Punjab

ਪਾਵਨ ਸਰੂਪਾਂ ਦੇ ਵਿਰੋਧ ‘ਚ ਸਿੱਖ ਬੀਬੀਆਂ ਨੇ ਅਕਾਲ ਤਖ਼ਤ ਸਕੱਤਰੇਤ ਤੱਕ ਕੱਢਿਆ ਰੋਸ ਮਾਰਚ

‘ਦ ਖ਼ਾਲਸ ਬਿਊਰੋ ( ਅੰਮ੍ਰਿਤਸਰ ) :- ਅੰਮ੍ਰਿਤਸਰ ‘ਚ ਕੱਲ੍ਹ ਕੁੱਝ ਸਿੱਖ ਬੀਬੀਆਂ ਦੇ ਇੱਕ ਜਥੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਦੋਸ਼ੀਆਂ ਖ਼ਿਲਾਫ਼ ਪੁਲੀਸ ਕਾਰਵਾਈ ਤੇ ਸਮੁੱਚੀ ਜਾਂਚ ਰਿਪੋਰਟ ਜਨਤਕ ਕਰਵਾਉਣ ਲਈ ਮੰਜੀ ਸਾਹਿਬ ਦੀਵਾਨ ਹਾਲ ਕੋਲੋਂ ਸ਼੍ਰੀ ਅਕਾਲ ਤਖ਼ਤ ਦੇ ਸਕੱਤਰੇਤ ਤੱਕ ਮਾਰਚ ਕੀਤਾ ਹੈ ਅਤੇ ਇਸ ਸਬੰਧੀ ਇੱਕ ਮੰਗ ਪੱਤਰ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪਿਆ ਹੈ।

ਇਸ ਮੌਕੇ ਬੀਬੀਆਂ ਨੇ ਆਪਣੀ ਮੰਗ ਸਬੰਧੀ ਕਾਲੇ ਰੰਗ ਦੀਆਂ ਤਖਤੀਆਂ ਤੇ ਬੈਨਰ ਚੁੱਕੇ ਹੋਏ ਸਨ। ਇਹ ਬੀਬੀਆਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਨੇੜੇ ਚੱਲ ਰਹੇ ਮੋਰਚੇ ਵਾਲੀ ਥਾਂ ’ਤੇ ਇਕੱਠੀਆਂ ਹੋਈਆਂ ਅਤੇ ਉਥੋਂ ਸ਼੍ਰੀ ਅਕਾਲ ਤਖਤ ਦੇ ਸਕੱਤਰੇਤਕ ਤੱਕ ਮਾਰਚ ਕੀਤਾ। ਸਿੱਖ ਬੀਬੀਆਂ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਹੁਣ ਤੱਕ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਦੇ ਕੁੱਝ ਪੰਨੇ ਜਨਤਕ ਕੀਤੇ ਗਏ ਹਨ, ਜਿਨ੍ਹਾਂ ਵਿੱਚ 15 ਦੋੋਸ਼ੀਆਂ ਦਾ ਜ਼ਿਕਰ ਹੈ। ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਪੁਲੀਸ ਕਾਰਵਾਈ ਹੁਣ ਤੱਕ ਨਹੀਂ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ 328 ਪਾਵਨ ਸਰੂਪ ਲਾਪਤਾ ਹਨ। ਇਨ੍ਹਾਂ ਤੋਂ ਇਲਾਵਾ 450 ਸਰੂਪਾਂ ਦੀ ਕੈਨੇਡਾ ਵਿੱਚ ਬੇਅਦਬੀ ਹੋਈ ਹੈ।

ਸਮੁੰਦਰੀ ਰਸਤੇ ਭੇਜੇ ਇਹ ਸਰੂਪ ਕਈ ਦਿਨ ਉੱਥੇ ਹੀ ਪਏ ਰਹੇ। ਉਨ੍ਹਾਂ ਮੰਗ ਕੀਤੀ ਕਿ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਇਸ ਮਾਮਲੇ ਵਿੱਚ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਕਰਾਉਣ। ਇਨ੍ਹਾਂ ਨੂੰ ਬਰਖਾਸਤ ਕੀਤਾ ਜਾਵੇ ਅਤੇ ਫੌਜਦਾਰੀ ਕੇਸ ਦਰਜ ਕਰਾਏ ਜਾਣ। ਇਸ ਤੋਂ ਇਲਾਵਾ 1100 ਪੰਨਿਆਂ ਦੀ ਜਾਂਚ ਰਿਪੋਰਟ ਨੂੰ ਜਨਤਕ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਸਬੰਧੀ ਕੋਈ ਕਾਰਵਾਈ ਨਾ ਹੋਈ ਤਾਂ ਬੀਬੀਆਂ ਵੱਲੋਂ ਸ਼੍ਰੀ ਅਕਾਲ ਤਖਤ ਦੇ ਸਕੱਤਰੇਤ ਦੇ ਬਾਹਰ ਧਰਨਾ ਦਿੱਤਾ ਜਾਵੇਗਾ।