱਕ ਦੋਧਾਰੀ ਤਲਵਾਰ ਵਾਂਗ ਸੀ। ਉਹ ਪੰਜਾਬ ਦੀ ਇੱਕ ਰਾਜਕੁਮਾਰੀ ਸਨ। ਮਹਾਰਾਣੀ ਵਿਕਟੋਰੀਆ ਦੀ ਧਰਮ-ਬੇਟੀ ਸਨ ਤੇ ਬਰਾਬਰੀ ਅਤੇ ਨਿਆਂ ਲਈ ਲੜ ਰਹੇ ਸਨ। ਉਹ ਬਹੁਤ ਅਦਭੁਤ ਸਨ।