Human Rights International Khaas Lekh Punjab Religion

ਅਮਰੀਕਾ ’ਚ ਸਿੱਖਾਂ ਵਿਰੁੱਧ ਨਫ਼ਰਤੀ ਜੁਰਮ ਥੋੜੇ ਘਟੇ, ਜਾਣੋ ਕੀ ਕਹਿੰਦੇ ਨੇ FBI ਦੇ ਤਾਜ਼ਾ ਅੰਕੜੇ

’ਦ ਖ਼ਾਲਸ ਬਿਊਰੋ: ਅਮਰੀਕਾ ਵਿੱਚ ਸਿੱਖਾਂ ਵਿਰੁੱਧ ਨਫ਼ਰਤੀ ਜੁਰਮਾਂ ’ਚ ਥੋੜੀ ਕਮੀ ਆਈ ਹੈ। ਅਮਰੀਕਾ ਵਿੱਚ ਸਿੱਖਾਂ ਦੇ ਇੱਕ ਹਿੱਤਕਾਰੀ ਸੰਗਠਨ ਨੇ ਫ਼ੈਡਰਲ ਜਾਂਚ ਏਜੰਸੀ (ਐੱਫਬੀਆਈ) ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਰੀਕਾ ’ਚ ਸਿੱਖਾਂ ਪ੍ਰਤੀ ਨਫ਼ਰਤ ਵਾਲੇ ਅਪਰਾਧਾਂ ’ਚ ਥੋੜ੍ਹੀ ਕਮੀ ਮਹਿਸੂਸ ਕੀਤੀ ਗਈ ਹੈ। ਇਸ ਰਿਪੋਰਟ ਮੁਤਾਬਕ 1991 ਤੋਂ ਬਾਅਦ ਤੋਂ ਸਾਲ 2019 ’ਚ ਸਿੱਖਾਂ ਪ੍ਰਤੀ ਨਫ਼ਤਰ ਵਾਲੇ ਅਪਰਾਧਾਂ ਦੇ ਮਾਮਲੇ ਸਭ ਤੋਂ ਘੱਟ ਰਹੇ ਹਨ।

ਸਾਊਥ ਏਸ਼ੀਅਨ ਅਮਰੀਕਨ ਲੀਡਿੰਗ ਟੂਗੈਦਰ (SAALT) ਨੇ ਐਫ਼ਬੀਆਈ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਅਮਰੀਕਾ ’ਚ ਸਿੱਖਾਂ ਵਿਰੁੱਧ ਹਿੰਸਾ ’ਚ 2019 ਦੌਰਾਨ ਥੋੜ੍ਹੀ ਕਮੀ ਦਰਜ ਕੀਤੀ ਹੈ। ਇਸ ਤੋਂ ਇੱਕ ਸਾਲ ਪਹਿਲਾਂ 2018 ’ਚ ਨਫ਼ਰਤੀ ਹਿੰਸਾ ’ਚ ਰਿਕਾਰਡ 200 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਸੀ।

2019 ਸਿੱਖਾਂ ਵਿਰੁੱਧ 176 ਨਫ਼ਰਤੀ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਜੋ ਕਿ ਮੂਲ ਰੂਪ ’ਚ ਮੁਸਲਮਾਨ ਵਿਰੋਧੀ ਭਾਵਨਾਵਾਂ ਦਾ ਨਤੀਜਾ ਸਨ। ਮੁਸਲਮਾਨਾਂ ਵਿਰੁੱਧ ਨਫ਼ਰਤੀ ਹਿੰਸਾ ਦੇ ਮਾਮਲੇ 2015 ਤੋਂ ਲਗਾਤਾਰ ਵਧ ਰਹੇ ਹਨ। ਨਵੰਬਰ 2015 ਤੋਂ SAALT ਅਤੇ ਇਸ ਦੇ ਭਾਈਵਾਲਾਂ ਨੇ ਇਸਲਾਮ ਧਰਮ ਵਿਰੋਧੀ 348 ਘਟਨਾਵਾਂ ਦਰਜ ਕੀਤੀਆਂ ਹਨ।

ਕੁੱਲ ਮਿਲਾ ਕੇ ਮੁਸਲਮਾਨਾਂ ਅਤੇ ਮੁਸਲਮਾਨ ਸਮਝੇ ਗਏ ਏਸ਼ੀਆਈ ਅਮਰੀਕੀਆਂ ਵਿਰੁੱਧ 733 ਨਫ਼ਰਤੀ ਹਿੰਸਾ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ। ਐਫ਼ਬੀਆਈ ਦੀ ਰਿਪੋਰਟ ਮੁਤਾਬਕ 2019 ’ਚ 7314 ਨਫ਼ਰਤੀ ਹਿੰਸਾ ਦੇ ਅਪਰਾਧ ਦੀਆਂ ਘਟਨਾਵਾਂ ਬਾਰੇ ਸੂਚਨਾ ਦਿੱਤੀ ਗਈ ਸੀ।

