India Punjab

ਲਖਬੀਰ ਟੀਟੂ ਦੇ ਦੱਸੇ ਹੋਏ ਨੰਬਰ ‘ਤੇ ਫੋਨ ਕੀਤਾ ਪਰ ਕੌਣ ਬੋਲਿਆ, ਕੀ ਬੋਲਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੰਘੂ ਬਾਰਡਰ ‘ਤੇ 15 ਅਕਤੂਬਰ ਨੂੰ ਨਿਹੰਗਾਂ ਹੱਥੋਂ ਕਤਲ ਹੋਏ ਲਖਬੀਰ ਸਿੰਘ ਦੀ ਇੱਕ ਹੋਰ ਨਵੀਂ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਲਖਬੀਰ ਸਿੰਘ ਨੇ ਕਿਸੇ ਤੋਂ 30-30 ਹਜ਼ਾਰ ਰੁਪਏ ਲੈਣ ਦਾ ਦਾਅਵਾ ਕੀਤਾ ਹੈ ਅਤੇ ਨਾਲ ਹੀ ਕਿਸੇ ਸੰਧੂ ਨਾਂ ਦੇ ਬੰਦੇ ਦਾ ਵੀ ਜ਼ਿਕਰ ਕੀਤਾ ਹੈ। ਇਸਦੇ ਨਾਲ ਹੀ ਉਸਨੇ ਕਿਸੇ ਵਿਅਕਤੀ ਦਾ ਨੰਬਰ ਵੀ ਦਿੱਤਾ ਹੈ, ਜੋ ਕਿ ਉਸ ਵੱਲੋਂ ਸੰਧੂ ਦਾ ਕਹਿ ਕੇ ਦਿੱਤਾ ਗਿਆ ਹੈ। ਪਰ ਜਦੋਂ ‘ਦ ਖ਼ਾਲਸ ਟੀਵੀ ਨੇ ਇਸ ਨੰਬਰ ‘ਤੇ ਫੋਨ ਲਾਇਆ ਤਾਂ ਅੱਗਿਉਂ ਹਵੇਲੀਆਂ ਪਿੰਡ ਤੋਂ ਪਰਗਟ ਸਿੰਘ ਸੰਧੂ ਨਾਂ ਦੇ ਇੱਕ ਵਿਅਕਤੀ ਨੇ ਗੱਲ ਕੀਤੀ। ਪਰਗਟ ਸਿੰਘ ਨੇ ਲਖਬੀਰ ਸਿੰਘ ਦੇ ਨਾਲ ਆਪਣੇ ਸਬੰਧਾਂ ਬਾਰੇ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਕਿ ਲਖਬੀਰ ਸਿੰਘ ਉਸਦੇ ਘਰ ਮਜ਼ਦੂਰੀ ਦਾ ਕੰਮ ਕਰਦਾ ਸੀ, ਜਿਵੇਂ ਕਿ ਉਸਦੇ ਡੰਗਰਾਂ ਨੂੰ ਪਸ਼ੂਆਂ ਪਾਉਂਦਾ ਸੀ। ਉਸਨੇ ਤਿੰਨ ਕੁ ਮਹੀਨੇ ਮੇਰੇ ਨਾਲ ਕੰਮ ਕੀਤਾ। 10 ਦਿਨ ਪਹਿਲਾਂ ਹੀ ਉਹ ਮੇਰੇ ਘਰ ਤੋਂ ਕੰਮ ਛੱਡ ਕੇ ਗਿਆ ਸੀ। ਉਹ ਕਰੀਬ 2 ਅਕਤੂਬਰ ਨੂੰ ਮੇਰੇ ਘਰ ਤੋਂ ਕੰਮ ਕਰਨ ਤੋਂ ਹਟਿਆ ਸੀ।

ਪਰਗਟ ਸਿੰਘ ਨੇ ਦੱਸਿਆ ਕਿ ਮੇਰਾ ਬੇਅਦਬੀ ਮਾਮਲੇ ਦੇ ਨਾਲ ਕੋਈ ਸਬੰਧ ਨਹੀਂ ਹੈ। ਲਖਬੀਰ ਮੇਰੇ ਫੋਨ ਤੋਂ ਆਪਣੀ ਭੈਣ ਨੂੰ ਫੋਨ ਕਰਿਆ ਕਰਦਾ ਸੀ। ਲਖਬੀਰ ਸਿੰਘ ਗੁਰੂ ਘਰ ਨਹੀਂ ਜਾਂਦਾ ਸੀ ਅਤੇ ਉਹ ਸ਼ਰਾਬੀ ਬੰਦਾ ਸੀ ਪਰ ਮਾਨਸਿਕ ਤੌਰ ‘ਤੇ ਉਹ ਠੀਕ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਦਾ ਇਹ ਨੰਬਰ ਵਾਇਰਲ ਹੋਇਆ ਹੈ, ਉਨ੍ਹਾਂ ਨੂੰ ਬਹੁਤ ਸਾਰੇ ਲੋਕਾਂ ਦਾ, ਪੁਲਿਸ ਦਾ ਫੋਨ ਆਇਆ ਹੈ। ਤਰਨਤਾਰਨ ਦੇ ਐੱਸਐੱਸਪੀ ਦਾ ਵੀ ਇਨਕੁਆਇਰੀ ਲਈ ਫੋਨ ਆਇਆ ਸੀ। ਮੇਰਾ ਨੰਬਰ ਬੋਲਣ ਤੋਂ ਪਹਿਲਾਂ ਉਸਨੇ ਇੱਕ ਹੋਰ ਨੰਬਰ ਬੋਲਣਾ ਚਾਹਿਆ ਸੀ ਪਰ ਸ਼ਾਇਦ ਉਹ ਨੰਬਰ ਯਾਦ ਨਾ ਹੋਣ ਕਰਕੇ ਉਸਨੇ ਆਪਣੀ ਜਾਨ ਬਚਾਉਣ ਲਈ ਮੇਰਾ ਨੰਬਰ ਬੋਲ ਦਿੱਤਾ।

