Punjab

267 ਸਰੂਪਾਂ ਦਾ ਮਸਲਾ:- ਜਾਂਚ ਕਰਤਾ ਜਸਟਿਸ ਬੀਬੀ ਨਵਿਤਾ ਸਿੰਘ ਨੂੰ ਮਿਲੀਆਂ ਕੁੱਝ ਅਹਿਮ ਰਿਕਾਰਡਿੰਗਾਂ

‘ਦ ਖ਼ਾਲਸ ਬਿਊਰੋ:- ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰਾ ਰਾਮਸਰ ਸਾਹਿਬ ‘ਚੋ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਹਾਈਕੋਰਟ ਦੀ ਸਾਬਕਾ ਜੱਜ ਬੀਬੀ ਨਵਿਤਾ ਸਿੰਘ ਦੀ ਟੀਮ 24 ਜੁਲਾਈ ਨੂੰ ਪਬਲੀਕੇਸ਼ ਵਿਭਾਗ ਪਹੁੰਚੀ, ਇਸ ਮੌਕੇ ਵਿਭਾਗ ਦੇ ਸੇਵਾਮੁਕਤ ਸੁਪਰਵਾਈਜ਼ਰ ਕੰਵਲਜੀਤ ਸਿੰਘ ਕੋਲੋਂ ਪੁੱਛ-ਪੜਤਾਲ ਕੀਤੀ ਗਈ, ਜਿੰਨਾਂ ਦੇ ਰਿਟਾਇਰ ਹੋਣ ਤੋਂ ਬਾਅਦ ਹੀ ਇਸ ਘਟਨਾ ਦਾ ਖੁਲਾਸਾ ਹੋਇਆ ਹੈ।

 

ਇਸ ਮੌਕੇ ਜਾਂਚ ਟੀਮ ਨੇ ਕੰਵਲਜੀਤ ਸਿੰਘ ਕੋਲੋ ਲਗਪੁਗ 5 ਘੰਟਿਆਂ ਦੇ ਕਰੀਬ ਪੁੱਛ-ਪੜਤਾਲ ਕੀਤੀ, ਇਸ ਦੌਰਾਨ ਸਾਬਕਾ ਸੁਪਰਵਾਈਜ਼ਰ ਕੰਵਲਜੀਤ ਸਿੰਘ ਨੇ ਦਾਅਵਾ ਕਰਦਿਆਂ ਕਿਹਾ ਕਿ ਉਸ ਨੇ ਕਈ ਸਰੂਪ SGPC ਅਧਿਕਾਰੀਆਂ ਅਤੇ ਮੈਂਬਰਾਂ ਦੇ ਕਹਿਣ ‘ਤੇ ਇਸ ਸ਼ਰਤ ‘ਤੇ ਦਿੱਤੇ ਸਨ, ਕਿ ਬਾਅਦ ਵਿੱਚ ਇਹਨਾਂ ਸਰੂਪਾਂ ਦੀ ਲਿਖਤੀ ਪ੍ਰਵਾਨਗੀ ਮਿਲ ਜਾਵੇਗੀ।

 

ਇਸ ਤੋਂ ਇਲਾਵਾਂ ਉਸ ਕਰਮਚਾਰੀ ਤੋਂ ਵੀ ਪੁੱਛ-ਪੜਤਾਲ ਕੀਤੀ ਗਈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਇੱਕ ਤੋਂ ਦੂਸਰੇ ਸੂਬੇ ਵਿੱਚ ਛੱਡ ਕੇ ਆਉਣ ਦੀ ਜ਼ਿੰਮੇਵਾਰੀ ਨਿਭਾਉਦਾ ਸੀ। ਇਨ੍ਹਾਂ ਹੀ ਨਹੀਂ ਇਸ ਮਾਮਲੇ ਨਾਲ ਸਬੰਧਿਤ ਜਾਂਚ ਕਮੇਟੀ ਨੂੰ ਇਨਾਂ ਦੋਵਾਂ ਕਰਮਚਾਰੀਆਂ ਦੀਆਂ  ਵਾਰਤਾਲਾਪ ਦੀਆਂ ਕੁਝ ਅਹਿਮ ਰਿਕਾਰਡਿੰਗਾਂ ਵੀ ਪਹੁੰਚੀਆਂ ਹਨ।

 

ਹਾਈਕੋਰਟ ਦੀ ਸਾਬਕਾ ਜੱਜ ਨਵਿਤਾ ਸਿੰਘ ਅਤੇ ਉਹਨਾਂ ਦੇ ਸਹਿਯੋਗੀ ਹਾਈ ਕੋਰਟ ਦੇ ਵਕੀਲ ਈਸ਼ਰ ਸਿੰਘ ਵੱਲੋਂ ਨਿਰਪੱਖ ਤੌਰ ‘ਤੇ ਜਾਂਚ ਜਾਰੀ ਹੈ, ਜਿਸ ਦੀ ਰਿਪੋਰਟ ਇੱਕ ਮਹੀਨੇ ਦੇ ਅੰਦਰ-ਅੰਦਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪ ਦਿੱਤੀ ਜਾਵੇਗੀ।