ਜਦੋਂ ਅਮਰੀਕਾ ’ਚ ਸਿੱਖਾਂ ਵਿਰੁੱਧ ਨਸਲੀ ਨਫ਼ਰਤ ਦੇ ਮਾਮਲੇ ਹੋਏ ਦੁੱਗਣੇ

ਸਾਲ 2017 ਦੇ ਮੁਕਾਬਲੇ ਅਮਰੀਕਾ ਵਿੱਚ ਨਸਲੀ ਨਫ਼ਰਤ ਨਾਲ ਭਰਪੂਰ ਜ਼ੁਰਮਾਂ ਦੀ ਕੁੱਲ ਗਿਣਤੀ ਵਿੱਚ ਭਾਵੇਂ ਥੋੜ੍ਹੀ ਕਮੀ ਆਈ ਪਰ 2019 ਦੇ FBI ਦੇ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਸਿੱਖਾਂ ਵਿਰੁੱਧ ਅਜਿਹੀ ਨਫ਼ਰਤ ਨਾਲ ਸਬੰਧਤ ਮਾਮਲਿਆਂ ਦੀ ਗਿਣਤੀ 200 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਸੀ। ਹਾਲਾਂਕਿ ਦੇਸ਼ ਦੇ ਆਗੂਆਂ ਦਾ ਕਹਿਣਾ ਸੀ ਕਿ ਗਿਣਤੀ ਵਿੱਚ ਇਹ ਵਾਧਾ ਬਹੁਤ ਨਿਗੂਣਾ ਹੈ।

ਸਾਲ 2017 ਦੌਰਾਨ ਸਮੁੱਚੇ ਅਮਰੀਕਾ ’ਚ ਸਿੱਖਾਂ ਵਿਰੁੱਧ ਨਸਲੀ ਨਫ਼ਰਤ ਦੇ ਕੁੱਲ 20 ਮਾਮਲੇ ਦਰਜ ਹੋਏ ਸਨ ਪਰ ਸਾਲ 2018 ’ਚ ਇਹ ਗਿਣਤੀ ਵਧ ਕੇ 60 ਤੱਕ ਪੁੱਜ ਗਈ ਸੀ। ਐਫ਼ਬੀਆਈ ਵਲੋਂ ਜਾਰੀ ਸਾਲ 2018 ਦੀ ਸਲਾਨਾ ਰਿਪੋਰਟ ਮੁਤਾਬਕ ਅਮਰੀਕਾ ਵਿੱਚ ਸਿੱਖ ਉਨ੍ਹਾਂ ਭਾਈਚਾਰਿਆਂ ਵਿੱਚ ਤੀਜੇ ਨੰਬਰ ‘ਤੇ ਸਨ ਜਿਨ੍ਹਾਂ ‘ਤੇ ਨਸਲੀ ਹਮਲੇ ਹੋਏ ਹਨ। ਸਭ ਤੋਂ ਵੱਧ ਯਹੂਦੀਆਂ ਤੇ ਮੁਸਲਮਾਨਾਂ ‘ਤੇ ਨਸਲੀ ਹਮਲੇ ਹੋਏ ਹਨ।

ਪਿਛਲੇ ਸਾਲ ਜਾਰੀ ਅੰਕੜਿਆਂ ਮੁਤਾਬਕ ਸਭ ਤੋਂ ਵੱਧ ਨਸਲੀ ਨਫ਼ਰਤ ਦੇ 43 ਫ਼ੀਸਦੀ ਮਾਮਲੇ ਯਹੂਦੀਆਂ ਵਿਰੁੱਧ ਦਰਜ ਹੁੰਦੇ ਹਨ; ਜਦ ਕਿ 14.6 ਫ਼ੀਸਦੀ ਮੁਸਲਮਾਨਾਂ ਵਿਰੁੱਧ ਤੇ 4.3 ਫ਼ੀਸਦੀ ਸਿੱਖਾਂ ਵਿਰੁੱਧ ਦਰਜ ਹੁੰਦੇ ਹਨ।

ਰਿਪੋਰਟ ਮੁਤਾਬਕ ਸਾਲ 2018 ਵਿੱਚ 7,120 ਨਸਲੀ ਹਮਲੇ ਦੇ ਮਾਮਲੇ ਦਰਜ ਹੋਏ ਹਨ ਜੋ ਕਿ ਸਾਲ 2017 ਦੇ ਮੁਕਾਬਲੇ ਥੋੜ੍ਹੇ ਘੱਟ ਹਨ। 2017 ਵਿਚ 7,175 ਨਸਲੀ ਹਮਲਿਆਂ ਦੇ ਮਾਮਲੇ ਦਰਜ ਕੀਤੇ ਗਏ ਸਨ।

