Punjab

ਰੈਫਰੈਂਡਮ-2020 ਸੰਬੰਧੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਕਰਨ ਦੇ ਮਾਮਲੇ ਵਿੱਚ ਸਿੱਖ ਨੌਜਵਾਨ ਗ੍ਰਿਫਤਾਰ

‘ਦ ਖ਼ਾਲਸ ਬਿਊਰੋ:- ਸਿੱਖ ਫਾਰ ਜਸਟਿਸ ਵੱਲੋਂ ਚਲਾਈ ਜਾ ਰਹੀ ਰੈਫਰੈਂਡਮ 2020 ਦੀ ਮੁਹਿੰਮ ਨੂੰ ਲੈ ਕੇ 15 ਅਗਸਤ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਕੁਝ ਨੌਜਵਾਨਾਂ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ‘ਤੇ ਅਰਦਾਸ ਕੀਤੇ ਜਾਣ ਦਾ ਦਾਅਵਾ ਕਰਦਿਆਂ ਪਾਈ ਵੀਡੀਓ ਉਪਰੰਤ ਦੋ ਸਿੱਖ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।

SFJ ਵੱਲੋਂ ਅਰਦਾਸ ਦੇ ਐੇਲਾਨ ਦੇ ਮੱਦੇਨਜ਼ਰ 15 ਅਗਸਤ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਆਲੇ-ਦੁਆਲੇ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ, ਪ੍ਰੰਤੂ ਕੁਝ ਨੌਜਵਾਨਾਂ ਨੇ ਅਰਦਾਸ ਕੀਤੇ ਜਾਣ ਦੀ ਇੱਕ ਵੀਡੀਓ ਵਾਇਰਲ ਕਰਕੇ ਦਾਅਵਾ ਕੀਤਾ ਸੀ ਕਿ ਉਨਾਂ ਨੇ ਰੈਫਰੈਂਡਮ 2020 ਨੂੰ ਲੈ ਕੇ ਤਖਤ ਸਾਹਿਬ ਉੱਪਰ ਅਰਦਾਸ ਕਰ ਦਿੱਤੀ ਹੈ। ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਕਤ ਅਰਦਾਸ 14 ਅਗਸਤ ਨੂੰ ਹੀ ਕਰ ਦਿੱਤੀ ਗਈ ਸੀ।

ਇਸ ਮਾਮਲੇ ਦੀ ਛਾਣਬੀਣ ਤੋਂ ਬਾਅਦ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਵਿੱਚ ਨਿਰਮਲਜੀਤ ਸਿੰਘ ਵਾਸੀ ਪਿੰਡ ਕੋਟਸ਼ਮੀਰ (ਬਠਿੰਡਾ) ਖਿਲਾਫ 107,108/151 ਸੀ.ਆਰ.ਪੀ.ਸੀ ਤਹਿਤ ਕਾਰਵਾਈ ਕੀਤੀ ਗਈ ਹੈ। ਥਾਣਾ ਮੁਖੀ ਮਨਿੰਦਰ ਸਿੰਘ ਨੇ ਸਿਰਫ ਇੰਨਾ ਹੀ ਕਿਹਾ ਕਿ ਨੌਜਵਾਨ ਤੋਂ ਇਸ ਮਾਮਲੇ ਵਿੱਚ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਿਕ ਗ੍ਰਿਫਤਾਰ ਕੀਤੇ ਦੂਜੇ ਨੌਜਵਾਨ ਨੂੰ ਬੇਕਸੂਰ ਦੱਸ ਕੇ ਛੱਡ ਦਿੱਤਾ ਗਿਆ।