India

ਬਿਹਾਰ ਚੋਣਾਂ ‘ਤੇ ਸੋਨੂੰ ਸੂਦ ਵੱਲੋਂ ਬਿਹਾਰ ਦੇ ਲੋਕਾਂ ਨੂੰ ਉਂਗਲ ਦੀ ਬਜਾਏ ਦਿਮਾਗ ਨਾਲ ਵੋਟਿੰਗ ਕਰਨ ਦੀ ਅਪੀਲ

‘ਦ ਖ਼ਾਲਸ ਬਿਊਰੋ :- ਬਿਹਾਰ ਚੋਣਾਂ ਦਾ ਅੱਜ 29 ਅਕਤੂਬਰ ਨੂੰ ਵੋਟਿੰਗ ਕਰਨ ਦਾ ਪਹਿਲਾ ਪੜਾਅ ਜਾਰੀ ਹੈ। ਅੱਜ ਸਵੇਰ ਤੋਂ ਹੀ ਬਿਹਾਰ ਵਿੱਚ ਲੋਕ ਵੋਟ ਪਾਉਣ ਲਈ ਪੋਲਿੰਗ ਬੂਥਾਂ ‘ਤੇ ਖੜ੍ਹੇ ਵੇਖੇ ਗਏ ਹਨ। ਸਾਰੇ ਆਗੂਆਂ ਨੇ ਲੋਕਾਂ ਨੂੰ ਲੋਕਤੰਤਰ ਦੇ ਇਸ ਤਿਉਹਾਰ ‘ਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਅਜਿਹੀ ਹੀ ਇੱਕ ਅਪੀਲ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਵੀ ਕੀਤੀ। ਉਨ੍ਹਾਂ ਵੋਟ ਪਾਉਣ ਲਈ ਦਿਮਾਗ ਦੀ ਵਰਤੋਂ ਕਰਨ ਲਈ ਕਿਹਾ ਅਤੇ ਬਿਹਾਰ ਤੋਂ ਪ੍ਰਵਾਸ ਦਾ ਮੁੱਦਾ ਵੀ ਉਠਾਇਆ।

ਸੋਨੂੰ ਸੂਦ ਨੇ ਆਪਣੇ ਟਵੀਟਰ ਅਕਾਉਂਟ ਰਾਹੀਂ ਕਿਹਾ ਕਿ, “ਜਿਸ ਦਿਨ ਸਾਡੇ ਬਿਹਾਰੀ ਭਰਾਵਾਂ ਨੂੰ ਘਰ ਛੱਡ ਕੇ ਕਿਸੇ ਹੋਰ ਸੂਬੇ ਵਿੱਚ ਨਹੀਂ ਜਾਣਾ ਪਵੇਗਾ, ਜਿਸ ਦਿਨ ਦੂਸਰੇ ਰਾਜਾਂ ਦੇ ਲੋਕ ਕੰਮ ਲੱਭਣ ਲਈ ਬਿਹਾਰ ਆਉਣਗੇ। ਉਸ ਦਿਨ ਦੇਸ਼ ਜਿੱਤੇਗਾ ਪਰ ਵੋਟ ਪਾਉਣ ਲਈ ਬਟਨ ਉਂਗਲ ਤੋਂ ਨਹੀਂ ਦਿਮਾਗ ਨਾਲ ਦਬਾਉਣਾ।”

ਸੋਨੂੰ ਸੂਦ ਤੋਂ ਇਲਾਵਾ ਅਦਾਕਾਰਾ ਤੇ ਕਾਂਗਰਸ ਆਗੂ ਉਰਮਿਲਾ ਮਾਤੋਂਡਕਰ ਨੇ ਵੀ ਟਵੀਟ ਕਰਕੇ ਬਿਹਾਰ ਦੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।ਉਰਮਿਲਾ ਨੇ ਟਵੀਟ ਕੀਤਾ ਕਿ, “ਬਿਹਾਰ ਦੇ ਪਿਆਰੇ ਭਰਾਵੋ ਤੇ ਭੈਣੋ, ਅੱਜ ਵੋਟਿੰਗ ਹੈ। ਆਪਣੀ ਵੋਟ ਦਿਓ। ਕਿਰਪਾ ਕਰਕੇ ਇਸ ਦ੍ਰਿਸ਼ ਨੂੰ ਯਾਦ ਰੱਖੋ।” ਇਸ ਦੇ ਨਾਲ ਹੀ ਉਨ੍ਹਾਂ ਬਿਹਾਰ ਚੋਣ, ਬਿਹਾਰ ਵਿਧਾਨਸਭਾ ਚੋਣ ਤੇ ਬਿਹਾਰ ਚੋਣ 2020 ਹੈਸ਼ਟੈਗ ਲਗਾਏ। ਦੱਸਣਯੋਗ ਹੈ ਕਿ ਬਿਹਾਰ ਵਿੱਚ ਤਿੰਨ ਪੜਾਵਾਂ ਵਿੱਚ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ ਅਗਲੇ ਮਹੀਨੇ 10 ਨਵੰਬਰ ਨੂੰ ਹੋਵੇਗੀ।