ਪਰ ਵੱਡਾ ਸਵਾਲ ਇਹ ਹੈ ਕਿ ਲਖਬੀਰ ਦੀ ਭੈਣ ਰਾਜ ਕੌਰ ਨੇ ਕਿਹਾ ਸੀ ਕਿਸੇ ਸੰਧੂ ਦਾ ਫੋਨ ਆਉਂਦਾ ਸੀ ਤੇ ਉਹ ਸੰਧੂ ਹਾਲੇ ਵੀ ਪਹੁੰਚ ਤੋਂ ਬਾਹਰ ਹੈ। ਇੱਥੇ ਦੋ ਗੱਲਾਂ ਹੋ ਸਕਦੀਆਂ ਹਨ ਕਿ ਜਾਂ ਤਾਂ ਲਖਬੀਰ ਨੇ ਡਰ ਕੇ ਜੋ ਮਨ ਵਿੱਚ ਨੰਬਰ ਯਾਦ ਸੀ, ਉਹ ਦੱਸ ਦਿੱਤਾ ਜਾਂ ਫਿਰ ਲਖਬੀਰ ਚਲਾਕ ਏਨਾ ਸੀ ਕਿ ਅਸਲੀ ਸੰਧੂ ਨੂੰ ਬਚਾਉਣ ਦੇ ਚੱਕਰ ਵਿੱਚ ਪਰਗਟ ਸਿੰਘ ਨੂੰ ਫਸਾ ਗਿਆ ਕਿਉਂਕਿ 81811 ਨੰਬਰ ਵਾਲਾ ਇਹ ਸੰਧੂ ਤਾਂ ਲਖਬੀਰ ਦੀ ਭੈਣ ਨਾਲ ਵੀ ਗੱਲ ਕਰਦਾ ਸੀ। ਜੇ ਭੈਣ ਇਸ ਸੰਧੂ ਨੂੰ ਜਾਣਦੀ ਹੈ ਤਾਂ ਲੰਬੇ ਫੋਨ ਕਿਹੜੇ ਸੰਧੂ ਦੇ ਆਉਂਦੇ ਸੀ, ਜਿਹਦੇ ਨਾਲ ਗੱਲ ਕਰਨ ਲਈ ਲਖਬੀਰ ਕਮਰਾ ਬੰਦ ਕਰ ਲੈਂਦਾ ਸੀ। ਪੁਲਿਸ ਚਾਹਵੇ ਤਾਂ ਪਤਾਲ ਚੋਂ ਬੰਦਾ ਲੱਭ ਸਕਦੀ ਹੈ, ਹੁਣ ਪੁਲਿਸ ਦੇ ਜਿੰਮੇ ਹੈ ਕਿ ਜਿਹੜਾ ਰੋਸ ਸਿੱਖਾਂ ਨੂੰ ਇਨਸਾਫ ਨਾ ਮਿਲਣ ਕਰਕੇ ਪਿਛਲੇ 6 ਸਾਲਾਂ ਤੋਂ ਬਣਿਆ ਹੋਇਆ ਹੈ, ਉਹ ਰੋਸ ਖਤਮ ਕਰਨ ਵਿੱਚ ਪੁਲਿਸ ਚ ਕਾਮਯਾਬ ਹੋਵੇਗੀ ਜਾਂ ਨਹੀਂ ਕਿਉਂਕਿ ਬੇਅਦਬੀ ਦਾ ਦੋਸ਼ੀ ਤਾਂ ਤਖਤ ਸ੍ਰੀ ਕੇਸਗੜ ਸਾਹਿਬ ਵਾਲਾ ਵੀ ਪੁਲਿਸ ਦੀ ਗ੍ਰਿਫਤ ਵਿੱਚ ਹੈ ਪਰ ਨੀਅਤ ਸਾਫ ਹੋਵੇ ਗੱਲ ਵੀ ਤਾਂ ਹੀ ਸਾਫ ਹੋ ਸਕਦੀ ਹੈ।