Punjab

ਕੈਪਟਨ ਦੇ ਹੁਕਮਾਂ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਅਫਵਾਹਾਂ ਫੈਲਾਉਣ ਵਾਲੇ 108 ਵੈੱਬ ਖਾਤੇ ਬਲਾਕ

‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਮਰਨ ਵਾਲੇ ਕੋਵਿਡ-19 ਮਰੀਜ਼ਾਂ ਦੇ ਅੰਗ ਕੱਢਣ ਦੀਆਂ ਅਫਵਾਹਾਂ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਖਤ ਕਾਰਵਾਈ ਕਰਨ ਦੇ ਆਦੇਸ਼ਾਂ ਦੇ ਚੱਲਦਿਆਂ ਪੰਜਾਬ ਪੁਲਿਸ ਨੇ ਕੋਵਿਡ ਬਾਰੇ ਕੂੜ ਪ੍ਰਚਾਰ ਕਰਨ ਵਾਲੇ 38 ਫੇਸਬੁੱਕ, 49 ਟਵਿੱਟਰ ਤੇ 21 ਯੂਟਿਊਬ ਖਾਤਿਆਂ ਨੂੰ ਬਲਾਕ ਕਰਵਾ ਦਿੱਤਾ ਹੈ।

ਪੰਜਾਬ ਦੇ ਵੱਖ-ਵੱਖ ਥਾਣਿਆਂ ‘ਚ ਹੁਣ ਤੱਕ 121 ਮਾਮਲੇ ਦਰਜ ਹੋਏ ਹਨ, ਜਿਨ੍ਹਾਂ ਵਿੱਚ ਕੁੱਲ 151 ਫੇਸਬੁੱਕ ਖਾਤੇ, 100 ਟਵਿੱਟਰ, ਚਾਰ ਇੰਸਟਾਗ੍ਰਾਮ ਤੇ 37 ਯੂਟਿਊਬ ਖਾਤਿਆਂ ਬਾਰੇ ਸਬੰਧਤ ਅਥਾਰਟੀ ਫੇਸਬੁੱਕ, ਟਵਿੱਟਰ ਤੇ ਗੂਗਲ ਨੂੰ ਸੂਚਿਤ ਕਰ ਦਿੱਤਾ ਗਿਆ।

ਪੰਜਾਬ ਪੁਲਿਸ ਦੇ ਮੁੱਖ DGP ਦਿਨਕਰ ਗੁਪਤਾ ਨੇ ਦੱਸਿਆ ਕਿ ਸੋਸ਼ਲ ਮੀਡੀਆ ਪਲੇਟਫਾਰਮ ਦੀਆਂ ਸਮਰੱਥ ਅਥਾਰਟੀਆਂ ਨੂੰ ਖਾਤਾ ਧਾਰਕਾਂ ਬਾਰੇ ਸੂਚਨਾ ਦੇਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਖਾਤਾ ਧਾਰਕਾਂ ਦੀ ਸੂਚਨਾ ਮਿਲਦੇ ਹੀ ਇਨਫਾਰਮੇਸ਼ਨ ਟੈਕਨਾਲੋਜੀ ਐਕਟ, 2000 ਤੇ ਆਈ.ਪੀ.ਸੀ. ਦੀਆਂ ਸਬੰਧਤ ਧਾਰਾਵਾਂ ਤਹਿਤ ਸ਼ਰਾਰਤੀ ਅਨਸਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਕੈਪਟਨ ਨੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਨਫ਼ਰਤ, ਗਲਤ ਜਾਣਕਾਰੀ ਤੇ ਅਸ਼ਾਂਤੀ ਪੈਦਾ ਕਰਨ ਦੇ ਇਰਾਦੇ ਨਾਲ ਸੋਸ਼ਲ ਮੀਡੀਆ ‘ਤੇ ਅਫਵਾਹਾਂ ਫੈਲਾਉਣ ਤੇ ਝੂਠੀਆਂ/ਕਿੜ੍ਹ ਕੱਢਣ ਵਾਲੀਆਂ ਵੀਡੀਓਜ਼ ਜਾਰੀ ਕੀਤੇ ਜਾਣ ਦਰਮਿਆਨ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਕੈਪਟਨ ਨੇ ਅਜਿਹੀਆਂ ਝੂਠੀਆਂ ਪੋਸਟਾਂ/ਵੀਡੀਓਜ਼ ਨਾਲ ਗੁੰਮਰਾਹ ਹੋਏ ਲੋਕਾਂ ਵੱਲੋਂ ਟੈਸਟਿੰਗ ਲਈ ਦੇਰੀ ਕਰਨ ਨਾਲ ਮੌਤਾਂ ਹੋਣ ‘ਤੇ ਵਾਰ-ਵਾਰ ਚਿੰਤਾ ਜ਼ਾਹਰ ਕੀਤੀ, ਅਤੇ ਕਿਉਂ ਜੋ ਇਹ ਲੋਕ ਟੈਸਟਿੰਗ ਤੇ ਇਲਾਜ ਲਈ ਹਸਪਤਾਲਾਂ ਵਿੱਚ ਨਹੀਂ ਜਾ ਰਹੇ। ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਨੇ ਸਮਾਜ ਵਿੱਚ ਗਲਤ ਜਾਣਕਾਰੀ ਤੇ ਨਫ਼ਰਤ ਫੈਲਾਉਣ ਲਈ ਜ਼ਿੰਮੇਵਾਰ ਅਨਸਰਾਂ ਨਾਲ ਨਿਪਟਣ ਲਈ ਮੁਹਿੰਮ ਚਲਾਈ ਹੋਈ ਹੈ।

Comments are closed.