ਧਰਮ ਦੇ ਆਧਾਰ ‘ਤੇ ਸਭ ਤੋਂ ਵੱਧ 835 ਹਮਲੇ ਯਹੂਦੀਆਂ ‘ਤੇ ਹੋਏ, 188 ਮੁਸਲਮਾਨਾਂ ‘ਤੇ ਅਤੇ 60 ਸਿੱਖਾਂ ‘ਤੇ ਕੀਤੇ ਗਏ। ਐਫ਼ਬੀਆਈ ਦੀ ਰਿਪੋਰਟ ਮੁਤਾਬਕ 91 ਨਸਲੀ ਹਮਲੇ ਹੋਰਨਾਂ ਧਰਮਾਂ ਦੇ ਖਿਲਾਫ਼ ਕੀਤੇ ਗਏ ਜਿਸ ਵਿੱਚ 12 ਹਮਲੇ ਹਿੰਦੂਆਂ ਖਿਲਾਫ਼ ਵੀ ਹੋਏ ਹਨ।

ਅਮਰੀਕਾ ’ਚ ਸਿੱਖਾਂ ਖ਼ਿਲਾਫ਼ ਰੋਸ ਕਿਉਂ?

ਅਮਰੀਕਾ ’ਚ ਦਰਅਸਲ ਸਿੱਖਾਂ ਨੂੰ ਦਸਤਾਰ ਕਾਰਨ ਪੱਛਮੀ ਏਸ਼ੀਅਨ ਭਾਵ ਮੁਸਲਿਮ ਸਮਝ ਲਿਆ ਜਾਂਦਾ ਹੈ। 11 ਸਤੰਬਰ, 2001 ਨੂੰ ਜਦੋਂ ਨਿਊ ਯਾਰਕ ਦੇ ਵਰਲਡ ਟਰੇਡ ਸੈਂਟਰ ’ਤੇ ਅੱਤਵਾਦੀ ਹਮਲਾ ਹੋਇਆ ਸੀ; ਤਦ ਬਲਬੀਰ ਸਿੰਘ ਸੋਢੀ ਦਾ ਸਿਰਫ਼ ਇਸ ਲਈ ਕਤਲ ਹੋ ਗਿਆ ਸੀ ਕਿਉਂਕਿ ਨਸਲੀ ਮਾਨਸਿਕਤਾ ਵਾਲੇ ਕਾਤਲ ਨੂੰ ਉਨ੍ਹਾਂ ਦੀ ਸ਼ਕਲ ਤੇ ਰੂਪ ਕਿਸੇ ਮੁਸਲਿਮ ਵਰਗੀ ਜਾਪੀ ਸੀ।

ਫਿਰ ਸਾਲ 2013 ਦੌਰਾਨ ਵਿਸਕੌਨਸਿਨ ਦੇ ਗੁਰਦੁਆਰਾ ਸਾਹਿਬ ’ਤੇ ਹਮਲਾ ਹੋਇਆ ਸੀ; ਜਿੱਥੇ ਛੇ ਸਿੱਖ ਸ਼ਰਧਾਲੂਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਅਮਰੀਕਾ ’ਚ ਪੰਜ ਲੱਖ ਦੇ ਲਗਭਗ ਸਿੱਖ ਵੱਸਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖਾਂ ਵਿਰੁੱਧ ਨਸਲੀ ਨਫ਼ਰਤ ਦੇ ਮਾਮਲਿਆਂ ਦੀ ਅਸਲ ਗਿਣਤੀ ਤਾਂ ਬਹੁਤ ਜ਼ਿਆਦਾ ਹੈ ਪਰ ਉਨ੍ਹਾਂ ਵਿੱਚੋਂ ਬਹੁਤੇ ਮਾਮਲੇ ਪੁਲਿਸ ਕੋਲ ਕਦੇ ਜਾਂਦੇ ਹੀ ਨਹੀਂ।

ਅਮਰੀਕੀ ਸਿੱਖ ਅਤੇ ਰਾਸ਼ਟਰਪਤੀ ਜੋ ਬਾਇਡਨ

ਹਾਲ ਹੀ ਜੋ ਬਾਇਡਨ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਚਣੇ ਗਏ ਹਨ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੀ ਟੀਮ ਵੱਲੋਂ ਮੁਲਕ ਵਿੱਚ ਰਹਿੰਦੇ ਸਿੱਖਾਂ ਤੱਕ ਪਹੁੰਚ ਬਣਾਉਣ ਲਈ ‘ਸਿੱਖ ਅਮੈਰੀਕਨਜ਼ ਫਾਰ ਬਾਇਡਨ’ ਮੁਹਿੰਮ ਚਲਾਈ ਗਈ। ਬਾਇਡਨ ਦੀ ਟੀਮ ਨੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸਕੂਲਾਂ ਵਿੱਚ ਪੜ੍ਹਦੇ ਸਿੱਖ-ਅਮਰੀਕੀਆਂ ਦੀ ਸੁਰੱਖਿਆ ਲਈ ਯੋਜਨਾ ਦਾ ਜ਼ਿਕਰ ਕੀਤਾ ਸੀ।

ਬਾਇਡਨ ਕੰਪੇਨ ਨੇ ਘੱਟਗਿਣਤੀ ਧਾਰਮਿਕ ਭਾਈਚਾਰੇ ਨੂੰ ਅਮਰੀਕਾ ਵਿੱਚ ਨਸਲੀ ਤੇ ਨਫ਼ਰਤੀ ਹਮਲਿਆਂ ਸਮੇਤ ਦਰਪੇਸ਼ ਹੋਰਨਾਂ ਨਿਵੇਕਲੀ ਚੁਣੌਤੀਆਂ ਦਾ ਨਿਬੇੜਾ ਕਰਨ ਦਾ ਸੰਕਲਪ ਦੁਹਰਾਇਆ ਹੈ।

ਬਾਇਡਨ ਕੰਪੇਨ ਨੇ ਇਕ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ, ‘ਸਿੱਖ ਅਮਰੀਕੀਆਂ ਨੂੰ ਨਸਲੀ ਹਮਲੇ ਜਿਹੀਆਂ ਘਟਨਾਵਾਂ ਦਾ ਕੌਮੀ ਔਸਤ ਨਾਲੋਂ ਦੁੱਗਣਾ ਸ਼ਿਕਾਰ ਬਣਾਇਆ ਜਾਂਦਾ ਹੈ ਤੇ ਸਾਲ 2017 ਮਗਰੋਂ ਇਨ੍ਹਾਂ ਘਟਨਾਵਾਂ ’ਚ ਵੱਡਾ ਵਾਧਾ ਹੋਇਆ ਹੈ। ਡੈਮੋਕਰੈਟਿਕ ਪਾਰਟੀ ਦੇ ਊਮੀਦਵਾਰ ਜੋ ਬਾਇਡਨ ਨੇ ਸਿੱਖ ਭਾਈਚਾਰੇ ਨੂੰ ਦਰਪੇਸ਼ ਨਸਲਵਾਦ, ਤੇ ਪੱਖਪਾਤ ਜਿਹੀਆਂ ਨਿਵੇਕਲੀਆਂ ਚੁਣੌਤੀਆਂ ਨੂੰ ਮੁਖਾਤਬ ਹੋਣ ਲਈ ਵਿਸ਼ੇਸ਼ ਯੋਜਨਾ ਤੇ ਨੀਤੀਆਂ ਬਣਾਈਆਂ ਹਨ।’

ਸਿੱਖ ਅਮਰੀਕੀ ਨੈਸ਼ਨਲ ਲੀਡਰਸ਼ਿਪ ਕੌਂਸਲ ਦੀ ਮੈਂਬਰ ਤੇ ਨਾਗਰਿਕ ਹੱਕਾਂ ਬਾਰੇ ਸੱਜੇਪੱਖੀ ਕਾਰਕੁਨ ਕਿਰਨ ਕੌਰ ਗਿੱਲ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਿੱਖਾਂ ਨਾਲ ਹੁੰਦੇ ਇਸ ਧੱਕੇ/ਪੱਖਪਾਤ ਖ਼ਿਲਾਫ਼ ਨਾ ਸਿਰਫ਼ ਅੱਖਾਂ ਮੀਟ ਰੱਖੀਆਂ ਬਲਕਿ ਇਸ ਵਰਤਾਰੇ ਨੂੰ ਹੱਲਾਸ਼ੇਰੀ ਵੀ ਦਿੱਤੀ ਜਾ ਰਹੀ ਹੈ। ਗਿੱਲ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਬਾਇਡਨ ਦੇ ਅਮਰੀਕੀ ਸਦਰ ਬਣਨ ਨਾਲ ਸਿੱਖ ਅਮਰੀਕੀ ਖ਼ੁਦ ਨੂੰ ਅਮਰੀਕਾ ਦੇ ਸਕੂਲਾਂ ਤੇ ਸੜਕਾਂ ’ਤੇ ਸੁਰੱਖਿਅਤ ਮਹਿਸੂਸ ਕਰਨਗੇ।